
ਅਲਗੋਂ ਕੋਠੀ, 7 ਮਈ (ਹਰਦਿਆਲ ਸਿੰਘ ਭੈਣੀ) – ਸ੍ਰੀ ਮੀਨਾ ਕੁਮਾਰੀ, ਬਾਲ ਵਿਕਾਸ ਪ੍ਰੋਜੈਕਟ ਅਫਸਰ ਭਿੱਖੀਵਿੰਡ (ਤਰਨ ਤਾਰਨ) ਅਤੇ ਸz. ਸੁਖਦੀਪ ਸਿੰਘ ਬਾਜਵਾ ਸੀ. ਸਹਾਇਕ ਦਫਤਰ ਸੀ.ਡੀ.ਪੀ.ਓ ਭਿੱਖੀਵਿੰਡ ਵੱਲੋਂ ਭਾਰਤ ਸਰਕਾਰ ਅਤੇ ਵਿਭਾਗ ਦੇ ਦਿਸ਼ਾ ਨਿਰਦੇਸ਼ਾਂ ਹੇਠ ਬੇਟੀ ਬਚਾਓ-ਬੇਟੀ ਪੜ੍ਹਾਓ ਅਭਿਆਨ ਤਹਿਤ ਬਲਾਕ ਅਧੀਨ ਆਉਂਦੇ ਪਿੰਡ ਅਲਗੋਂ ਕੋਠੀ, ਪਿੰਡ ਦਿਆਲਪੁਰਾ ਵਿਖੇ ਵੱਖ-ਵੱਖ ਸਰਕਲ ਪੱਧਰੀ ਵਰਕਸ਼ਾਪਾਂ ਤੇ ਕੈਂਪਾਂ ਦਾ ਆਯੋਜਨ ਕੀਤਾ ਗਿਆ।ਜਿਸ ਵਿੱਚ ਵੱਖ-ਵੱਖ ਵਿਭਾਗਾਂ ਤੋਂ ਆਏ ਅਧਿਕਾਰੀਆਂ, ਨੁਮਾਇੰਦਿਆਂ ਤੇ ਸਰਪੰਚ ਗ੍ਰਾਮ ਪੰਚਾਇਤਾਂ ਨੇ ਸੰਬੋਧਨ ਦੌਰਾਨ ਹਾਜ਼ਰ ਲੋਕਾਂ ਨੂੰ ਦਹੇਜ ਪ੍ਰਥਾ, ਮਾਦਾ ਭਰੂਣ ਹੱਤਿਆ, ਘਰੇਲੂ ਹਿੰਸਾ ਅਤੇ ਨਸ਼ਿਆਂ ਵਰਗੀਆਂ ਬੁਰਾਈਆਂ ਰੋਕਣ ਸੰਬੰਧੀ ਵਿਸਥਾਰ ਪੂਰਵਕ ਜਾਣਕਾਰੀ ਦਿੱਤੀ ਗਈ। ਵਰਕਸ਼ਾਪਾਂ ਤੇ ਕੈਂਪਾਂ ਵਿੱਚ ਸੀ.ਡੀ.ਪੀ.ਓ ਸ੍ਰੀਮਤੀ ਮੀਨਾ ਕੁਮਾਰੀ ਵੱਲੋਂ ਸੰਬੋਧਨ ਕਰਦਿਆਂ ਦੱਸਿਆ ਕਿ ਭਾਰਤ ਸਰਕਾਰ ਵੱਲੋਂ ਇਹ ਅਭਿਆਨ ਇਸ ਕਰਕੇ ਸ਼ੁਰੂ ਕੀਤਾ ਗਿਆ ਕਿ ਮਾਦਾ ਭਰੂਣ ਹੱਤਿਆ ਨੂੰ ਰੋਕਣ ਦੇ ਨਾਲ-ਨਾਲ ਲੜਕੀ ਨੂੰ ਸਿੱਖਿਅਤ ਕਰਨ ਲਈ ਵੀ ਉਪਰਾਲੇ ਕਰਨੇ ਚਾਹੀਦੇ ਹਨ। ਸਾਡਾ ਸਮਾਜ ਲੜਕੇ ਨੂੰ ਬਿਨ੍ਹਾਂ ਕਿਸੇ ਰੋਕ ਟੋਕ ਦੇ ਸਕੂਲ, ਕਾਲਜ ਭੇਜ ਰਿਹਾ ਹੈ। ਪਰ ਲੜਕੀ ਨੂੰ ਉੱਚ ਵਿੱਦਿਆ ਪ੍ਰਾਪਤ ਕਰਨ ਤੋਂ ਰੋਕਣ ਲਈ ਤਰ੍ਹਾਂ-ਤਰ੍ਹਾਂ ਦੇ ਨਿਰਮੂਲ ਬਹਾਨੇ ਘੜ੍ਹ ਕੇ ਪਾਬੰਦੀਆਂ ਲਗਾ ਰਿਹਾ ਹੈ। ਜਦੋਂ ਕਿ ਚਾਰ ਚੁਫੇਰੇ ਝਾਤ ਮਾਰੀਏ ਤਾਂ ਪਾਬੰਦੀਆਂ ਦੇ ਬਾਵਜੂਦ ਵੀ ਲੜਕੀਆਂ ਲੜਕਿਆਂ ਤੋਂ ਅੱਗੇ ਜਾ ਰਹੀਆਂ ਹਨ। ਇੰਨ੍ਹਾਂ ਬੁਰਾਈਆਂ ਵਿਰੁੱਧ ਸਾਨੂੰ ਕਾਨੂੰਨੀ ਧਾਰਾਵਾਂ ਸੰਬੰਧੀ ਵੀ ਜਾਣਕਾਰੀ ਹੋਣੀ ਚਾਹੀਦੀ ਹੈ। ਸੀ.ਡੀ.ਪੀ.ਓ ਦਫਤਰ ਵੱਲੋਂ ਸਰਕਾਰੀ ਕੰਨਿਆਂ ਸਕੂਲ ਅਲਗੋਂ ਕੋਠੀ ਦੀਆਂ ਨਾਮਣਾ ਖੱਟਣ ਵਾਲੀਆਂ ਹੋਣਹਾਰ ਲੜਕੀਆਂ ਨੂੰ ਮੁੱਖ ਅਧਿਆਪਕ ਸੁਭਿੰਦਰਜੀਤ ਸਿੰਘ ਸਰਕਾਰੀ ਕੰਨਿਆ ਹਾਈ ਸਕੂਲ ਅਤੇ ਗੁਰਬੀਰ ਸਿੰਘ ਯੂਥ ਅਕਾਲੀ ਆਗੂ ਅਲਗੋਂ ਕਲਾਂ ਵਲੋਂ ਵਿਸ਼ੇਸ਼ ਤੌਰ ਤੇ ਸਨਮਾਨਿਤ ਕੀਤਾ ਗਿਆ ਅਤੇ ਨਵ-ਜੰਮੀਆਂ ਬੱਚੀਆਂ ਨੂੰ ਬਸਤਰ ਵਗੈਰਾ ਵੰਡੇ ਗਏ ਅਤੇ ਕੇਕ ਕੱਟੇ ਗਏ।ਬਲਾਕ ਅਧੀਨ ਆਉਂਦੇ ਸੈਂਟਰਾਂ ਵਿੱਚ ਦਾਖਲ ਬੱਚੀਆਂ ਨੂੰ ਕਾਪੀਆਂ ਆਦਿ ਵੰਡੀਆਂ ਗਈਆਂ। ਅੰਤ ਵਿੱਚ ਸੀ.ਡੀ.ਪੀ.ਓ. ਵੱਲੋਂ ਸਮੂੰਹ ਵਿਭਾਗਾਂ, ਸਰਪੰਚਾਂ ਅਤੇ ਆਏ ਲੋਕਾਂ ਵੱਲੋਂ ਦਿੱਤੇ ਗਏ ਸਹਿਯੋਗ ਦਾ ਤਹਿ ਦਿਲੋਂ ਧੰਨਵਾਦ ਕੀਤਾ ਗਿਆ।
Punjab Post Daily Online Newspaper & Print Media