ਨਰਸਾਂ ਸਮਾਜ ‘ਚ ਫ਼ੈਲੀ ਨਸ਼ਾਖ਼ੋਰੀ ਰੋਕਣ ‘ਚ ਨਿਭਾਅ ਸਕਦੀਆਂ ਹਨ ਅਹਿਮ ਭੂਮਿਕਾ – ਸ: ਛੀਨਾ

ਅੰਮ੍ਰਿਤਸਰ, 12 ਮਈ (ਪ੍ਰੀਤਮ ਸਿੰਘ)- ਖਾਲਸਾ ਕਾਲਜ ਆਫ਼ ਨਰਸਿੰਗ ਵਿਖੇ ਅੱਜ ‘ਨਰਸਿੰਗ ਦਿਵਸ’ ਦੌਰਾਨ ਸੈਮੀਨਾਰ ਦਾ ਆਯੋਜਨ ਕੀਤਾ ਗਿਆ। ਜਿਸ ਦੌਰਾਨ ਬੁਲਾਰਿਆਂ ਨੇ ਨਰਸਿੰਗ ਕਿੱਤੇ ‘ਚ ਆ ਰਹੀਆਂ ਤਬਦੀਲੀਆਂ ਅਤੇ ਚੁਣੌਤੀਆਂ ਬਾਰੇ ਭਰਪੂਰ ਜਾਣਕਾਰੀ ਵਿਦਿਆਰਥੀਆਂ ਨਾਲ ਸਾਂਝੀ ਕੀਤੀ। ਇਸ ਮੌਕੇ ਬਾਹਰੋ ਆਏ ਮਹਿਮਾਨ ਬੁਲਾਰੇ ਅਤੇ ਉਘੇ ਮਨੋਵਿਗਿਆਨੀ ਡਾ. ਕੰਵਲਜੀਤ ਕੌਰ ਗਿੱਲ ਅਤੇ ਡਾ. ਬਲਵਿੰਦਰ ਸਿੰਘ ਨੇ ਨਵੀਆਂ ਤਕਨੀਕਾਂ ਨੂੰ ਅਪਨਾਕੇ ਨਰਸਿੰਗ ਦੇ ਕਿੱਤੇ ਨੂੰ ਹੋਰ ਪ੍ਰਭਾਵਸ਼ਾਲੀ ਬਣਾਉਣ ‘ਤੇ ਬੱਲ ਦਿੱਤਾ। ਇਸ ਦੌਰਾਨ ਮੁੱਖ ਮਹਿਮਾਨ ਖਾਲਸਾ ਕਾਲਜ ਗਵਰਨਿੰਗ ਕੌਂਸਲ ਦੇ ਆਨਰੇਰੀ ਸਕੱਤਰ ਸ: ਰਜਿੰਦਰ ਮੋਹਨ ਸਿੰਘ ਛੀਨਾ ਨੇ ਸੰਬੋਧਨ ਕਰਦਿਆ ਸਭ ਨੂੰ ਨਰਸਿੰਗ ਡੇਅ ‘ਤੇ ਵਧਾਈ ਦਿੱਤੀ ਅਤੇ ਕਿਹਾ ਕਿ ਇਹ ਕਿੱਤਾ ਸਭ ਤੋਂ ਪਾਕ ਤੇ ਸੇਵਾ ਭਾਵਨਾ ਵਾਲਾ ਹੈ। ਉਨ੍ਹਾਂ ਕਿਹਾ ਕਿ ਅੱਜ ਕੱਲ੍ਹ ਸਮਾਜ ‘ਚ ਨਰਸਿੰਗ ਪੇਸ਼ੇ ਦੀ ਮੰਗ ਵੱਧ ਰਹੀ ਹੈ, ਕਿਹਾ ਕਿ ਲੋਕਾਂ ‘ਚ ਚੰਗੀ ਸਿਹਤ ਅਤੇ ਮਰੀਜ ਦੀ ਦੇਖਭਾਲ ਪ੍ਰਤੀ ਸੰਵੇਦਨਸ਼ੀਲਤਾ ‘ਚ ਚੋਖਾ ਵਾਧਾ ਹੋਇਆ ਹੈ। ਉਨ੍ਹਾਂ ਕਿਹਾ ਕਿ ਅੱਜ ਦੇ ਸਮੇਂ ‘ਚ ਮੈਡੀਕਲ ਦੇ ਕਾਰੋਬਾਰ ‘ਚ ਵਪਾਰੀਕਰਨ ਹੋਣ ਨਾਲ ਕਾਫ਼ੀ ਨਿਘਾਰ ਆਇਆ ਹੈ, ਜਿਸ ਨਾਲ ਇਸ ਖ਼ੇਤਰ ‘ਚ ਰੁਝੇ ਵਿਅਕਤੀਆਂ ‘ਤੇ ਨਵੇਂ ਸਵਾਲ ਖੜ੍ਹੇ ਹੋ ਰਹੇ ਹਨ। ਸ: ਛੀਨਾ ਨੇ ਕਿਹਾ ਕਿ ਸਮਾਜ ‘ਚ ਨਸ਼ਾਖ਼ੋਰੀ ਦੀ ਲਾਹਨਤ ਨੂੰ ਰੋਕਣ ‘ਚ ਵੀ ਨਰਸਾਂ ਅਹਿਮ ਰੋਲ ਅਦਾ ਕਰ ਸਕਦੀਆਂ ਹਨ। ਉਨ੍ਹਾਂ ਕਿਹਾ ਕਿ ਨਸ਼ੇੜੀ ਨੂੰ ਨਸ਼ੇ ਦੀ ਲਤ ਤੋਂ ਛੁਟਕਾਰਾ ਦਿਵਾਉਣ ‘ਚ ਇਕ ਡਾਕਟਰੀ ਇਲਾਜ ਤੋਂ ਇਲਾਵਾ ਨਰਸ ਦੁਆਰਾ ਹਸਪਤਾਲ ‘ਚ ਕੀਤੀ ਜਾਂਦੀ ਦੇਖਭਾਲ ‘ਚ ਉਸਦੀ ਅਹਿਮ ਭੂਮਿਕਾ ਹੁੰਦੀ ਹੈ। ਕਾਲਜ ਪ੍ਰਿੰਸੀਪਲ ਡਾ. ਨੀਲਮ ਹੰਸ ਨੇ ਸ: ਛੀਨਾ, ਡਾ. ਕੰਵਲਜੀਤ ਅਤੇ ਡਾ. ਬਲਵਿੰਦਰ ਸਿੰਘ ਦਾ ਇਸ ਮੌਕੇ ਸਵਾਗਤ ਕਰਦਿਆਂ ਕਿਹਾ ਕਿ ਨਰਸਿੰਗ ਦੇ ਕਿੱਤੇ ‘ਚ ਬਹੁਤ ਸਾਰੀਆਂ ਤਬਦੀਲੀਆਂ ਆ ਰਹੀਆਂ ਹਨ, ਜਿੰਨ੍ਹਾਂ ਤੋਂ ਵਿਦਿਆਰਥੀਆਂ ਨੂੰ ਜਾਣੂ ਕਰਵਾਉਣਾ ਇਸ ਸੈਮੀਨਾਰ ਦਾ ਮੁੱਖ ਮਨੋਰਥ ਸੀ। ਸਮਾਰੋਹ ਕਾਲਜ ਵਿਦਿਆਰਥੀਆਂ ਵੱਲੋਂ ਸੱਭਿਆਚਾਰਕ ਰੰਗਾਰੰਗ ਪ੍ਰੋਗਰਾਮ ਵੀ ਪੇਸ਼ ਕੀਤਾ। ਇਸ ਮੌਕੇ ਆਏ ਹੋਏ ਮੁੱਖ ਮਹਿਮਾਨਾਂ ਤੋਂ ਇਲਾਵਾ ਕਾਲਜ ਸਟਾਫ਼ ਤੇ ਵੱਡੀ ਗਿਣਤੀ ‘ਚ ਵਿਦਿਆਰਥੀ ਮੌਜ਼ੂਦ ਸਨ।
Punjab Post Daily Online Newspaper & Print Media