ਕੱਥੂਨੰਗਲ, 18 ਅਪ੍ਰੈਲ (ਜਗਦੀਪ ਸਿੰਘ ਸੱਗੂ)- ਮਾਲ ਤੇ ਲੋਕ ਸੰਪਰਕ ਮੰਤਰੀ ਸ: ਬਿਕਰਮ ਸਿੰਘ ਮਜੀਠੀਆ ਨੇ ਕਾਂਗਰਸ ਦੇ ਉਪ ਪ੍ਰਧਾਨ ਰਾਹੁਲ ਗਾਂਧੀ ਅਤੇ ਦਿਲੀ ਦੇ ਮੁੱਖ ਮੰਤਰੀ ਅਤੇ ਆਮ ਆਦਮੀ ਪਾਰਟੀ ਦੇ ਕਨਵੀਨਰ ਅਰਵਿੰਦ ਕੇਜਰੀਵਾਲ ‘ਤੇ ਤਿੱਖਾ ਨਿਸ਼ਾਨਾ ਵਿੰਨ੍ਹਦਿਆਂ ਉਹਨਾਂ ‘ਤੇ ਇੰਦਰਾ ਗਾਂਧੀ ਵੱਲੋਂ ਪੰਜਾਬ ਵਿਰੋਧੀ ਪਾਈ ਗਈਆਂ ਲੀਹਾਂ ‘ਤੇ ਚਲਣ ਦਾ ਦੋਸ਼ ਲਾਇਆ ਹੈ।
ਸ: ਮਜੀਠੀਆ ਅੱਜ ਹਲਕਾ ਮਜੀਠਾ ਦੇ ਪਿੰਡ ਵਰਿਆਮ ਨੰਗਲ ਵਿਖੇ ਵਿਕਾਸ ਕਾਰਜਾਂ ਲਈ 45 ਲੱਖ ਦੀ ਗਰਾਂਟ ਦੇਣ ਅਤੇ ਵਿਕਾਸ ਕਾਰਜਾਂ ਦੇ ਨੀਂਹ ਪੱਥਰ ਰੱਖਣ ਆਏ ਸਨ, ਨੇ ਕਿਹਾ ਕਿ ਕੇਜਰੀਵਾਲ ਨੇ ਜਿਸ ਮਜ਼ਬੂਤੀ ਨਾਲ ਦਿਲੀ ਵਿਖੇ ਪੰਜਾਬ ਵਿਰੋਧੀ ਸਟੈਂਡ ਨੂੰ ਵਾਰ-ਵਾਰ ਦੁਹਰਾਇਆ ਹੈ, ਉਸ ਤੋਂ ਉਸ ਦੇ ਪੰਜਾਬ ਵਿਰੋਧੀ ਸਟੈਂਡ ਬਾਰੇ ਕੋਈ ਭੁਲੇਖਾ ਨਹੀਂ ਰਿਹਾ। ਉਨ੍ਹਾਂ ਕਿਹਾ ਕਿ ਬੀਤੇ ਦਿਨੀਂ ਪੰਜਾਬ ਫੇਰੀ ‘ਤੇ ਆਏ ਰਾਹੁਲ ਗਾਂਧੀ ਨੇ ਵੀ ਐਸਵਾਈਐਲ ਮੁੱਦੇ ‘ਤੇ ਪੰਜਾਬ ਦੇ ਹੱਕ ਵਿੱਚ ਕੁੱਝ ਵੀ ਨਾ ਬੋਲ ਕੇ ਪੰਜਾਬ ਕਾਂਗਰਸ ਵੱਲੋਂ ਵਿਧਾਨ ਸਭਾ ਵਿੱਚ ਅਕਾਲੀ ਭਾਜਪਾ ਸਰਕਾਰ ਦੇ ਕੀਤੇ ਗਏ ਸਮਰਥਨ ‘ਤੇ ਹੀ ਸਵਾਲੀਆ ਨਿਸ਼ਾਨ ਲਗਾ ਦਿੱਤਾ ਹੈ।
ਸ: ਮਜੀਠੀਆ ਨੇ ਰਾਹੁਲ ਵੱਲੋਂ ਕਹੀ ਗਲ ਕਿ ‘ਮੇਰੇ ਦਿਲ ਵਿੱਚ ਪੰਜਾਬ ਲਈ ਖਾਸ ਸਥਾਨ ਹੈ’ ਦਾ ਮੌਜੂ ਉਡਾਉਂਦਿਆਂ ਕਿਹਾ ਕਿ ਜੇ ਵਾਕਿਆ ਹੀ ਉਕਤ ਗਲ ਵਿੱਚ ਦਮ ਹੈ ਤਾਂ ਰਾਹੁਲ ਕੋਈ ਇੱਕ ਕੰਮ ਦੱਸਣ, ਜੋ ਉਹਨਾਂ ਯੂਪੀਏ ਸਰਕਾਰ ਦੌਰਾਨ ਪੰਜਾਬ ਦੇ ਹੱਕ ਵਿੱਚ ਕੀਤਾ ਹੋਵੇ ? ਉਹਨਾਂ ਕਿਹਾ ਕਿ ਅਸਲੀਅਤ ਤਾਂ ਇਹ ਹੈ ਕਿ ਕਾਂਗਰਸੀ ਸਰਕਾਰਾਂ ਦੌਰਾਨ ਨਾ ਕੇਵਲ ਪੰਜਾਬ ਕੇਂਦਰੀ ਵਿਤਕਰੇਬਾਜੀਆਂ ਦਾ ਸ਼ਿਕਾਰ ਹੁੰਦਾ ਰਿਹਾ ਸਗੋਂ ਕਾਂਗਰਸ ਦੀਆਂ ਸਰਕਾਰਾਂ ਨੇ ਪੰਜਾਬ ਦੀਆਂ ਮੰਗਾਂ ਨੂੰ ਸਦਾ ਦੇਸ਼ ਵਿਰੋਧੀ ਕਰਾਰ ਦਿੰਦੇ ਹੋਏ ਪੰਜਾਬ ਨਾਲ ਧਰੋਹ ਕਮਾਇਆ ਹੈ।
ਉਹਨਾਂ ਕਿਹਾ ਕਿ ਰਾਹੁਲ ਪਾਣੀਆਂ ਦੇ ਮੁੱਦੇ ‘ਤੇ ਪੰਜਾਬ ਨੂੰ ਇਨਸਾਫ਼ ਦਿਵਾਉਣ ਦੇ ਹੱਕ ਵਿੱਚ ਨਹੀਂ ਹੈ ਕਿਊਂਕਿ ਐਸਵਾਈਐਲ ਮੁੱਦਾ ਉਸ ਦੀ ਦਾਦੀ ਇੰਦਰਾ ਗਾਂਧੀ ਦੀ ਦੇਣ ਹੈ। ਜਿਨ੍ਹਾਂ 1982 ਦੌਰਾਨ ਪੰਜਾਬ ਦੇ ਕਾਂਗਰਸੀ ਮੁੱਖ ਮੰਤਰੀ ਰਾਹੀਂ ਪਾਣੀਆਂ ਦਾ ਸਮਝੌਤਾ ਪੰਜਾਬ ‘ਤੇ ਠੋਸਿਆ ਅਤੇ ਕਪੂਰੀ ਵਿਖੇ ਨਹਿਰ ਦੀ ਉੱਸਾਰੀ ਲਈ ਟੱਕ ਲਗਾ ਕੇ ਸ਼ੁਰੂਆਤ ਵੀ ਕੀਤੀ। ਉਹਨਾਂ ਕਿਹਾ ਕਿ ਜੇ ਰਾਹੁਲ ਦੇ ਦਿਲ ਵਿੱਚ ਪੰਜਾਬ ਦੇ ਕਿਸਾਨਾਂ ਪ੍ਰਤੀ ਮਾਸਾ ਵੀ ਲਗਾਓ ਹੁੰਦਾ ਤਾਂ ਉਹ ਯੂਪੀਏ ਸਰਕਾਰ ਦੌਰਾਨ ਕਿਸਾਨਾਂ ਦੇ 70 ਹਜ਼ਾਰ ਕਰੋੜ ਕਰਜ਼ਾ ਮੁਆਫ਼ੀ ਵਿੱਚ ਪੰਜਾਬ ਦੇ ਕਿਸਾਨਾਂ ਦੇ ਹਿੱਸੇ ਦੁਆਨੀ ਵੀ ਕਿਉਂ ਨਾ ਆਉਣ ਦਿੱਤੀ? ਉਹਨਾਂ ਦੋਸ਼ ਲਾਇਆ ਕਿ ਰਾਹੁਲ ਵਾਰ ਵਾਰ ਪੰਜਾਬ ਨੂੰ ਨਸ਼ਿਆਂ ਸੰਬੰਧੀ ਬਦਨਾਮ ਕਰਕੇ ਰਾਜ ਵਿੱਚ ਹੋ ਰਹੀ ਪੂੰਜੀ ਨਿਵੇਸ਼ ਨੂੰ ਪ੍ਰਭਾਵਿਤ ਕਰਨ ਦੀ ਸਾਜ਼ਿਸ਼ ਕਿਉਂ ਰਚ ਰਿਹਾ ਹੈ? ਉਹਨਾਂ ਅਫ਼ਸੋਸ ਪ੍ਰਗਟ ਕਰਦਿਆਂ ਕਿਹਾ ਕਿ ਰਾਹੁਲ ਗਾਂਧੀ ਅਤੇ ਅਰਵਿੰਦ ਕੇਜਰੀਵਾਲ ਦੋਵੇਂ ਪੰਜਾਬ ਵਿਰੋਧੀ ਕਾਰਵਾਈਆਂ ਵਿੱਚ ਮਗਨ ਹਨ, ਅਤੇ ਦੋਵੇਂ ਐਸਵਾਈਐਲ ਦੇ ਸੰਵੇਦਨਸ਼ੀਲ ਮੁੱਦੇ ‘ਤੇ ਸਿਆਸਤ ਕਰ ਰਹੇ ਹਨ। ਜਦ ਕਿ ਪੰਜਾਬ ਦੇ ਮੁੱਖ ਮੰਤਰੀ ਸ. ਪ੍ਰਕਾਸ਼ ਸਿੰਘ ਬਾਦਲ ਨੇ ਸਪੱਸ਼ਟ ਰੂਪ ਵਿੱਚ ਕਿਹਾ ਹੈ ਕਿ ਰਾਜ ਸਰਕਾਰ ਕਿਸੇ ਵੀ ਕੀਮਤ ‘ਤੇ ਐਸਵਾਈਐਲ ਦੀ ਉੱਸਾਰੀ ਨਹੀਂ ਹੋਣ ਦੇਵੇਗੀ। ਸ: ਮਜੀਠੀਆ ਨੇ ਪੰਜਾਬ ਦੇ ਇਸ ਗੰਭੀਰ ਮਾਮਲੇ ਬਾਰੇ ਤਵੱਕੋ ਨਾ ਰੱਖਣ ਵਾਲੇ ਅਜਿਹੇ ਲੋਕਾਂ ਨੂੰ ਸਬਕ ਸਿਖਾਉਣ ਦੀ ਪੰਜਾਬ ਵਾਸੀਆਂ ਨੂੰ ਅਪੀਲ ਕੀਤੀ। ਇਸ ਮੌਕੇ ਸਾਬਕਾ ਵਿਧਾਇਕ ਸ: ਰਣਜੀਤ ਸਿੰਘ ਵਰਿਆਮ ਨੰਗਲ, ਯੂਥ ਅਕਾਲੀ ਦਲ ਮਾਝਾ ਜ਼ੋਨ ਦੇ ਪ੍ਰਧਾਨ ਰਵੀਕਰਨ ਸਿੰਘ ਕਾਹਲੋਂ, ਤਲਬੀਰ ਸਿੰਘ ਗਿੱਲ, ਮੇਜਰ ਸ਼ਿਵੀ, ਮੀਡੀਆ ਸਲਾਹਕਾਰ ਪ੍ਰੋ: ਸਰਚਾਂਦ ਸਿੰਘ, ਗੌਰਵ ਬੱਬਾ, ਸਰਪੰਚ ਸੁਮਿਤ ਪਾਲ ਸਿੰਘ, ਅਰੂੜ੍ਹ ਸਿੰਘ, ਸੁਖਵਿੰਦਰ ਸਿੰਘ, ਰਮਨ ਸਿੰਘ, ਡਾ: ਦਿਆਲ ਦਾਸ, ਕਰਤਾਰ ਸਿੰਘ, ਬਲਜੀਤ ਸਿੰਘ, ਨਿਰਮਲ ਜੀਤ ਸਿੰਘ, ਬਾਬਾ ਕਰਮ ਸਿੰਘ, ਕਾਬਲ ਸਿੰਘ, ਜਗਤਾਰ ਸਿੰਘ ਬਲਵਿੰਦਰ ਸਿੰਘ ਆਦਿ ਮੌਜੂਦ ਸਨ।
Check Also
ਡਿਪਟੀ ਕਮਿਸ਼ਨਰ ਨੇ ਕਿਸਾਨ ਜਾਗਰੂਕਤਾ ਵੈਨਾਂ ਨੂੰ ਹਰੀ ਝੰਡੀ ਦੇ ਕੇ ਕੀਤਾ ਰਵਾਨਾ
ਅੰਮ੍ਰਿਤਸਰ 24 ਅਪ੍ਰੈਲ (ਸੁਖਬੀਰ ਸਿੰਘ) – ਡਿਪਟੀ ਕਮਿਸ਼ਨਰ ਦਲਵਿੰਦਰਜੀਤ ਸਿੰਘ ਵੱਲੋਂ ਕਣਕ ਦੇ ਨਾੜ ਨੂੰ …
Punjab Post Daily Online Newspaper & Print Media