Monday, February 23, 2026

ਵਿਸ਼ਵ ਰੈਡ ਕਰਾਸ ਦਿਵਸ ਮੌਕੇ ਬੱਚਿਆਂ ਰਾਹੀਂ ਜਾਗਰੂਕਤਾ ਦਾ ਸੁਨੇਹਾ

PPN0705201602

ਬਠਿੰਡਾ, 7 ਮਈ (ਜਸਵਿੰਦਰ ਸਿੰਘ ਜੱਸੀ, ਅਵਤਾਰ ਸਿੰਘ ਕੈਂਥ)- ਡਿਪਟੀ ਕਮਿਸ਼ਨਰ ਡਾ. ਬਸੰਤ ਗਰਗ ਨੇ ਵਿਸ਼ਵ ਰੈਡ ਕਰਾਸ ਦਿਵਸ ਮੌਕੇ ਜ਼ਿਲ੍ਹਾ ਰੈਡ ਕਰਾਸ ਸੁਸਾਇਟੀ ਬਠਿੰਡਾ ਵਲੋਂ ਗਰੀਬਾਂ, ਮਰੀਜ਼ਾਂ, ਲੋੜਵੰਦਾਂ ਅਤੇ ਬੇਸਹਾਰਿਆਂ ਦੀ ਭਲਾਈ ਹਿੱਤ ਚੱਲ ਰਹੇ ਕਾਰਜਾਂ ਵਿੱਚ ਲੋਕਾਂ ਨੂੰ ਅਹਿਮ ਰੋਲ ਨਿਭਾਉਣ ਦੀ ਅਪੀਲ ਕਰਦਿਆਂ ਕਿਹਾ ਕਿ ਇਸ ਨਾਲ ਨਿੱਗਰ ਅਤੇ ਸਿਹਤਮੰਦ ਸਮਾਜ ਦੀ ਸਿਰਜਣਾ ਕੀਤੀ ਜਾ ਸਕਦੀ ਹੈ। ਸਥਾਨਕ ਫਾਇਰ ਸਟੇਸ਼ਨ ਤੋਂ ਮਹੰਤ ਗੁਰਬੰਤਾ ਦਾਸ ਸਕੂਲ ਫਾਰ ਡੈਫ ਐਂਡ ਡੰਬ ਦੇ ਬੱਚਿਆਂ ਵਲੋਂ ਕੱਢੀ ਜਾਗਰੂਕਤਾ ਰੈਲੀ ਨੂੰ ਰਵਾਨਾ ਕਰਨ ਮੌਕੇ ਡਾ. ਗਰਗ ਨੇ ਕਿਹਾ ਕਿ ਰੈਡ ਕਰਾਸ ਸੰਸਥਾ ਦੇ ਬਾਨੀ ਸਰ ਜੀਨ ਹੈਨਰੀ ਡਿਊਨਾ ਵਲੋਂ ਦਿੱਤਾ ਮਨੁੱਖਤਾ ਦੀ ਭਲਾਈ ਦਾ ਸੁਨੇਹਾ ਘਰ-ਘਰ ਤੱਕ ਪਹੁੰਚਾਉਣਾ ਅਤੇ ਭਲਾਈ ਕਾਰਜ਼ਾਂ ਨੂੰ ਬਰਕਰਾਰ ਰੱਖਣਾ ਹੀ ਉਨ੍ਹਾਂ ਨੂੰ ਸੱਚੀ ਸ਼ਰਧਾਂਜਲੀ ਹੋਵੇਗੀ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਰੈਡ ਕਰਾਸ ਵਲੋਂ ਜ਼ਿਲ੍ਹੇ ਵਿੱਚ ਚਲਾਏ ਜਾ ਰਹੇ ਵੱਖ-ਵੱਖ ਭਲਾਈ ਕਾਰਜਾਂ ਵਿੱਚ ਅਹਿਮ ਰੋਲ ਨਿਭਾਉਂਦਿਆਂ ਇਨ੍ਹਾਂ ਕਾਰਜਾਂ ਦਾ ਫੈਲਾਅ ਹੇਠਲੇ ਪੱਧਰ ਤੱਕ ਲਿਜਾਇਆ ਜਾਵੇ। ਉਨ੍ਹਾਂ ਸ਼ਹਿਰ ਵਾਸੀਆਂ ਨੂੰ ਪੁਰਜ਼ੋਰ ਅਪੀਲ ਕੀਤੀ ਕਿ ਉਹ ਸੰਸਥਾ ਨਾਲ ਜੁੜਕੇ ਸਮਾਜਿਕ ਅਤੇ ਭਲਾਈ ਕਾਰਜਾਂ ਵਿਚ ਅਹਿਮ ਯੋਗਦਾਨ ਪਾਉਣ ਤਾਂ ਜੋ ਲੋੜਵੰਦਾਂ ਦੀ ਵੱਧ ਤੋਂ ਵੱਧ ਮੱਦਦ ਨੂੰ ਯਕੀਨੀ ਬਣਾਇਆ ਜਾ ਸਕੇ। ਡਿਪਟੀ ਕਮਿਸ਼ਨਰ ਨੇ ਮਹੰਤ ਗੁਰਬੰਤਾ ਦਾਸ ਸਕੂਲ ਫਾਰ ਡੈਫ ਐਂਡ ਡੰਬ ਦੇ ਬੱਚਿਆਂ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਵੱਧ ਤੋਂ ਵੱਧ ਸ਼ਹਿਰ ਵਾਸੀਆਂ ਨੂੰ ਰੈਡ ਕਰਾਸ ਵਲੋਂ ਆਰੰਭੇ ਭਲਾਈ ਕਾਰਜਾਂ ਦਾ ਸਰਗਰਮ ਹਿੱਸਾ ਬਣਦੇ ਹੋਏ ਭਰਪੂਰ ਸਹਿਯੋਗ ਕਰਨਾ ਚਾਹੀਦਾ ਹੈ ਤਾਂ ਜੋ ਲੋੜਵੰਦਾਂ ਦੀ ਮੱਦਦ ਹੇਠਲੇ ਪੱਧਰ ਤੱਕ ਅਮਲ ਵਿਚ ਲਿਆਂਦੀ ਜਾ ਸਕੇ। ਉਨ੍ਹਾਂ ਕਿਹਾ ਕਿ ਜ਼ਿਲ੍ਹਾ ਰੈਡ ਕਰਾਸ ਸੁਸਾਇਟੀ ਵਲੋਂ ਵੱਖ-ਵੱਖ ਭਲਾਈ ਕਾਰਜ ਚਲਾਏ ਜਾ ਰਹੇ ਹਨ ਜਿਨ੍ਹਾਂ ਵਿੱਚ ਮਹੰਤ ਗੁਰਬੰਤਾ ਦਾਸ ਸਕੂਲ ਫਾਰ ਡੈਫ ਐਂਡ ਡੰਬ ਚਿਲਡਰਨ, ਰੈਡ ਕਰਾਸ ਨਸ਼ਾ ਛੁਡਾਓ ਕੇਂਦਰ, ਰੈਡ ਕਰਾਸ ਪੰਘੂੜਾ ਸਕੀਮ, ਰੈਡ ਕਰਾਸ ਈਵਨਿੰਗ ਸਕੂਲ, ਕਰੈਚ ਸੈਂਟਰ, ਮੈਡੀਕਲ ਸਟੋਰ ਆਦਿ ਸ਼ਾਮਲ ਹਨ। ਉਨ੍ਹਾਂ ਦੱਸਿਆ ਕਿ ਪਿੰਡ ਨਰੂਆਣਾ ਵਿੱਚ ਰੈਡ ਕਰਾਸ ਦੀ ਥਾਂ ‘ਤੇ ਇੱਕ ਨਵੀਂ ਡਿਸਪੈਂਸਰੀ ਬਣਾਈ ਗਈ ਹੈ ਅਤੇ ਲੜਕੀਆਂ ਲਈ 20 ਵਿਦਿਅਕ ਅਦਾਰਿਆਂ ਵਿੱਚ ਸੈਨੇਟਰੀ ਨੇਪਕਿਨ ਵੈਡਿੰਗ ਮਸ਼ੀਨਾਂ ਦੀ ਸਥਾਪਤੀ ਤੋਂ ਇਲਾਵਾ ਵੱਖ-ਵੱਖ ਭਲਾਈ ਕਾਰਜ ਮੁਕੰਮਲ ਕੀਤੇ ਜਾ ਚੁੱਕੇ ਹਨ।
