ਫਾਜ਼ਿਲਕਾ 7 ਅਪ੍ਰੈਲ (ਵਨੀਤ ਅਰੋੜਾ) – ਸਰਕਾਰ ਵੱਲੋਂ ਜ਼ਿਲ੍ਹਾ ਫਾਜ਼ਿਲਕਾ ਨੂੰ ਖੁੱਲੇ ਵਿਚ ਸੌਚ ਤੋਂ ਮੁਕਤ ਕਰਨ ਲਈ ਪੜਾਅ ਵਾਰ ਸਵੱਛ ਭਾਰਤ ਅਭਿਆਨ ਤਹਿਤ ਪਿੰਡਾਂ ਵਿਚ ਉਨ੍ਹਾਂ ਲੋਕਾਂ ਦੇ ਘਰਾਂ ਵਿਚ ਪਖਾਨੇ ਬਣਵਾਏ ਜਾ ਰਹੇ ਹਨ ਜਿੰਨ੍ਹਾਂ ਵਿਚ ਪਹਿਲਾਂ ਤੋਂ ਇਹ ਸਹੁਲਤ ਨਹੀਂ ਹੈ। ਇਸ ਤਹਿਤ ਜ਼ਿਲ੍ਹੇ ਵਿਚ ਪਹਿਲੇ ਦੋ ਪੜਾਵਾਂ ਵਿਚ 110 ਪਿੰਡਾਂ ਵਿਚ ਕੰਮ ਚੱਲ ਰਿਹਾ ਹੈ ਅਤੇ ਇਨ੍ਹਾਂ ਪਿੰਡਾਂ ਵਿਚ 17732 ਪਖਾਨੇ ਬਣਾਉਣ ਲਈ 26 ਕਰੋੜ 59 ਲੱਖ 80 ਹਜਾਰ ਰੁਪਏ ਖਰਚ ਕੀਤੇ ਜਾ ਰਹੇ ਹਨ। ਇੰਨ੍ਹਾਂ ਵਿਚੋਂ 3675 ਪਖਾਨੇ ਕੇਵਲ ਫਾਜਿਲਕਾ ਵਿਧਾਨ ਸਭਾ ਹਲਕੇ ਦੇ 24 ਪਿੰਡਾਂ ਵਿਚ ਬਣਾਏ ਜਾ ਰਹੇ ਹਨ। ਇਹ ਜਾਣਕਾਰੀ ਪੰਜਾਬ ਦੇ ਸਿਹਤ ਅਤੇ ਪਰਿਵਾਰ ਭਲਾਈ ਮੰਤਰੀ ਚੌਧਰੀ ਸੁਰਜੀਤ ਕੁਮਾਰ ਜਿਆਣੀ ਨੇ ਅੱਜ ਇੱਥੇ ਫਾਜ਼ਿਲਕਾ ਵਿਧਾਨ ਸਭਾ ਹਲਕੇ ਦੇ ਪਿੰਡਾਂ ਦੇ ਸਰਪੰਚਾਂ ਨਾਲ ਇਸ ਅਭਿਆਨ ਨੂੰ ਸਫਲਤਾ ਨਾਲ ਲਾਗੂ ਕਰਨ ਲਈ ਬੁਲਾਈ ਬੈਠਕ ਦੀ ਪ੍ਰਧਾਨਗੀ ਕਰਦਿਆਂ ਦਿੱਤੀ। ਬੈਠਕ ਵਿਚ ਵਧੀਕ ਡਿਪਟੀ ਕਮਿਸ਼ਨਰ ਸ: ਚਰਨਦੇਵ ਸਿੰਘ ਮਾਨ, ਸ੍ਰੀ ਰਾਕੇਸ਼ ਸਹਿਗਲ, ਸ੍ਰੀ ਬਲਜੀਤ ਸਹੋਤਾ, ਸ੍ਰੀ ਕਰਮਜੀਤ ਸਿੰਘ ਬਾਂਡੀਵਾਲਾ ਆਦਿ ਵੀ ਹਾਜਰ ਸਨ।
ਸਿਹਤ ਅਤੇ ਪਰਿਵਾਰ ਭਲਾਈ ਮੰਤਰੀ ਚੌਧਰੀ ਸੁਰਜੀਤ ਕੁਮਾਰ ਜਿਆਣੀ ਨੇ ਸਰਪੰਚਾਂ ਨੂੰ ਕਿਹਾ ਕਿ ਇਸ ਅਭਿਆਨ ਤਹਿਤ ਛੇਤੀ ਤੋਂ ਛੇਤੀ ਪ੍ਰੋਜੈਕਟ ਮੁਕੰਮਲ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਇਸ ਯੋਜਨਾ ਤਹਿਤ ਜ਼ਿਲ੍ਹੇ ਦੇ ਬਾਕੀ ਪਿੰਡਾਂ ਨੂੰ ਵੀ ਸ਼ਾਮਿਲ ਕੀਤਾ ਜਾਣਾ ਹੈ। ਇਸ ਯੋਜਨਾ ਤਹਿਤ ਲਾਭਪਾਤਰੀ ਨੂੰ ਪਖਾਨਾ ਬਣਾਉਣ ਲਈ 7500-7500 ਰੁਪਏ ਦੀਆਂ ਦੋ ਕਿਸਤਾਂ ਵਿਚ ਕੁੱਲ 15000/- ਰੁਪਏ ਦੀ ਸਹਾਇਤਾ ਸਰਕਾਰ ਵੱਲੋਂ ਉਪਲਬੱਧ ਕਰਵਾਈ ਜਾ ਰਹੀ ਹੈ। ਉਨ੍ਹਾਂ ਲਾਭਪਾਤਰੀਆਂ ਨੂੰ ਵੀ ਅਪੀਲ ਕੀਤੀ ਕਿ ਉਹ ਇਸ ਅਭਿਆਨ ਵਿਚ ਨਿੱਜੀ ਦਿਲਚਸਪੀ ਲੈ ਕੇ ਪਖਾਨਿਆਂ ਦਾ ਨਿਰਮਾਣ ਮੁਕੰਮਲ ਕਰਨ ਤਾਂ ਜੋ ਛੇਤੀ ਤੋਂ ਛੇਤੀ ਜ਼ਿਲ੍ਹਾ ਫਾਜ਼ਿਲਕਾ ਨੂੰ ਖੁੱਲੇ ਵਿਚ ਸੌਚ ਤੋਂ ਪੂਰੀ ਤਰਾਂ ਨਾਲ ਮੁਕਤ ਕੀਤਾ ਜਾ ਸਕੇ। ਉਨ੍ਹਾਂ ਕਿਹਾ ਕਿ ਖੁੱਲੇ ਵਿਚ ਸੌਚ ਜਾਣ ਨਾਲ ਜਿੱਥੇ ਅਨੇਕਾਂ ਬਿਮਾਰੀਆਂ ਫੈਲਣ ਦਾ ਡਰ ਰਹਿੰਦਾ ਹੈ ਉੱਥੇ ਹੀ ਇਸ ਦੇ ਸਮਾਜਿਕ ਤੌਰ ਤੇ ਵੀ ਬੂਰੇ ਪ੍ਰਭਾਵ ਹਨ। ਇਸ ਯੋਜਨਾ ਤਹਿਤ ਜ਼ਿਲ੍ਹਾ ਫਾਜ਼ਿਲਕਾ ਵਿਚ ਪਹਿਲੇ ਪੜਾਅ ਦੇ ਲਾਭਪਾਤਰੀਆਂ ਨੂੰ 2,02,95,000 ਰੁਪਏ ਅਤੇ ਦੂਜੇ ਪੜਾਅ ਦੇ ਲਾਭਪਾਤਰੀਆਂ ਨੂੰ 54,15,000 ਰੁਪਏ ਦੀ ਅਦਾਇਗੀ ਉਨ੍ਹਾਂ ਦੇ ਬੈਂਕ ਖਾਤਿਆਂ ਵਿਚ ਕੀਤੀ ਵੀ ਜਾ ਚੁੱਕੀ ਹੈ। ਇਸ ਮੌਕੇ ਸਰਪੰਚਾਂ ਨੂੰ ਵਿਭਾਗ ਵੱਲੋਂ ਵਿਸਥਾਰ ਸਹਿਤ ਜਾਣਕਾਰੀ ਦਿੱਤੀ ਗਈ ਕਿ ਇਸ ਪ੍ਰੋਜੈਕਟ ਨੂੰ ਕਿਸ ਤਰਾਂ ਨਾਲ ਲਾਗੂੁ ਕਰਨਾ ਹੈ।
