ਮੱਤੇਵਾਲ, 7 ਅਪ੍ਰੈਲ (ਪੰਜਾਬ ਪੋਸਟ ਬਿਊਰੋ) – ‘ਮੇਰਾ ਸੁਪਨਾ ਸੀ ਕਿ ਸਾਲ 2017 ਤੱਕ ਮੈਂ ਆਪਣੇ ਹਲਕੇ ਮਜੀਠਾ ਦੇ ਹਰੇਕ ਡੇਰੇ ‘ਤੇ 24 ਘੰਟੇ ਬਿਜਲੀ ਸਪਲਾਈ ਅਤੇ ਇੰਨਾਂ ਡੇਰਿਆਂ ਦੇ ਸਾਰੇ ਰਾਹ ਪੱਕੇ ਕਰ ਦਿਆਂ। ਅੱਜ ਇਹ ਸੁਪਨਾ ਕਰੀਬ ਇਕ ਸਾਲ ਪਹਿਲਾਂ ਸੱਚ ਸਾਬਤ ਹੋ ਗਿਆ ਹੈ।’ ਉਕਤ ਪ੍ਰਗਟਾਵਾ ਮਾਲ ਤੇ ਲੋਕ ਸੰਪਰਕ ਮੰਤਰੀ ਸ. ਬਿਕਰਮ ਸਿੰਘ ਮਜੀਠੀਆ ਨੇ ਆਪਣੇ ਹਲਕੇ ਦੇ ਪਿੰਡ ਚਾਟੀਵਿੰਡ ਲਹਿਲ ਅਤੇ ਤਰਫਾਨ ਵਿਖੇ ਵਿਕਾਸ ਕਾਰਜਾਂ ਦਾ ਨੀਂਹ ਪੱਥਰ ਰੱਖਣ ਮੌਕੇ ਪਿੰਡ ਵਾਸੀਆਂ ਨੂੰ ਸੰਬੋਧਨ ਕਰਦੇ ਕੀਤਾ। ਸ. ਮਜੀਠੀਆ ਨੇ ਕਿਹਾ ਕਿ ਹਲਕਾ ਮਜੀਠਾ, ਜੋ ਕਿ 10 ਸਾਲ ਪਹਿਲਾਂ ਵਿਕਾਸ ਪੱਖੋਂ ਪੂਰੀ ਤਰਾਂ ਅਣਗੌਲਿਆ ਹੋਇਆ ਸੀ, ਪਰ ਅੱਜ ਇਥੋਂ ਦੇ ਡੇਰਿਆਂ ਵਿਚ ਰਹਿੰਦੇ ਸਾਰੇ ਲੋਕਾਂ ਨੂੰ 24 ਘੰਟੇ ਬਿਜਲੀ ਸਪਲਾਈ ਮੁਹੱਈਆ ਕਰਵਾਈ ਜਾ ਚੁੱਕੀ ਹੈ ਅਤੇ ਇੰਨਾਂ ਡੇਰਿਆਂ ਨੂੰ ਜਾਂਦੇ ਕੱਚੇ ਰਸਤੇ, ਜਿੱਥੇ ਕਿ ਮੀਂਹ ਦੇ ਮੌਸਮ ਵਿਚ ਤਾਂ ਪਹੁੰਚਣਾ ਹੀ ਨਾ-ਮੁਮਕਿਨ ਹੁੰਦਾ ਸੀ, ਨੂੰ ਪੱਕੇ ਕਰਨ ਦਾ ਕੰਮ ਵੀ 99 ਫੀਸਦੀ ਦੇ ਕਰੀਬ ਪੂਰਾ ਹੋ ਚੁੱਕਾ ਹੈ। ਉਨਾਂ ਕਿਹਾ ਕਿ ਬਾਕੀ ਰਹਿੰਦੇ ਕੇਵਲ ਇਕ ਫੀਸਦੀ ਰਸਤਿਆਂ ਦੇ ਪੈਸੇ ਵੀ ਲੋਕ ਨਿਰਮਾਣ ਵਿਭਾਗ ਨੂੰ ਜਾਰੀ ਕਰ ਦਿੱਤੇ ਗਏ ਹਨ ਅਤੇ ਅਗਲੇ ਡੇਢ ਕੁ ਮਹੀਨੇ ਤੱਕ ਹਲਕੇ ਦੇ ਸਾਰੇ ਡੇਰਿਆਂ ਨੂੰ ਜਾਂਦੇ ਰਸਤੇ ਪੱਕੇ ਹੋ ਜਾਣਗੇ।
ਉਨਾਂ ਕਿਹਾ ਕਿ ਹਲਕੇ ਦੇ ਪਿੰਡਾਂ ਦੀਆਂ ਗਲੀਆਂ, ਜੋ ਕਿ ਪਹਿਲਾਂ ਇਟਾਂ ਦੀ ਹੋਣ ਕਾਰਨ ਸਫਾਈ ਅਤੇ ਬਜ਼ੁਰਗਾਂ ਲਈ ਤੁਰਨਾ ਔਖਾ ਹੁੰਦਾ ਸੀ, ਵੀ ਕੰਕਰੀਟ ਦੀਆਂ ਬਣਾਈਆਂ ਜਾ ਰਿਹਾ ਹੈ। ਉਨਾਂ ਕਿਹਾ ਕਿ ਹਲਕੇ ਦੇ ਪਿੰਡਾਂ ਵਿਚ ਬਿਜਲੀ ਸਪਲਾਈ 24 ਘੰਟੇ ਦੇਣ ਲਈ ਨਵੇਂ ਬਿਜਲੀ ਘਰਾਂ ਦਾ ਨਿਰਮਾਣ ਕਰਵਾਇਆ ਗਿਆ ਹੈ ਅਤੇ ਪੁਰਾਣੇ ਗਰਿੱਡਾਂ ਨੂੰ ਅਪਗਰੇਡ ਕੀਤਾ ਜਾ ਚੁੱਕਾ ਹੈ। ਇਸ
ਤੋਂ ਇਲਾਵਾ ਹਲਕੇ ਦੀਆਂ ਮੁੱਖ ਸੜਕਾਂ ਨੂੰ 18 ਫੁੱਟ ਚੌੜਾ ਕੀਤਾ ਜਾ ਚੁੱਕਾ ਹੈ। ਉਨਾਂ ਨੇ ਅੱਜ ਤਰਫਾਨ ਪਿੰਡ ਨੂੰ 10 ਲੱਖ ਅਤੇ ਚਾਟੀਵਿੰਡ ਲਹਿਲ ਨੂੰ 55 ਲੱਖ ਰੁਪਏ ਦੀ ਗਰਾਂਟ ਵੱਖ-ਵੱਖ ਵਿਕਾਸ ਕੰਮਾਂ ਲਈ ਜਾਰੀ ਕੀਤੀ ਅਤੇ ਭਰੋਸਾ ਦਿੱਤਾ ਕਿ ਇਸ ਰਕਮ ਦੇ ਖਰਚ ਤੋਂ ਬਾਅਦ ਵੀ ਜੇਕਰ ਕੋਈ ਕੰਮ ਬਾਕੀ ਰਹਿ ਜਾਂਦੇ ਹਨ, ਤਾਂ ਉਹ ਉਨਾਂ ਲਈ ਹੋਰ ਪੈਸੇ ਵੀ ਜਾਰੀ ਕਰ ਦੇਣਗੇ। ਇਸ ਤੋਂ ਪਹਿਲਾਂ ਸ. ਮਜੀਠੀਆ ਨੇ ਪਿੰਡ ਟਾਹਲੀ ਸਾਹਿਬ ਨੂੰ ਵਿਕਾਸ ਕਾਰਜਾਂ ਲਈ 56 ਲੱਖ ਰੁਪਏ ਦੀ ਗਰਾਂਟ ਦਿੱਤੀ ਅਤੇ ਵਿਕਾਸ ਕੰਮਾਂ ਦੇ ਨੀਂਹ ਪੱਥਰ ਰੱਖੇ। ਅੱਜ ਇਸ ਮੌਕੇ ਉਨਾਂ ਨਾਲ ਮੇਜਰ ਸ਼ਿਵੀ, ਤਲਬੀਰ ਸਿੰਘ ਗਿੱਲ, ਪ੍ਰੋ. ਸਰਚਾਂਦ ਸਿੰਘ, ਸੁਖਵਿੰਦਰ ਸਿੰਘ ਗੋਲਡੀ, ਸਰਪੰਚ ਬਲਦੇਵ ਸਿੰਘ ਲਹਿਲ, ਕਸ਼ਮੀਰ ਸਿੰਘ ਸਾਬਕਾ ਸਰਪੰਚ, ਹਰਜੀਤ ਸਿੰਘ, ਸਰਪੰਚ ਪ੍ਰੇਮ ਸਿੰਘ ਤਰਫਾਨ, ਅਵਤਾਰ ਸਿੰਘ ਆਦਿ ਵੀ ਹਾਜ਼ਰ ਸਨ।
Check Also
ਨਗਰ ਨਿਗਮ ਵੱਲੋਂ ਝਬਾਲ ਰੋਡ ’ਤੇ ਨਾਜਾਇਜ਼ ਕਲੋਨੀ ਖਿਲਾਫ਼ ਡੇਮੋਲੀਸ਼ਨ ਕਾਰਵਾਈ
ਅੰਮ੍ਰਿਤਸਰ, 18 ਸਤੰਬਰ (ਜਗਦੀਪ ਸਿੰਘ) – ਸ਼ਹਿਰ ਵਿੱਚ ਨਾਜਾਇਜ਼ ਉਸਾਰੀ ਅਤੇ ਗੈਰ-ਅਧਿਕਾਰਤ ਕਲੋਨੀਆਂ ਖਿਲਾਫ਼ ਚਲਾਈ …
Punjab Post Daily Online Newspaper & Print Media