Monday, July 20, 2026

ਵਿਦੇਸ਼ਾਂ ਵਿੱਚ ਸਿੱਖਾਂ ਦੇ ਧਾਰਮਿਕ ਸਥਾਨ ਜਾਂ ਧਾਰਮਿਕ ਚਿੰਨ੍ਹਾਂ ‘ਤੇ ਹੋ ਰਹੇ ਹਮਲੇ ਗੰਭੀਰ ਚਿੰਤਾ ਦਾ ਵਿਸ਼ਾ-ਮਜੀਠੀਆ

PPN1704201608ਮਜੀਠਾ, 17 ਅਪ੍ਰੈਲ (ਜਗਦੀਪ ਸਿੰਘ ਸੱਗੂ)- ਮਾਲ ਤੇ ਲੋਕ ਸੰਪਰਕ ਮੰਤਰੀ ਸ. ਬਿਕਰਮ ਸਿੰਘ ਮਜੀਠੀਆ ਨੇ ਬੀਤੇ ਦਿਨੀਂ ਜਰਮਨੀ ਦੇ ਐਸਨ ਵਿਖੇ ਗੁਰਦੁਆਰਾ ਨਾਨਕਸਰ ਸਤਸੰਗ ਦਰਬਾਰ ‘ਤੇ ਕੀਤੇ ਗਏ ਹਮਲੇ ਨੂੰ ਅਤਿ ਘਿਣਾਉਣੀ ਕਰਾਰ ਦਿੰਦਿਆਂ ਸਖ਼ਤ ਸ਼ਬਦਾਂ ਵਿੱਚ ਨਿਖੇਧੀ ਕੀਤੀ ਤੇ ਦਸਿਆ ਕਿ ਅਕਾਲੀ ਦਲ ਵੱਲੋਂ ਭਾਰਤੀ ਵਿਦੇਸ਼ ਮੰਤਰੀ ਸ੍ਰੀਮਤੀ ਸੁਸ਼ਮਾ ਸਵਰਾਜ ਨੂੰ ਮਿਲ ਕੇ ਜਰਮਨ ਸਰਕਾਰ ਤੋਂ ਉਕਤ ਘਟਨਾ ਨੂੰ ਅੰਜਾਮ ਦੇਣ ਵਾਲੇ ਦੋਸ਼ੀਆਂ ਖ਼ਿਲਾਫ਼ ਢੁਕਵੀਂ ਅਤੇ ਸਿੱਖਾਂ ਦੀ ਸੁਰਖਿਆ ਯਕੀਨੀ ਬਣਾਉਣ ਦੀ ਮੰਗ ਕੀਤੀ ਜਾਵੇਗੀ।
ਸ: ਮਜੀਠੀਆ ਅੱਜ ਮਜੀਠਾ ਹਲਕੇ ਦੇ ਪਿੰਡ ਭੰਗਵਾਂ, ਰੱਖ ਭੰਗਵਾਂ ਅਤੇ ਮੱਦੀਪੁਰ ਵਿਖੇ ਵਿਕਾਸ ਕਾਰਜਾਂ ਦਾ ਜਾਇਜ਼ਾ ਲੈਣ ਅਤੇ ਹੋਰ ਕੰਮਾਂ ਲਈ 1.25 ਕਰੋੜ ਰੁਪੈ ਦੀ ਗਰਾਂਟ ਵੰਡਣ ਪਹੁੰਚੇ ਸਨ,ਨੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਕਿਹਾ ਕਿ ਵਿਦੇਸ਼ਾਂ ਵਿੱਚ ਸਿੱਖਾਂ ਦੇ ਧਾਰਮਿਕ ਸਥਾਨ ਜਾਂ ਧਾਰਮਿਕ ਚਿੰਨ੍ਹਾਂ ‘ਤੇ ਹੋਰਹੇ ਹਮਲੇ ਬਹੁਤ ਵੱਡੀ ਚਿੰਤਾ ਦਾ ਵਿਸ਼ਾ ਹਨ। ਉਹਨਾਂ ਕਿਹਾ ਕਿ ਜਰਮਨੀ ਵਿਖੇ ਨਗਰ ਕੀਰਤਨ ਦੀਆਂ ਤਿਆਰੀਆਂ ਵਿੱਚ ਲੱਗੀਆਂ ਸੰਗਤਾਂ ‘ਤੇ ਕੀਤੇ ਗਏ ਬੰਬ ਧਮਾਕੇ ਨੇ ਸਿੱਖ ਭਾਈਚਾਰੇ ਨੂੰ ਦੁਖੀ ਅਤੇ ਗਹਿਰੀ ਚਿੰਤਾ ਵਿੱਚ ਪਾ ਦਿੱਤਾ ਹੈ। ਉਹਨਾਂ ਘਟਨਾ ਦੌਰਾਨ ਜ਼ਖਮੀਆਂ ਦੀ ਜਲਦ ਸਿਹਤਯਾਬੀ ਦੀ ਕਾਮਨਾ ਕੀਤੀ।ਉਹਨਾਂ ਕਿਹਾ ਕਿ ਘਟਨਾ ਨੂੰ ਅੰਜਾਮ ਦੇਣ ਵਾਲਿਆਂ ਦੇ ਮਕਸਦ ਅਤੇ ਇਸ ਪਿੱਛੇ ਕਾਰਜਸ਼ੀਲ ਤੱਤਾਂ ਬਾਰੇ ਡੂੰਘੀ ਪੜਤਾਲ ਦੀ ਲੋੜ ਹੈ। ਉਹਨਾਂ ਕਿਹਾ ਕਿ ਉਹਨਾਂ ਨੂੰ ਆਸ ਹੈ ਕਿ ਜਰਮਨ ਸਰਕਾਰ ਉਕਤ ਮਸਲੇ ਨੂੰ ਗੰਭੀਰਤਾ ਨਾਲ ਲਵੇਗੀ ਅਤੇ ਸਿੱਖ ਭਾਈਚਾਰੇ ਨਾਲ ਪੂਰੀ ਨਿਆਂ ਕਰੇਗੀ। ਉਹਨਾਂ ਦੇਸ਼ ਵਿਦੇਸ਼ ਵਿੱਚ ਵਸਦੇ ਸਿੱਖ ਭਾਈਚਾਰੇ ਨੂੰ ਉਕਤ ਘਟਨਾ ਪ੍ਰਤੀ ਨਿਆਂ ਹਾਸਲ ਕਰਨ ਲਈ ਜਰਮਨ ਸਰਕਾਰ ‘ਤੇ ਹਰ ਤਰਾਂ ਦਬਾਅ ਬਣਾਉਣ ਵਿੱਚ ਯੋਗਦਾਨ ਪਾਉਣ ਦੀ ਅਪੀਲ ਵੀ ਕੀਤੀ ਹੈ। ਉਹਨਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਵਿਦੇਸ਼ਾਂ ਵਿੱਚ ਸਿੱਖਾਂ ਦੀ ਵਿਲੱਖਣ ਪਛਾਣ ਕਾਇਮ ਰੱਖਣ ਲਈ ਹਰ ਵੇਲੇ ਯਤਨਸ਼ੀਲ ਰਿਹਾ ਹੈ ਅਤੇ ਜਦੋਂ ਕਦੇ ਵੀ ਪ੍ਰਵਾਸੀ ਸਿੱਖਾਂ ‘ਤੇ ਕੋਈ ਸੰਕਟ ਆਉਂਦਾ ਹੈ, ਤਾਂ ਸ਼੍ਰੋਮਣੀ ਅਕਾਲੀ ਦਲ ਉਨ੍ਹਾਂ ਦੇ ਹੱਕ ਵਿੱਚ ਖੜਦਾ ਆਇਆ ਹੈ ਅਤੇ ਖੜਦਾ ਰਹੇਗਾ।
ਕਾਂਗਰਸ ਦੇ ਮੀਤ ਪ੍ਰਧਾਨ ਸ੍ਰੀ ਰਾਹੁਲ ਗਾਂਧੀ ਵੱਲੋਂ ਪੰਜਾਬ ਵਿਧਾਨ ਸਭਾ ਚੋਣਾਂ ਵਿੱਚ ਨੌਜਵਾਨਾਂ ਨੂੰ ਵੱਡੀ ਨੁਮਾਇਦਗੀ ਦੇਣ ਬਾਰੇ ਦਿੱਤੇ ਗਏ ਬਿਆਨ ਬਾਰੇ ਪੁੱਛੇ ਜਾਣ ‘ਤੇ ਸ. ਮਜੀਠੀਆ ਨੇ ਕਿਹਾ ਕਿ ਕਾਂਗਰਸ ਕਹਿੰਦੀ ਕੁੱਝ ਤੇ ਕਰਦੀ ਕੁੱਝ ਹੋਰ ਹੁੰਦੀ ਹੈ, ਸੋ ਕਾਂਗਰਸ ਦਾ ਸਾਨੂੰ ਪਤਾ ਨਹੀਂ, ਪਰ ਸ਼੍ਰੋਮਣੀ ਅਕਾਲੀ ਦਲ ਨੇ ਪਹਿਲਾਂ ਹੀ ਨੌਜਵਾਨ ਵਰਗ ਨੂੰ ਆਪਣੇ ਹਿੱਸੇ ਤੋਂ ਵੱਧ ਨੁਮਾਇੰਦਗੀ ਦੇ ਕੇ ਵੱਡੀਆਂ ਜ਼ਿੰਮੇਵਾਰੀਆਂ ਸੌਂਪੀਆਂ ਹੋਈਆਂ ਹਨ ਅਤੇ ਅੱਗੋਂ ਵੀ ਚੋਣਾਂ ਵਿੱਚ ਨੌਜਵਾਨ ਵਰਗ ਨੂੰ ਵੱਡੀ ਨੁਮਾਇਦਗੀ ਦਿੱਤੀ ਜਾਵੇਗੀ। ਉਨ੍ਹਾਂ ਕਿਹਾ ਕਿ ਨੌਜਵਾਨ ਵਰਗ ਸ਼੍ਰੋਮਣੀ ਅਕਾਲੀ ਦਲ ਦੀ ਰੀੜ੍ਹ ਦੀ ਹੱਡੀ ਹਨ ਅਤੇ ਇਨ੍ਹਾਂ ਨੇ ਹਰ ਵੇਲੇ ਮੋਢੇ ਨਾਲ ਮੋਢਾ ਲਗਾ ਕਿ ਸ਼੍ਰੋਮਣੀ ਅਕਾਲੀ ਦਲ ਦਾ ਸਾਥ ਦਿੱਤਾ ਹੈ।
ਸ. ਮਜੀਠੀਆ ਨੇ ਇਸ ਮੌਕੇ ਦਰਜਨਾਂ ਵਿਕਾਸ ਕੰਮਾਂ ਦੇ ਨੀਂਹ ਪੱਥਰ ਵੀ ਰੱਖੇ। ਅੱਜ ਇਸ ਮੌਕੇ ਉਨ੍ਹਾਂ ਨਾਲ ਤਲਬੀਰ ਸਿੰਘ ਗਿੱਲ, ਮੇਜਰ ਸ਼ਿਵੀ, ਸਰਬਜੀਤ ਸਿੰਘ ਸੁਪਾਰੀਵਿੰਡ ਸਰਕਲ ਪ੍ਰਧਾਨ, ਸਰਪੰਚ ਬੱਬੀ ਭੰਗਵਾਂ, ਪ੍ਰੋ: ਸਰਚਾਂਦ ਸਿੰਘ ਮੀਡੀਆ ਸਲਾਹਕਾਰ, ਗਗਨਦੀਪ ਸਿੰਘ ਭਕਨਾ, ਚੇਅਰਮੈਨ ਹਰਵਿੰਦਰ ਸਿੰਘ ਪੱਪੂ ਕੋਟਲਾ, ਕੁਲਬੀਰ ਸਿੰਘ ਰਖ ਭੰਗਵਾਂ, ਸਰਪੰਚ ਹਰਭਜਨ ਸਿੰਘ, ਬੀਰ ਸਿੰਘ, ਸਰਪੰਚ ਜੋਗਾ ਸਿੰਘ, ਸੂਬੇਦਾਰ ਸੁਲਖਨ ਸਿੰਘ, ਕੁਲਵੰਤ ਸਿੰਘ ਸਾਬਕਾ ਸਰਪੰਚ, ਸਾਬਕਾ ਸਰਪੰਚ ਕੇਵਲ ਸਿੰਘ, ਗੁਲਜਾਰ ਸਿੰਘ ਪੰਚ ਅਤੇ ਹੋਰ ਸ਼ਖਸੀਅਤਾਂ ਵੀ ਹਾਜ਼ਰ ਸਨ।

Check Also

ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਸਜਾਏ ਜਾ ਰਹੇ ਮੀਰੀ ਪੀਰੀ ਖ਼ਾਲਸਾ ਮਾਰਚ ਸਬੰਧੀ ਐਡਵੋਕੇਟ ਧਾਮੀ ਵਲੋਂ ਇਕੱਤਰਤਾ

ਅੰਮ੍ਰਿਤਸਰ, 20 ਜੁਲਾਈ (ਜਗਦੀਪ ਸਿੰਘ) – ਛੇਵੇਂ ਪਾਤਸ਼ਾਹ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦੇ ਮੀਰੀ …

Leave a Reply