ਇਸੇ ਤਰਾਂ ਸਿਹਤ ਮੰਤਰੀ ਨੇ ਮਹਾਤਮਾ ਗਾਂਧੀ ਦਿਹਾਤੀ ਰੁਜਗਾਰ ਗਾਰੰਟੀ ਸਕੀਮ ਦੀ ਗੱਲ ਕਰਦਿਆਂ ਕਿਹਾ ਕਿ ਪਿੱਛਲੇ ਹਫ਼ਤੇ ਦੌਰਾਨ ਮਗਨਰੇਗਾ ਕਰਮੀਆਂ ਨੂੰ 1.40 ਕਰੋੜ ਰੁਪਏ ਦੀ ਅਦਾਇਗੀ ਕੀਤੀ ਗਈ ਹੈ ਅਤੇ ਬਕਾਇਆ ਰਕਮ ਦੀ ਅਦਾਇਗੀ ਵੀ ਬਹੁਤ ਜਲਦ ਕਰ ਦਿੱਤੀ ਜਾਵੇਗੀ। ਇਸੇ ਤਰਾਂ ਇਸ ਯੋਜਨਾ ਤਹਿਤ ਜ਼ਿਲ੍ਹਾ ਫਾਜ਼ਿਲਕਾ ਵੱਲੋਂ ਚਾਲੁੂ 2016-17 ਦੇ ਵਿੱਤੀ ਸਾਲ ਲਈ ਜ਼ਿਲ੍ਹੇ ਵਿਚ 156 ਕਰੋੜ ਰੁਪਏ ਖਰਚ ਕਰਨ ਦਾ ਟੀਚਾ ਮਿਥਿਆ ਗਿਆ ਹੈ।ਸਿਹਤ ਮੰਤਰੀ ਨੇ ਪੰਜਾਬ ਸਰਕਾਰ ਦੀ ਪੈਨਸ਼ਨ ਸਕੀਮ ਦੀ ਗੱਲ ਕਰਦਿਆਂ ਕਿਹਾ ਕਿ ਲਾਭਪਾਤਰੀਆਂ ਦੀ ਸਹੁਲਤ ਲਈ ਸਰਕਾਰ ਨੇ ਫੈਸਲਾ ਕੀਤਾ ਹੈ ਕਿ ਪਿੰਡਾਂ ਵਿਚ ਹੁਣ ਪੈਨਸ਼ਨ ਪੰਚਾਇਤਾਂ ਰਾਹੀਂ ਵੰਡੀਆਂ ਜਾਣਗੀਆਂ।
Check Also
ਸੂਬਾ ਸਰਕਾਰ ਵੱਲੋਂ 6000 ਖੇਡ ਸੇਟਡੀਅਮ ਹੋਰ ਬਣਾਏ ਜਾਣਗੇ – ਖ਼ਜ਼ਾਨਾ ਮੰਤਰੀ ਚੀਮਾ
ਅੰਮ੍ਰਿਤਸਰ, 12 ਅਪ੍ਰੈਲ (ਸੁਖਬੀਰ ਸਿੰਘ) – ਪੰਜਾਬ ਦੇ ਖ਼ਜ਼ਾਨਾ ਮੰਤਰੀ ਹਰਪਾਲ ਸਿੰਘ ਚੀਮਾ ਨੇ ਐਲਾਨ …
Punjab Post Daily Online Newspaper & Print Media