Monday, July 8, 2024

ਸਿਹਤ ਮੰਤਰੀ ਨੇ ਫਾਜ਼ਿਲਕਾ ਵਿਖੇ ਲੱਗੇ ਬਲੱਡ ਸ਼ੂਗਰ ਚੈਕਅਪ ਕੈਂਪ ਦਾ ਲਿਆ ਜਾਇਜ਼ਾ

PPN0704201627ਫਾਜ਼ਿਲਕਾ, 7 ਅਪ੍ਰੈਲ (ਵਨੀਤ ਅਰੋੜਾ) – ਸਿਹਤ ਤੇ ਪਰਿਵਾਰ ਭਲਾਈ ਵਿਭਾਗ ਪੰਜਾਬ ਵੱਲੋਂ ਵਿਸ਼ਵ ਸਿਹਤ ਦਿਵਸ 7 ਅਪ੍ਰੈਲ 2016 ਦੇ ਮੌਕੇ ਤੇ ਬੀਤੇ ਕੱਲ ਅਤੇ ਅੱਜ ਦੋੋ ਦਿਨਾਂ ਬਲੱਡ ਸ਼ੂਗਰ ਚੈਕਅਪ ਕੈਂਪ ਸੂਬੇ ਭਰ ਦੇ ਸਰਕਾਰੀ ਹਸਪਤਾਲਾਂ ਵਿਚ ਲਗਾਏ ਗਏ ਹਨ। ਅੱਜ ਸਿਹਤ ਅਤੇ ਪਰਿਵਾਰ ਭਲਾਈ ਮੰਤਰੀ ਪੰਜਾਬ ਚੌਧਰੀ ਸੁਰਜੀਤ ਕੁਮਾਰ ਜਿਆਣੀ ਨੇ ਇੱਥੇ ਸਿਵਲ ਹਸਪਤਾਲ ਵਿਚ ਲੱਗੇ ਅਜਿਹੇ ਹੀ ਬਲੱਡ ਸ਼ੂਗਰ ਚੈਕਅਪ ਕੈਂਪ ਵਿਚ ਪੁੱਜ ਕੇ ਇਸ ਦੀ ਸ਼ੁਰੂਆਤ ਕੀਤੀ ਅਤੇ ਲੋਕਾਂ ਨਾਲ ਸਰਕਾਰ ਵੱਲੋਂ ਚਲਾਈਆਂ ਜਾ ਰਹੀਆਂ ਸਿਹਤ ਸਕੀਮਾਂ ਬਾਰੇ ਗੱਲਬਾਤ ਕੀਤੀ ਅਤੇ ਲੋਕਾਂ ਨੂੰ ਇਲਾਜ ਨਾਲੋਂ ਪ੍ਰਹੇਜ ਨੂੰ ਤਰਜੀਹ ਦੇਣ ਦਾ ਸੱਦਾ ਦਿੰਦਿਆਂ ਕਿਹਾ ਕਿ ਪ੍ਰਹੇਜ ਰਾਹੀਂ ਹੀ ਮਨੁੱਖ ਬਹੁਤ ਸਾਰੀਆਂ ਬਿਮਾਰੀਆਂ ਤੋਂ ਬੱਚ ਸਕਦਾ ਹੈ।
ਇਸ ਮੌਕੇ ਜਾਣਕਾਰੀ ਦਿੰਦਿਆਂ ਸਿਹਤ ਅਤੇ ਪਰਿਵਾਰ ਭਲਾਈ ਮੰਤਰੀ ਚੌਧਰੀ ਸੁਰਜੀਤ ਕੁਮਾਰ ਜਿਆਣੀ ਨੇ ਦੱਸਿਆ ਕਿ ਇਸ ਮੁਹਿੰਮ ਤਹਿਤ ਕੇਵਲ ਬੀਤੇ ਕੱਲ ਹੀ ਇਕ ਦਿਨ ਵਿਚ ਪੰਜਾਬ ਭਰ ਵਿਚ 12117 ਲੋਕਾਂ ਦੀ ਬਲੱਡ ਸ਼ੂਗਰ ਦੀ ਜਾਂਚ ਕੀਤੀ ਗਈ। ਇਨ੍ਹਾਂ ਵਿੱਚੋਂ 1904 ਕੇਸ ਰੈਫਰ ਕੀਤੇ ਗਏ। ਉਨ੍ਹਾਂ ਦੱਸਿਆ ਕਿ ਵਿਸ਼ਵ ਸਿਹਤ ਸੰਸਥਾ ਵੱਲੋੋਂ ਹਰ ਸਾਲ 7 ਅਪ੍ਰੈਲ ਨੂੰ ਵਿਸ਼ਵ ਸਿਹਤ ਦਿਵਸ ਮਨਾਇਆ ਜਾਂਦਾ ਹੈ। ਇਸ ਦੇ ਲਈ ਹਰ ਸਾਲ ਇੱਕ ਥੀਮ ਦਿੱਤਾ ਜਾਂਦਾ ਹੈ ਅਤੇ ਇੱਕ ਬਿਮਾਰੀ ਤੇ ਕੇਂਦਰਿਤ ਕੀਤਾ ਜਾਂਦਾ ਹੈ। ਇਸ ਵਾਰ ਦਾ ਥੀਮ “ਵੱਧ ਰਹੀ ਬਲੱਡ ਸ਼ੂਗਰ ਨੂੰ ਰੋਕੋ” ਹੈ। ਇਸ ਸਬੰਧੀ ਪੰਜਾਬ ਨੇ ਪਹਿਲਕਦਮੀ ਕਰਦੇ ਹੋਏ ਦੋ ਦਿਨ ਬਲੱਡ ਸ਼ੂਗਰ ਟੈਸਟ ਕਰਨ ਦਾ ਫੈਸਲਾ ਕੀਤਾ ਗਿਆ। ਇਹ ਕੈਂਪ ਪੰਜਾਬ ਭਰ ਦੇ ਸਾਰੇ ਜ਼ਿਲ੍ਹਾ ਤੇ ਸਬ ਡਿਵੀਜ਼ਨਲ ਹਸਪਤਾਲਾਂ ਵਿੱਚ ਬਲੱਡ ਸ਼ੂਗਰ ਦੇ ਟੈਸਟ ਦੇ ਕੈਂਪ ਲਗਾਏ ਗਏ ਹਨ। ਇਸ ਦੌਰਾਨ ਮੈਡੀਕਲ ਸਪੈਸ਼ਲਿਸਟਾਂ ਵੱਲੋਂ ਸ਼ੂਗਰ ਦੇ ਮਰੀਜਾਂ ਲਈ ਮੁਫ਼ਤ ਸਲਾਹ ਅਤੇ ਲੋੜ ਪੈਣ ਤੇ ਸ਼ੂਗਰ ਦੀਆਂ ਦਵਾਈਆਂ ਵੀ ਮੁਫ਼ਤ ਦਿੱਤੀਆਂ ਜਾ ਰਹੀਆਂ ਹਨ।
ਇਸ ਮੌਕੇ ਸਿਹਤ ਅਤੇ ਪਰਿਵਾਰ ਭਲਾਈ ਮੰਤਰੀ ਨੇ ਕਿਹਾ ਕਿ ਸੂਗਰ ਬੇਸੱਕ ਛੂਤ ਦੀ ਬਿਮਾਰੀ ਨਹੀਂ ਹੈ ਪਰ ਸਾਡੀਆਂ ਖਾਣ ਪੀਣ ਦੀ ਆਦਤਾਂ ਅਤੇ ਜੀਵਨ ਸ਼ੈਲੀ ਕਾਰਨ ਇਹ ਤੇਜੀ ਨਾਲ ਪ੍ਰਸਾਰ ਕਰ ਰਹੀ ਹੈ। ਇਸ ਦਾ ਮੁੱਖ ਕਾਰਨ ਮੋਟਾਪਾ, ਫਾਸਟ ਫੂਡ ਆਦਿ ਖਾਣਾ ਅਤੇ ਸੈਰ ਅਤੇ ਸਰੀਰਕ ਕੰਮ ਨਾ ਕਰਨਾ ਹੈ। ਉਨ੍ਹਾਂ ਕਿਹਾ ਕਿ ਇੰਨ੍ਹਾਂ ਚੀਜਾਂ ਤੋਂ ਪ੍ਰਹੇਜ ਕਰਦੇ ਹੋਏ ਸਾਦੇ ਖਾਣ ਪਾਣ, ਕਸਰਤ ਅਤੇ ਸੈਰ ਕਰਕੇ ਇਸਤੋਂ ਬੱਚਿਆਂ ਜਾ ਸਕਦਾ ਹੈ। ਸ਼ੂਗਰ ਦੀ ਬਿਮਾਰੀ ਦੀਆਂ ਨਿਸ਼ਾਨੀਆਂ ਜਿਵੇਂ ਮਰੀਜ ਨੂੰ ਵਾਰ-ਵਾਰ ਪਿਸ਼ਾਬ ਆਉਣਾ, ਵਾਰ-ਵਾਰ ਪਿਆਸ ਲੱਗਣੀ, ਜਲਦੀ ਥਕਾਵਟ ਹੋਣਾ ਅਤੇ ਕਮਜ਼ੋਰੀ ਮਹਿਸੂਸ ਕਰਨਾ, ਬਗੈਰ ਕਾਰਨ ਭਾਰ ਘੱਟ ਜਾਣਾ, ਜਖ਼ਮ ਦਾ ਦੇਰੀ ਨਾਲ ਠੀਕ ਹੋਣਾ, ਬਹੁਤ ਜ਼ਿਆਦਾ ਭੁੱਖ ਲੱਗਣਾ, ਹੱਥਾਂ ਪੈਰਾਂ ਦਾ ਸੁੰਨ ਹੋਣਾ ਅਤੇ ਚਮੜੀ ਵਿੱਚ ਵਾਰ-ਵਾਰ ਲਾਗ ਲੱਗਣਾ ਆਦਿ ਹਨ। ਉਨ੍ਹਾਂ ਕਿਹਾ ਕਿ ਜੇਕਰ ਕਿਸੇ ਵਿਅਕਤੀ ਨੂੰ ਸਰੀਰ ਵਿੱਚ ਉਪਰੋਕਤ ਨਿਸ਼ਾਨੀਆਂ ਦਿਖਾਈ ਦੇਣ ਤਾਂ ਤੁਰੰਤ ਨੇੜੇ ਦੇ ਸਰਕਾਰੀ ਹਸਪਤਾਲ ਵਿੱਚ ਜਾ ਕੇ ਆਪਣਾ ਲੈਬਾਰਟਰੀ ਟੈਸਟ ਅਤੇ ਇਲਾਜ ਕਰਵਾਉਣ।ਇਸ ਮੌਕੇ ਹੋਰਨਾਂ ਤੋਂ ਇਲਾਵਾ ਸ੍ਰੀ ਬਲਜੀਤ ਸਹੋਤਾ, ਸਿਵਲ ਸਰਜਨ ਡਾ: ਜਗਪਾਲ ਸਿੰਘ ਬਾਸੀ, ਡਾ: ਹੰਸ ਰਾਜ, ਡਾ: ਪ੍ਰਣਾਮੀ, ਡਾ: ਦਵਿੰਦਰ ਭੁੱਕਲ, ਡਾ: ਮੋਹਿਤ, ਸ੍ਰੀ ਅਨਿਲ ਧਾਮੂ ਆਦਿ ਸਮੇਤ ਪਤਵੰਤੇ ਹਾਜਰ ਸਨ।

Check Also

ਤੁੰਗ ਢਾਬ ਡਰੇਨ ਦੀ ਚੱਲ ਰਹੀ ਸਫਾਈ ਕਾਰਜ਼ਾਂ ਦਾ ਕੈਬਨਿਟ ਮੰਤਰੀ ਧਾਲੀਵਾਲ ਨੇ ਲਿਆ ਜਾਇਜ਼ਾ

ਅੰਮ੍ਰਿਤਸਰ, 7 ਜੁਲਾਈ (ਸੁਖਬੀਰ ਸਿੰਘ) – ਪੰਜਾਬ ਦੇ ਕੈਬਨਿਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਵੇਰਕਾ …

Leave a Reply