
ਫ਼ਾਜ਼ਿਲਕਾ, 13 ਮਈ (ਵਿਨੀਤ ਅਰੋੜਾ)- ਸਰਕਾਰ ਵੱਲੋਂ ਮੁੱਢਲੀ ਸਿੱਖਿਆ ‘ਤੇ ਕਰੋੜਾਂ ਰੁਪਏ ਖ਼ਰਚ ਕਰਨ ਦੇ ਦਾਅਵੇ ਕੀਤੇ ਜਾ ਰਹੇ ਹਨ। ਸੰਨ 2001 ਤੋਂ ਸਰਵ ਸਿੱਖਿਆ ਅਭਿਆਨ ਚਲਾ ਕੇ ਪੇਡੂ ਬੱਚਿਆਂ ਨੂੰ ਚੰਗਾ ਢਾਂਚਾ ਜਿਸ ‘ਚ ਇਮਾਰਤਾਂ, ਪੜਨਯੋਗ ਸਮੱਗਰੀ ਤੇ ਪਖਾਨੇ ਮੁਹੱਈਆ ਕਰਵਾਉਣ ਦੇ ਐਲਾਨ ਕੀਤੇ ਜਾ ਰਹੇ ਹਨ। ਪਰ ਇਸ ਦੇ ਬਾਵਜੂਦ ਅਰਨੀਵਾਲਾ ਖੇਤਰ ਦੇ ਅੱਧੀ ਦਰਜਨ ਸਰਕਾਰੀ ਸਕੂਲਾਂ ਦੀ ਹਾਲਤ ਦੇਖ ਕੇ ਨਹੀ ਲੱਗਦਾ ਕਿ ਸਰਕਾਰ ਪੇਂਡੂ ਤੇ ਗ਼ਰੀਬ ਬੱਚਿਆਂ ਪ੍ਰਤੀ ਸੁਹਿਰਦ ਹੈ। ਅਰਨੀਵਾਲਾ ਖੇਤਰ ਦੇ ਕਈ ਸਕੂਲ ਮੁੱਢਲੀ ਸਹੂਲਤਾਂ ਤੋਂ ਬਿਨਾ ਚੱਲ ਰਹੇ ਹਨ। ਅੱਧੀ ਦਰਜਨ ਸਕੂਲਾਂ ਕੋਲ ਲੋੜੀਂਦੀ ਇਮਾਰਤ ਨਹੀ ਹੈ। ਬੱਚੇ ਗਰਮੀ, ਬਰਸਾਤ ਤੇ ਸਰਦੀ ‘ਚ ਬਾਹਰ ਬੈਠਣ ਲਈ ਮਜਬੂਰ ਹਨ। ਸਰਕਾਰੀ ਪ੍ਰਾਇਮਰੀ ਸਕੂਲ ਢਿੱਪਾਵਾਲੀ ਦੀ ਖਸਤਾ ਹਾਲ ਬਾਰੇ ਸਕੂਲ ਪ੍ਰਬੰਧਕ ਕਈ ਵਾਰ ਵਿਭਾਗ ਨੂੰ ਰਿਪੋਰਟ ਭੇਜ ਚੁੱਕੇ ਹਨ ਪਰ ਇਸ ਦੇ ਬਾਵਜੂਦ ਸਰਕਾਰ ਦਾ ਧਿਆਨ ਇੱਧਰ ਨਹੀ ਗਿਆ। ਸਕੂਲ ਦੇ ਪੰਜ ਕਮਰਿਆਂ ‘ਚੋਂ ਚਾਰ ਅਣ-ਸਰੁੱਖਿਅਤ ਐਲਾਨੇ ਜਾ ਚੁੱਕੇ ਹਨ। ਇਸੇ ਤਰਾਂ ਸਰਕਾਰੀ ਪ੍ਰਾਇਮਰੀ ਸਕੂਲ ਡੱਬਵਾਲਾ ਕਲਾਂ ਦੀ ਇਮਾਰਤ ਪਸ਼ੂ ਹਸਪਤਾਲ ‘ਚ ਚੱਲ ਰਹੀ ਹੈ। ਬੱਚਿਆਂ ਲਈ ਖੇਡਣ ਵਾਸਤੇ ਗਰਾਊਂਡ ਨਹੀ ਹੈ ਤੇ ਸਕੂਲ ਦੇ ਪੰਜ ‘ਚੋਂ ਦੋ ਸਕੂਲੀ ਕਮਰੇ ਅਣ-ਸਰੁਖਿਅਤ ਹਨ। ਸਰਕਾਰੀ ਪ੍ਰਾਇਮਰੀ ਸਕੂਲ ਭੈਣੀ ਚਿਰਾਗ ‘ਚ ਸਕੂਲ ਕੋਲ ਇਕ ਵੀ ਕਮਰਾ ਨਹੀ ਹੈ। ਸਰਕਾਰੀ ਪ੍ਰਾਇਮਰੀ ਸਕੂਲ ਕੌੜਿਆਵਾਲੀ ਦੀ ਇਮਾਰਤ ਵੀ ਖਸਤਾ ਹੈ। ਕੁੱਲ ਛੇ ‘ਚੋਂ ਤਿੰਨ ਕਮਰੇ ਨਕਾਰਾ ਹਨ। ਸਰਕਾਰੀ ਪ੍ਰਾਇਮਰੀ ਸਕੂਲ ਭੈਣੀ ਸ਼ਾਹਪੁਰਾ ਦੇ ਚਾਰ ‘ਚੋਂ ੨ ਕਮਰੇ ਅਣ-ਸਰੁੱਖਿਅਤ ਹਨ। ਸਰਕਾਰੀ ਪ੍ਰਾਇਮਰੀ ਸਕੂਲ ਮੂਲਿਆਵਾਲੀ ਦੇ ਵੀ ਚਾਰ ‘ਚੋਂ ਦੋ ਕਮਰੇ ਹੀ ਵਰਤੋਂ ਯੋਗ ਹਨ। ਸਰਕਾਰੀ ਪ੍ਰਾਇਮਰੀ ਸਕੂਲ ਅਰਨੀਵਾਲਾ ਦੇ 10 ‘ਚੋਂ ਸੱਤ ਕਮਰਿਆਂ ਨੂੰ ਕਾਫੀ ਸਮਾਂ ਪਹਿਲਾ ਹੀ ਅਣ- ਸੁਰੱਖਿਅਤ ਦਾ ਸਰਟੀਫਿਕੇਟ ਦਿੱਤਾ ਜਾ ਚੁੱਕਾ ਹੈ। ਹੁਣ ਕਰੀਬ 400 ਬੱਚਿਆਂ ਲਈ ਬਾਕੀ ਚਾਰ ਕਮਰੇ ਹੀ ਬੱਚੇ ਹਨ। ਇਹਨਾਂ ਪਿੰਡ ਵਾਸੀਆਂ ਵੱਲੋਂ ਕਈ ਵਾਰ ਹੋਰ ਕਮਰਿਆਂ ਦੇ ਪ੍ਰਬੰਧਾਂ ਲਈ ਕਿਹਾ ਜਾ ਚੁੱਕਾ ਹੈ ਪਰ ਵਾਰ ਵਾਰ ਕਹਿਣ ਦੇ ਬਾਵਜੂਦ ਇਥੇ ਨਵੇਂ ਕਮਰਿਆਂ ਦੀ ਉਸਾਰੀ ਨਹੀ ਹੋਈ। ਜਦ ਇਸ ਸਬੰਧੀ ਬਲਾਕ ਫਾਜਿਲਕਾ ਇਕ ਦੇ ਬੀਪੀਈੳ ਨਾਲ ਗੱਲ ਕੀਤੀ ਤਾਂ ਉਨਾਂ ਦੱਸਿਆ ਕਿ ਵਿਭਾਗ ਵੱਲੋਂ ਹਰ ਸਾਲ ਸਾਲਾਨਾ ਰਿਪੋਰਟ ਤਿਆਰ ਕੀਤੀ ਜਾਂਦੀ ਹੈ ਤੇ ਇਹਨਾਂ ਸਕੂਲਾਂ ਬਾਰੇ ਸਰਵ ਸਿੱਖਿਆ ਅਭਿਆਨ ਤਹਿਤ ਲੋੜੀਂਦੇ ਕਮਰਿਆਂ ਦੀ ਗ੍ਰਾਂਟ ਜਲਦ ਮਿਲ ਜਾਵੇਗੀ।
Check Also
ਕਾਂਗਰਸ ਐਸ.ਸੀ ਬੋਰਡ ਦਾ ਵਾਈਸ ਚੇਅਰਮੈਨ ਬਣਨ ’ਤੇ ਜਸਵਿੰਦਰ ਸ਼ੇਰਗਿੱਲ ਦਾ ਦਿਨੇਸ਼ ਬੱਸੀ ਵੱਲੋਂ ਵਿਸ਼ੇਸ਼ ਸਨਮਾਨ
ਅੰਮ੍ਰਿਤਸਰ, 28 ਮਈ (ਸੁਖਬੀਰ ਸਿੰਘ) – ਸੀਨੀਅਰ ਕਾਂਗਰਸੀ ਆਗੂ ਅਤੇ ਇੰਪਰੂਵਮੈਂਟ ਟਰੱਸਟ ਦੇ ਸਾਬਕਾ ਚੇਅਰਮੈਨ …
Punjab Post Daily Online Newspaper & Print Media