”ਪੰਥ ਬਚਾਓ ਪੰਜਾਬ ਬਚਾਓ” ਮਾਰਚ ਮਈ ਵਿੱਚ
ਬਠਿੰਡਾ, 14 ਅਪ੍ਰੈਲ (ਜਸਵਿੰਦਰ ਸਿੰਘ ਜੱਸੀ, ਅਵਤਾਰ ਸਿੰਘ ਕੈਂਥ)- ਵਿਸਾਖੀ ਦੇ ਪਵਿੱਤਰ ਦਿਹਾੜੇ ਮੌਕੇ ਚੱਬਾ ਦੀ ਧਰਤੀ ਵਿਖੇ ਸਰਬੱਤ ਖਾਲਸਾ ਬੁਲਾਉਣ ਵਾਲੀਆਂ ਸਮੂਹ ਪੰਥਕ ਜਥੇਬੰਦੀਆਂ ਵੱਲੋਂ ਤਖਤ ਸ਼੍ਰੀ ਦਮਦਮਾ ਸਾਹਿਬ ਵਿਖੇ ਪੰਥਕ ਕਾਨਫਰੰਸ ਕੀਤੀ ਗਈ ਜਿਸ ਵਿੱਚ 10 ਨਵੰਬਰ 2016 ਨੂੰ ਤਖਤ ਸ਼੍ਰੀ ਦਮਦਮਾ ਸਾਹਿਬ ਵਿਖੇ ਹੀ ਦੂਸਰਾ ਸਰਬੱਤ ਖਾਲਸਾ ਬੁਲਾਉਣ ਦਾ ਐਲਾਨ ਕੀਤਾ ਅਤੇ ਕੇਂਦਰ ਸਰਕਾਰ ਤੋਂ ਤੁਰੰਤ ਸ਼੍ਰੋਮਣੀ ਕਮੇਟੀ ਦੀਆਂ ਚੋਣਾਂ ਕਰਵਾਉਣ ਦੀ ਵੀ ਮੰਗ ਕੀਤੀ।ਪਾਸ ਕੀਤੇ ਗਏ ਮਤਿਆਂ ਵਿੱਚ ਇਹ ਵੀ ਐਲਾਨ ਕੀਤਾ ਕਿ ਮਈ ਮਹੀਨੇ ਵਿੱਚ ਸ਼੍ਰੀ ਅਕਾਲ ਤਖਤ ਸਾਹਿਬ ਤੋਂ ਤਖਤ ਸ਼੍ਰੀ ਦਮਦਮਾ ਸਾਹਿਬ ਤੱਕ ”ਪੰਥ ਬਚਾਓ ਪੰਜਾਬ ਬਚਾਓ” ਮਾਰਚ ਕੱਢਿਆ ਜਾਵੇਗਾ ।ਜਿਸ ਦੀ ਸਮਾਪਤੀ ਸ਼੍ਰੀ ਅਨੰਦਪੁਰ ਸਾਹਿਬ ਵਿਖੇ ਕੀਤੀ ਜਾਵੇਗੀ ਤਾਂ ਜੋ ਸਿੱਖ ਸੰਗਤਾਂ ਨੂੰ ਸਰਬੱਤ ਖਾਲਸਾ ਲਈ ਲਾਮਬੰਦ ਕੀਤਾ ਜਾ ਸਕੇ। ਅੰਮ੍ਰਿਤ ਵੇਲੇ ਬਾਬਾ ਬਲਜੀਤ ਸਿੰਘ ਦਾਦੂਵਾਲ ਨੇ ਆਪਣੇ ਪਰਿਵਾਰ ਸਮੇਤ ਤਖ਼ਤ ਸ੍ਰੀ ਦਮਦਮਾ ਸਾਹਿਬ ਮੱਥਾ ਟੇਕਿਆ, ਜਿਸ ਬਾਰੇ ਆਮ ਸੰਗਤ ਵਿਚ ਚਰਚਾ ਸੀ ਕਿ ਬਾਬਾ ਦਾਦੂਵਾਲ ਤਖ਼ਤ ‘ਤੇ ਮੱਥਾ ਟੇਕਣ ਨਹੀ ਜਾਣਗੇ। ਜਥੇਦਾਰ ਬਲਜੀਤ ਸਿੰਘ ਦਾਦੂਵਾਲ ਨੇ ਇੱਕਠ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਸਿੱਖ ਕੌਮ ਦਾ ਸਭ ਤੋਂ ਵੱਡਾ ਦੁਸ਼ਮਣ ਬਾਦਲ ਪਰਿਵਾਰ ਹੈ ਜਿਨ੍ਹਾਂ ਨੇ ਸਿਆਸੀ ਲੋਭ ਲਾਲਚ ਅਤੇ ਕੁਰਸੀ ਦੇ ਮੋਹ ਲਈ ਕੌਮ ਦਾ ਸਭ ਤੋਂ ਵੱਧ ਨੁਕਸਾਨ ਕੀਤਾ। ਉਨ੍ਹਾਂ ਕਿਹਾ ਕਿ ਇਸ ਦੂਸਰੇ ਸਰਬੱਤ ਖਾਲਸਾ ਲਈ ਹਰ ਪੰਥ ਦਰਦੀ, ਜਥੇਬੰਦੀ, ਧਾਰਮਿਕ ਸਖਸ਼ੀਅਤਾਂ, ਬੁੱਧੀ ਜੀਵੀਆਂ ਨੂੰ ਸੰਪਰਕ ਕਰਕੇ ਪੂਰਨ ਸਹਿਯੋਗ ਲਿਆ ਜਾਵੇਗਾ।
ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਪ੍ਰਧਾਨ ਸਿਮਰਨਜੀਤ ਸਿੰਘ ਮਾਨ ਨੇ ਕਿਹਾ ਕਿ ਸ਼੍ਰੀ ਅਕਾਲ ਤਖਤ ਸਾਹਿਬ ਦੀ ਪ੍ਰਭੂ ਸਤਾ ਕਾਇਮ ਕਰਨ ਲਈ ਮੌਜੂਦਾ ਜਥੇਦਾਰ ਜੋ ਸਿਆਸੀ ਹਿੱਤਾਂ ਲਈ ਬਾਦਲ ਪਰਿਵਾਰ ਦੇ ਖਿਡੌਣੇ ਬਣ ਕੇ ਕੰਮ ਕਰ ਰਹੇ ਹਨ ਤੋਂ ਮੁਕਤੀ ਜਰੂਰੀ ਹੈ ਤਾਂ ਹੀ ਸ਼੍ਰੀ ਅਕਾਲ ਤਖਤ ਸਾਹਿਬ ਅਧੀਨ ਆਉਂਦੇ ਮਸਲਿਆਂ ਨੂੰ ਸਹੀ ਢੰਗ ਨਾਲ ਹੱਲ ਕੀਤਾ ਜਾ ਸਕੇਗਾ। ਉਨ੍ਹਾਂ ਇਹ ਵੀ ਕਿਹਾ ਕਿ ਦੂਸਰੇ ਬੁਲਾਏ ਗਏ ਸਰਬੱਤ ਖਾਲਸਾ ਲਈ 150 ਮੈਂਬਰੀ ਕਮੇਟੀ ਬਣਾਈ ਜਾਵੇਗੀ ਜੋ ਦੇਸ਼ ਵਿਦੇਸ਼ ਵਿੱਚ ਬੈਠੇ ਸਿੱਖ ਵਿਦਵਾਨਾਂ ਅਤੇ ਪੰਥ ਦਰਦੀਆਂ ਨਾਲ ਸੰਪਰਕ ਕਰਕੇ ਆਉਣਾ ਯਕੀਨੀ ਬਣਾਏਗੀ। ਇਸ ਮੌਕੇ ਮਤਾ ਪਾਸ ਕਰਦਿਆਂ ਪੰਜਾਬ ਸਰਕਾਰ ਅਤੇ ਸ਼੍ਰੋਮਣੀ ਕਮੇਟੀ ਦੀਆਂ ਕਾਰਗੁਜਾਰੀਆਂ ਦੀ ਨਿੰਦਾ ਕੀਤੀ ਅਤੇ ਬੇਅਦਬੀ ਕਾਂਡ ਲਈ ਦੋਸ਼ੀਆਂ ਦੀ ਹਾਲੇ ਤੱਕ ਗ੍ਰਿਫਤਾਰੀ ਨਾ ਹੋਣ ਲਈ ਜਿੰਮੇਵਾਰ ਦੱਸਿਆ। ਇਹ ਵੀ ਮੰਗ ਕੀਤੀ ਕਿ ਸਜਾ ਪੂਰੀ ਕਰ ਚੁੱਕੇ ਬੰਦੀ ਸਿੰਘਾਂ ਨੂੰ ਤੁਰੰਤ ਰਿਹਾਅ ਕੀਤਾ ਜਾਵੇ ਅਤੇ ਇੱਕ ਮਤੇ ਰਾਹੀਂ ਜਥੇਦਾਰ ਸੂਰਤ ਸਿੰਘ ਖਾਲਸਾ ਦੇ ਸੰਘਰਸ਼ ਦੀ ਡੱਟਵੀਂ ਹਮਾਇਤ ਕੀਤੀ, ਉਥੇ ਹੀ ਕੈਨੇਡਾ ਵਿੱਚ ਚਾਰ ਸਿੱਖ ਮੰਤਰੀ ਲਏ ਜਾਣ ਲਈ ਸ਼ਲਾਘਾਯੋਗ ਮਤਾ ਵੀ ਪਾਸ ਕੀਤਾ ਗਿਆ।
