ਨਵੀਂ ਦਿੱਲੀ, 10 ਮਈ (ਅੰਮ੍ਰਿਤ ਲਾਲ ਮੰਨਣ)- ਸ਼੍ਰੀ ਅਕਾਲ ਤਖਤ ਸਾਹਿਬ ਨੂੰ ਚੁਨੌਤੀ ਦੇ ਕੇ ਬੀਤੇ ਵਰ੍ਹੇ ਬੁਲਾਏ ਗਏ ਸਰਬਤ ਖਾਲਸਾ ਵਿੱਚ ਚੁਣੇ ਗਏ ਜਥੇਦਾਰਾਂ ਦੀ ਦਿੱਲੀ ਫੇਰੀ ਵਿਵਾਦਾਂ ਵਿਚ ਆ ਗਈ ਹੈ। ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਪਰਮਜੀਤ ਸਿੰਘ ਸਰਨਾ ਅਤੇ ਆਮ ਆਦਮੀ ਪਾਰਟੀ ਦੇ ਸਮਰਥਕ ਪੰਥਕ ਸੇਵਾ ਦਲ ਦੇ ਆਗੂਆਂ ਵੱਲੋਂ ਜਥੇਦਾਰਾਂ ਦਾ ਕੀਤਾ ਗਿਆ ਸਵਾਗਤ ਕਮੇਟੀ ਨੂੰ ਤਖਤ ਸਾਹਿਬ ਨੂੰ ਚੁਨੌਤੀ ਦੇਣ ਵੱਜੋਂ ਲੱਗ ਰਿਹਾ ਹੈ। ਸਰਨਾ ਵੱਲੋਂ ਜਥੇਦਾਰਾਂ ਦਾ ਸਨਮਾਨ ਆਪਣੇ ਗ੍ਰਹਿ ਵਿਖੇ ਕਰਨ ਅਤੇ ਪੰਥਕ ਸੇਵਾ ਦਲ ਦੇ ਕੁਝ ਚੋਣਵੇਂ ਆਗੂਆਂ ਵੱਲੋਂ ਹਵਾਈ ਅੱਡੇ ਤੇ ਜਾ ਕੇ ਕੀਤੇ ਗਏ ਸਵਾਗਤ ਤੇ ਕਮੇਟੀ ਦਾ ਵੀ ਪ੍ਰਤੀਕਰਮ ਸਾਹਮਣੇ ਆਇਆ ਹੈ।
ਕਮੇਟੀ ਨੇ ਸਰਨਾ ਦੇ ਇਸ ਕਦਮ ਨੂੰ ਸਿੱਖਾਂ ਵਿਚ ਦੁਵਿਧਾ ਪਾਉਣ ਦੀ ਸਰਨਾ ਅਤੇ ਉਨ੍ਹਾਂ ਦੇ ਭਰਾਤਾ ਹਰਵਿੰਦਰ ਸਿੰਘ ਸਰਨਾ ਵੱਲੋਂ 2010 ਤੋਂ ਚਲਾਈ ਗਈ ਮੁਹਿੰਮ ਦਾ ਹਿੱਸਾ ਦੱਸਦੇ ਹੋਏ ਸਰਨਾ ਦਲ ਨੂੰ ਵਿਚਾਰਧਾਰਕ ਪੱਖੋਂ ਖਾਲੀ ਕਰਾਰ ਦਿੱਤਾ ਹੈ। ਕਮੇਟੀ ਅਤੇ ਸ਼੍ਰੋਮਣੀ ਅਕਾਲੀ ਦਲ ਦਿੱਲੀ ਇਕਾਈ ਦੇ ਬੁਲਾਰੇ ਪਰਮਿੰਦਰ ਪਾਲ ਸਿੰਘ ਨੇ ਸਰਨਾ ਵੱਲੋਂ ਲਗਾਤਾਰ ਸੰਗਤਾਂ ਨੂੰ ਗੁਮਰਾਹ ਕਰਨ ਦੀ ਕੀਤੀ ਜਾਉਂਦੀ ਕੋਸ਼ਿਸ਼ਾਂ ਨੂੰ ਪੰਥ ਦੀ ਚੜ੍ਹਦੀਕਲਾ ਅਤੇ ਏਕਤਾ ਵਾਸਤੇ ਖੱਤਰਾ ਵੀ ਦੱਸਿਆ ਹੈ।