ਇਸ ਮੌਕੇ ਰੈਡ ਕਰਾਸ ਦੇ ਸਕੱਤਰ ਕਰਨਲ ਵੀਰੇਂਦਰ ਕੁਮਾਰ (ਰਿਟਾ.) ਨੇ ਲੋਕਾਂ ਨੂੰ ਅਪੀਲ ਕੀਤੀ ਕਿ ਰੈਡ ਕਰਾਸ ਦੇ ਪ੍ਰਜੈਕਟਾਂ ਵਿੱਚ ਬਣਦਾ ਯੋਗਦਾਨ ਪਾਉਣ ਅਤੇ ਸਹਿਯੋਗ ਕਰਨ। ਬੱਚਿਆਂ ਵਲੋਂ ਕੱਢੀ ਜਾਗਰੂਕਤਾ ਰੈਲੀ ਨੇ ਵੱਖ-ਵੱਖ ਸਮਾਜਿਕ ਮੁੱਦਿਆਂ ਜਿਵੇਂ ਐਚ.ਆਈ.ਵੀ., ਨਸ਼ੇ, ਭਰੂਣ ਹੱਤਿਆ, ਰੁੱਖਾਂ ਅਤੇ ਪਾਣੀ ਦੀ ਸੰਭਾਲ ਨੂੰ ਆਪਣੇ ਹੱਥਾਂ ਵਿੱਚ ਫੜੀਆਂ ਤਖਤੀਆਂ ਰਾਹੀਂ ਉਭਾਰਿਆ। ਇਸ ਮੌਕੇ ਹੋਰਨਾਂ ਤੋਂ ਇਲਾਵਾ ਗੁਰੂ ਗੋਬਿੰਦ ਸਿੰਘ ਰਿਫ਼ਾਇਨਰੀ ਫੁੱਲੋਖਾਰੀ ਵਲੋਂ ਸੀਐਸਆਰ ਆਫ਼ੀਸਰ ਸੰਦੀਪ ਅਤੇ ਵਾਹਿਗੁਰੂਪਾਲ ਸਿੰਘ, ਅੰਬੁਜਾ ਸੀਮੇਂਟ ਤੋਂ ਸੰਜੇ ਕੁਮਾਰ, ਐਗਜਿਕਿਊਟਿਵ ਕਮੇਟੀ ਮੈਂਬਰਜ਼ ਮਿਸਿਜ਼ ਐਸ.ਐਲ.ਲਾਟਿਕਾ, ਜੇ.ਆਰ.ਗੋਇਲ, ਅਮਰਜੀਤ ਕੌਰ ਕੋਟਫੱਤਾ ਡੀ.ਈ.ਓ.(ਸੈਕੰ:) , ਸਹਾਇਕ ਸਿਵਲ ਸਰਜਨ ਡਾ. ਰਾਜ ਕੁਮਾਰ ਅਤੇ ਪ੍ਰੋਫੈਸਰ ਐਨ.ਕੇ.ਗੋਸਾਂਈ, ਮਨੋਜ ਕੁਮਾਰ, ਹਰਬਿਲਾਸ ਸਿੰਗਲਾ ਵੀ ਸ਼ਾਮਲ ਸਨ।

Check Also

ਖਾਲਸਾ ਕਾਲਜ ਵੱਲੋਂ ‘ਨਵੀਨਤਾ ਅਤੇ ਉਦਯਮਿਤਾ ਆਊਟਰੀਚ’ ਪ੍ਰੋਗਰਾਮ ਕਰਵਾਇਆ ਗਿਆ

ਅੰਮ੍ਰਿਤਸਰ, 22 ਫਰਵਰੀ (ਸੁਖਬੀਰ ਸਿੰਘ ਖੁਰਮਣੀਆਂ ) – ਖ਼ਾਲਸਾ ਕਾਲਜ ਦੇ ਗਣਿਤ ਵਿਭਾਗ ਵੱਲੋਂ ਇੰਸਟੀਚਿਊਸ਼ਨਜ਼ …

Leave a Reply