ਇਸ ਦੇ ਨਾਲ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ 350 ਸਾਲਾ ਪ੍ਰਕਾਸ਼ ਉਤਸਵ ਨੂੰ ਪਟਨਾ ਸਾਹਿਬ ਦੀ ਧਰਤੀ ਤੇ ਧੂਮ ਧਾਮ ਨਾਲ ਮਨਾਉਣ ਦਾ ਵੀ ਐਲਾਨ ਕੀਤਾ ਅਤੇ ਕਿਸਾਨ ਖੁਦਕੁਸ਼ੀਆਂ ਤੇ ਡੂੰਗੇ ਦੁੱਖ ਦਾ ਪ੍ਰਗਟਾਵਾ ਕਰਦਿਆਂ ਆਪਣੇ ਹੱਕਾਂ ਲਈ ਲਾਮਬੰਦ ਹੋਣ ਦਾ ਸੱਦਾ ਦਿੱਤਾ। ਇਹ ਵੀ ਐਲਾਨ ਕੀਤਾ ਕਿ ਪੰਜਾਬ ਵਿੱਚ ਪੰਥਕ ਸਰਕਾਰ ਬਨਣ ਤੇ ਕਿਸਾਨਾਂ ਦੇ ਸਾਰੇ ਕਰਜੇ ਮੁਆਫ ਕੀਤੇ ਜਾਣਗੇ ਅਤੇ ਹਰ ਵਿਅਕਤੀ ਨੂੰ ਨੌਕਰੀ ਮਿਲਣੀ ਯਕੀਨੀ ਬਣਾਈ ਜਾਵੇਗੀ।
ਇਸ ਮੌਕੇ ਜਥੇਦਾਰ ਅਮਰੀਕ ਸਿੰਘ ਅਜਨਾਲਾ, ਜਸਕਰਨ ਸਿੰਘ ਕਾਹਨ ਸਿੰਘ ਵਾਲਾ, ਵਸਨ ਸਿੰਘ ਜਫਰਵਾਲ, ਪਰਮਿੰਦਰ ਸਿੰਘ ਬਾਲਿਆਂਵਾਲੀ, ਭਾਈ ਮੋਹਕਮ ਸਿੰਘ, ਗੁਰਦੀਪ ਸਿੰਘ ਬਠਿੰਡਾ, ਪ੍ਰੋ. ਮਹਿੰਦਰਪਾਲ ਸਿੰਘ, ਰਣਜੀਤ ਸਿੰਘ ਸੰਗੇੜਾ, ਬਲਵਿੰਦਰ ਸਿੰਘ ਮੰਡੇਰ, ਬਹਾਦਰ ਸਿੰਘ ਰਾਹੋਂ, ਬਾਪੂ ਸੂਰਤ ਸਿੰਘ ਦੇ ਸਪੁੱਤਰ ਗੋਗੀ, ਮਾਸਟਰ ਕਰਨੈਲ ਸਿੰਘ, ਸੁਰਜੀਤ ਸਿੰਘ ਕਾਲਾਬੂਲਾ ਮੈਂਬਰ ਐਸਜੀਪੀਸੀ, ਪੱਪੂ ਸਿੰਘ ਕਲਿਆਣ, ਬਾਬਾ ਪ੍ਰਦੀਪ ਸਿੰਘ ਚਾਂਦਪੁਰਾ, ਬਾਬਾ ਜਸਵਿੰਦਰ ਸਿੰਘ ਤਿਉਣਾ, ਐਡਵੋਕੇਟ ਰਾਜਨ ਲਖਨਪਾਲ, ਐਡਵੋਕੇਟ ਗੁਰਵਿੰਦਰ ਸਿੰਘ ਸਿੱਧੂ ਕੰਗਰਾਲੀ, ਮਨਿੰਦਰ ਸਿੰਘ ਮਨਾਵਾ, ਬੂਟਾ ਸਿੰਘ ਰਣਸੀਂਹ, ਹਰਭਜਨ ਸਿੰਘ ਕਸ਼ਮੀਰੀ ਪਟਿਆਲਾ, ਸਿਮਰਜੋਤ ਸਿੰਘ, ਅਮਰਿੰਦਰ ਸਿੰਘ, ਗੁਰਚਰਨ ਸਿੰਘ ਕੋਟਲੀ, ਸੁਖਦੇਵ ਸਿੰਘ ਕਿੰਗਰਾ, ਜਸਵੰਤ ਸਿੰਘ ਚੀਮਾ, ਜਰਨੈਲ ਸਿੰਘ ਸਖੀਰਾ, ਹਰਵੀਰ ਸਿੰਘ ਸੰਧੂ, ਬੀਬੀ ਸਿਮਰਜੀਤ ਕੌਰ ਖਾਲਸਾ ਰਾਮਪੁਰਾ ਆਦਿ ਹਾਜਰ ਸਨ।
Punjab Post Daily Online Newspaper & Print Media