ਉਨ੍ਹਾਂ ਕਿਹਾ ਕਿ ਸਰਨਾ ਭਰਾ ਸ਼੍ਰੀ ਅਕਾਲ ਤਖਤ ਸਾਹਿਬ ਨੂੰ ਨੀਵਾਂ ਵਿਖਾਉਣ ਦਾ ਕੋਈ ਮੌਕਾ ਖਾਲੀ ਨਹੀਂ ਜਾਉਣ ਦਿੰਦੇ ਹਨ, ਨਾਨਕਸ਼ਾਹੀ ਕਲੈਂਡਰ ਦੇ ਮਸਲੇ ਤੇ ਦੋ-ਦੋ ਗੁਰਪੁਰਬਾਂ ਅਤੇ ਸੰਗਰਾਂਦਾ ਦੀ ਮਰਿਯਾਦਾ ਦਿੱਲੀ ਦੇ ਗੁਰਧਾਮਾ ਵਿਚ ਚਲਾਉਣ ਤੋਂ ਬਾਅਦ ਜਦੋਂ ਸੰਗਤਾਂ ਨੇ ਇਨ੍ਹਾਂ ਨੂੰ ਦਿੱਲੀ ਕਮੇਟੀ ਦੇ ਪ੍ਰਬੰਧਕੀ ਸੇਵਾ ਤੋਂ ਬਾਹਰ ਕਰ ਦਿੱਤਾ ਤਾਂ ਇਨ੍ਹਾਂ ਨੇ ਪਹਿਲੇ ਨਿਤਨੇਮ ਦੀਆਂ ਬਾਣੀਆਂ ਦਾ ਵਿਰੋਧ ਕਰਨ ਵਾਲੇ ਲੋਕਾਂ ਨੂੰ ਪਨਾਹ ਦਿੱਤੀ ਅਤੇ ਹੁਣ ਸਰਬਤ ਖਾਲਸਾ ਵਿਚ ਚੁਣੇ ਗਏ ਜਥੇਦਾਰਾਂ ਨੂੰ ਮਾਨਤਾ ਦੇਣ ਦੀ ਕੋਸ਼ਿਸ਼ ਕਰ ਰਹੇ ਹਨ। ਉਨ੍ਹਾਂ ਨੇ ਸਰਨਾ ਭਰਾਵਾਂ ਵੱਲੋਂ ਬੀਤੇ ਦਿੱਨੀਂ ਸ਼੍ਰੀ ਨਨਕਾਣਾ ਸਾਹਿਬ ਨੂੰ ਛੇਵਾਂ ਮੁਖ ਤਖਤ ਬਣਾਉਣ ਦੀ ਚੁੱਕੀ ਗਈ ਆਵਾਜ਼ ਨੂੰ ਸ਼੍ਰੀ ਅਕਾਲ ਤਖਤ ਸਾਹਿਬ ਦੀ ਸਰਬਉ-ਚਤਾ ਅਤੇ ਸ਼ੀz ਗੁਰੂ ਹਰਿਗੋਬਿੰਦ ਸਾਹਿਬ ਵੱਲੋਂ ਸ਼੍ਰੀ ਅਕਾਲ ਤਖਤ ਸਾਹਿਬ ਦੀ ਕੀਤੀ ਗਈ ਸਥਾਪਨਾ ਦੇ ਪਿੱਛੇ ਦੀ ਸੋਚ ਨੂੰ ਢਾਹ ਲਾਉਣ ਦੀ ਕੋਸ਼ਿਸ਼ ਵੀ ਦੱਸਿਆ।
ਉਨ੍ਹਾਂ ਕਿਹਾ ਕਿ 11 ਨਵੰਬਰ 2015 ਨੂੰ ਅੰਮ੍ਰਿਤਸਰ ਦੇ ਚੱਬਾ ਵਿਖੇ ਹੋਏ ਪੰਥਕ ਇੱਕਠ ਨੂੰ ਸਰਨਾ ਨੇ ਪਹਿਲੇ ਤਾਂ ਸਰਬਤ ਖਾਲਸਾ ਵੱਜੋਂ ਮਾਨਤਾ ਦੇਣ ਤੋਂ ਇਨਕਾਰ ਕਰਦੇ ਹੋਏ ਸਮੂਲੀਅਤ ਕਰਨ ਤੋਂ ਪਾਸਾ ਵੱਟ ਲਿਆ ਸੀ ਪਰ ਹੁਣ ਕੀ ਮਜਬੂਰੀ ਸੀ ਕਿ ਉਸ ਇੱਕਠ ਵਿੱਚ ਥਾਪੇ ਗਏ ਜਥੇਦਾਰਾਂ ਨੂੰ ਸਰਨਾ ਮਾਨਤਾ ਦੇਣ ਦੀ ਕੋਸ਼ਿਸ਼ ਕਰ ਰਹੇ ਹਨ। ਸਰਨਾ ਨੂੰ ਦੋ ਬੇੜੀਆਂ ‘ਤੇ ਇਕੱਠੀ ਸਵਾਰੀ ਕਰਨ ਤੋਂ ਪਹਿਲਾਂ ਸੰਗਤਾਂ ਅੱਗੇ ਇਸ ਗੱਲ ਨੂੰ ਸਾਫ਼ ਕਰਨਾ ਚਾਹੀਦਾ ਹੈ ਕਿ ਉਨ੍ਹਾਂ ਦਾ ਸਰਬਤ ਖਾਲਸਾ ਨੂੰ ਲੈ ਕੇ ਪਹਿਲਾ ਵਾਲਾ ਸਟੈਂਡ ਠੀਕ ਸੀ ਜਾਂ ਹੁਣ ਵਾਲਾ।
ਉਨ੍ਹਾਂ ਨੇ ਸਰਨਾ ਵੱਲੋਂ ਜਗਦੀਸ ਟਾਈਟਲਰ ਦੇ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਾਹਿਬਾਨ ਨੂੰ ਪੱਤਰ ਲਿਖਣ ਦੇ ਮਸਲੇ ਤੇ ਵੀ ਧਾਰੀ ਚੁੱਪ ‘ਤੇ ਵੀ ਸਵਾਲ ਖੜੇ ਕੀਤੇ। ਉਨ੍ਹਾਂ ਨੇ ਸਰਨਾ ਭਰਾਵਾਂ ਤੇ ਕੈਪਟਨ ਅਮਰਿੰਦਰ ਸਿੰਘ ਅਤੇ ਕਾਂਗਰਸ ਦੇ ਪੰਥ ਤੋੜੂ ਏਜੰਡੇ ਤੇ ਚਲਣ ਦਾ ਦੋਸ਼ ਵੀ ਲਗਾਇਆ। ਉਨ੍ਹਾਂ ਕਿਹਾ ਕਿ ਸਰਨਾ ਦੇ ਹਮਰਾਜ ਅਮਰਿੰਦਰ ਸਿੰਘ ਸਹਿਜਧਾਰੀਆਂ ਦੇ ਵੋਟ ਸ਼੍ਰੋਮਣੀ ਕਮੇਟੀ ਚੋਣਾਂ ਵਿੱਚ ਖਤਮ ਹੋਣ ਦੇ ਮਸਲੇ ‘ਤੇ ਖੁਲ ਕੇ ਪੰਥ ਦਾ ਵਿਰੋਧ ਕਰ ਰਹੇ ਹਨ ਪਰ ਸਰਨਾ ਇਸ ਮਸਲੇ ਨੂੰ ਵੀ ਆਪਣੀ ਸੁਵੀਧਾ ਦੀ ਸਿਆਸ਼ਤ ਅਨੁਸਾਰ ਵਰਤ ਰਹੈ ਹਨ। ਉਨ੍ਹਾਂ ਸਵਾਲ ਕੀਤਾ ਕਿ ਖਾਲਿਸਤਾਨ ਦੇ ਸਮਰਥਨ ਵਿਚ ਆਵਾਜ਼ ਬੁਲੰਦ ਕਰਨ ਵਾਲੇ ਹੋਏ ਉਕਤ ਪੰਥਕ ਇਕੱਠ ਵਿਚ ਚੁਣੇ ਗਏ ਜਥੇਦਾਰਾਂ ਦੇ ਨਾਲ ਦਿੱਲੀ ਘਟਗਿਣਤੀ ਕਮਿਸ਼ਨ ਦੇ ਸੰਵਿਧਾਨਿਕ ਅਹੁੱਦੇ ਤੇ ਮੈਂਬਰ ਵੱਜੋਂ ਬੈਠੇ ਹਰਵਿੰਦਰ ਸਿੰਘ ਸਰਨਾ ਨੂੰ ਇਸ ਮੁਲਾਕਾਤ ਤੋਂ ਬਾਅਦ ਕੀ ਇਸ ਅਹੁੱਦੇ ਤੇ ਬੈਠਣ ਦਾ ਹੁਣ ਕੋਈ ਅਧਿਕਾਰ ਰਹਿ ਜਾਂਦਾ ਹੈ ?
Check Also
ਦੁਬਈ ਦੇ ਵੱਡੇ ਦਿਲ ਵਾਲੇ ਸਰਦਾਰ ਨੇ ਜਾਰਜੀਆ ਹਾਦਸੇ `ਚ ਮਰਨ ਵਾਲਿਆਂ ਦੇ ਪਰਿਵਾਰਾਂ ਦੀ ਫ਼ੜੀ ਬਾਂਹ
ਅੰਮ੍ਰਿਤਸਰ, 23 ਦਸੰਬਰ (ਜਗਦੀਪ ਸਿੰਘ) – ਦੁਬਈ ਦੇ ਉੱਘੇ ਕਾਰੋਬਾਰੀ ਤੇ ਸਰਬਤ ਦਾ ਭਲਾ ਚੈਰੀਟੇਬਲ …
Punjab Post Daily Online Newspaper & Print Media