ਵੱਖ-ਵੱਖ ਰਾਜਨੀਤਿਕ ਪਾਰਟੀਆਂ ਦੇ ਉਮੀਦਵਾਰਾਂ ਨੇ ਵੀ ਕੀਤਾ ਦੌਰਾ
ਅੰਮ੍ਰਿਤਸਰ, 13 ਮਈ (ਸੁਖਬੀਰ ਸਿੰਘ)- ਜ਼ਿਲਾ ਚੋਣਕਾਰ ਅਫ਼ਸਰ-ਕਮ-ਡਿਪਟੀ ਕਮਿਸ਼ਨਰ ਅੰਮ੍ਰਿਤਸਰ ਸ੍ਰੀ ਰਵੀ ਭਗਤ ਵਲੋਂ ਲੋਕ ਸਭਾਂ ਦੀਆਂ ਚੋਣਾਂ ਸਬੰਧੀ ਵੋਟਾਂ ਦੀ ਗਿਣਤੀ ਲਈ ਬਣਾਏ ਗਏ ਕੇਂਦਰਾਂ ਦਾ ਨਿਰੀਖਣ ਕੀਤਾ ਗਿਆ। ਇਸ ਮੌਕੇ ਗਿਣਤੀ ਕੇਦਰਾਂ ਦਾ ਅੰਮ੍ਰਿਤਸਰ ਲੋਕ ਸਭਾ ਸੀਟ ਦੇ ਉਮੀਦਵਾਰਾਂ ਅਤੇ ਚੋਣ ਏਜੰਟ ਵਲੋਂ ਗਿਣਤੀ ਕੇਦਰਾਂ ਦਾ ਦੌਰਾ ਕੀਤਾ ਗਿਆ ।ਡਿਪਟੀ ਕਮਿਸ਼ਨਰ ਰਵੀ ਭਗਤ ਵਲੋਂ ਮੈਡੀਕਲ ਕਾਲਜ ਅਤੇ ਖਾਲਸਾ ਕਾਲਜ ਵਿਖੇ ਰੱਖੀਆਂ ਗਈਆਂ ਇਲੈਕਟ੍ਰੋਨਿਕ ਵੋਟਿੰਗ ਮਸ਼ੀਨਾਂ ਦਾ ਜਾਇਜ਼ਾ ਲਿਆ ਅਤੇ ਅਧਿਕਾਰੀਆਂ ਨੂੰ ਸਖਤ ਨਿਗਰਾਨੀ ਕਰਨ ਦੀ ਹਦਾਇਤ ਕੀਤੀ। ਉਨਾਂ ਉਮੀਦਵਾਰਾਂ ਨੂੰ ਭਰੋਸਾ ਦਿਵਾਇਆ ਕਿ ਗਿਣਤੀ ਦਾ ਕੰਮ ਪਾਰਦਰਸ਼ੀ ਢੰਗ ਨਾਲ ਨੇਪਰੇ ਚਾੜਿਆ ਜਾਵੇਗਾ ਅਤੇ ਗਿਣਤੀ ਸਬੰਧੀ ਸਾਰੇ ਪ੍ਰਬੰਧ ਮੁਕੰਮਲ ਕੀਤੇ ਜਾ ਚੁੱਕੇ ਹਨ। ਉਨਾਂ ਦੱਸਿਆ ਕਿ ਈ.ਵੀ.ਐਮਜ਼ ਮਸ਼ੀਨਾਂ ੯ ਸਟਰਾਂਗ ਰੂਮਾਂ ਵਿੱਚ ਸੀਲ ਕੀਤੀਆਂ ਗਈਆਂ ਹਨ। ਇਨਾਂ ਸਟਰਾਂਗ ਰੂਮਾਂ ਵਿੱਚ ਕੇਂਦਰੀ ਅਰਧ ਸੈਨਿਕ ਬੱਲ ਤਾਇਨਾਤ ਕੀਤੇ ਗਏ ਹਨ। ਅਰਧ ਸੈਨਿਕ ਬਲਾਂ ਤੋਂ ਇਲਾਵਾ ਇਨਾਂ ਸਟਰਾਂਗ ਰੂਮਾਂ ਤੇ ਨਿਗਰਾਨੀ ਲਈ ਸੀ.ਸੀ.ਟੀ.ਵੀ. ਕੈਮਰੇ ਲਗਾਏ ਗਏ ਹਨ, ਤਾਂ ਜੋ ਇਨਾਂ ਸਟਰਾਂਗ ਰੂਮਾਂ ਵਿੱਚ ਪਈਆ ਵੋਟਿੰਗ ਮਸ਼ੀਨਾਂ ਨੂੰ ਸੁਰੱਖਿਅਤ ਰੱਖਿਆ ਜਾ ਸਕੇ। ਜ਼ਿਕਰਯੋਗ ਹੈ ਕਿ ਅੰਮ੍ਰਿਤਸਰ ਲੋਕ ਸਭਾ ਸੀਟ ਲਈ 30 ਅਪ੍ਰੈਲ ਨੂੰ ਵੋਟਾਂ ਪਈਆਂ ਸਨ ਅਤੇ ਵੋਟਾਂ ਦੀ ਗਿਣਤੀ 16 ਮਈ 2014 ਨੂੰ ਹੋਵੇਗੀ। ਜ਼ਿਲਾ ਚੋਣ ਅਫ਼ਸਰ ਸ੍ਰੀ ਰਵੀ ਭਗਤ ਨੇ ਦੱਸਿਆ ਕਿ ਲੋਕ ਸਭਾ ਚੋਣਾਂ ਸਬੰਧੀ ਅੰਮ੍ਰਿਤਸਰ ਵਿਖੇ ਦੋ ਕੇਂਦਰ ਬਣਾਏ ਗਏ ਹਨ। ਖਾਲਸਾ ਕਾਲਜ ਵਿਖੇ ਹਲਕਾ ਦੱਖਣੀ-19, ਅਟਾਰੀ-21, ਹਲਕਾ ਪੱਛਮੀ-16 ਅੰਮ੍ਰਿਤਸਰ ਕੇਂਦਰੀ- 17, ਅੰਮ੍ਰਿਤਸਰ ਪੂਰਬੀ-18 ਤੇ ਹਲਕਾ ਮਜੀਠਾ-13 ਅਤੇ ਮੈਡੀਕਲ ਕਾਲਜ ਅੰਮ੍ਰਿਤਸਰ ਵਿਖੇ ਹਲਕਾ ਅੰਮ੍ਰਿਤਸਰ ਉੱਤਰੀ-15, ਰਾਜਾਸਾਂਸੀ-12 ਤੇ ਹਲਕਾ ਅਜਨਾਲਾ-11 ਦੀਆਂ ਵੋਟਾਂ ਦੀ ਗਿਣਤੀ ਕੀਤੀ ਜਾਵੇਗੀ।