ਫ਼ਾਜ਼ਿਲਕਾ, 13 ਮਈ (ਵਿਨੀਤ ਅਰੋੜਾ)- ਸਿੱਖਿਆ ਦੇ ਪੱਧਰ ਵਿਚ ਅਗਾਂਹਵਧੂ ਕਦਮ ਚੁੱਕਦਿਆਂ ਜ਼ਿਲ੍ਹਾ ਸਿੱਖਿਆ ਅਧਿਕਾਰੀ ਦੇ ਨਾਮ ਤੇ ਬਣੀ ਵੈਬਸਾਈਟ ਸਬੰਧੀ ਜਾਣਕਾਰੀ ਦੇਣ ਲਈ ਜ਼ਿਲ੍ਹੇ ਦੇ 123 ਹਾਈ ਅਤੇ ਸੀਨੀਅਰ ਸੈਕੰਡਰੀ ਸਕੂਲਾਂ ਦੇ ਅਧਿਆਪਕਾਂ ਨੂੰ ਇਸ ਵੈਬਸਾਈਟ ਤੇ ਡਾਟਾ ਅਪਲੋਡ ਕਰਨ ਸਬੰਧੀ ਜਾਣਕਾਰੀ ਦਿੱਤੀ ਜਾ ਰਹੀ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਆਈਸੀਟੀ ਕੁਆਰਡੀਨੇਟਰ ਰਾਜ਼ੇਸ਼ ਤਨੇਜਾ ਨੇ ਦੱਸਿਆ ਕਿ ਅੱਜ ਜ਼ਿਲ੍ਹਾ ਸਿੱਖਿਆ ਅਧਿਕਾਰੀ ਸੰਦੀਪ ਕੁਮਾਰ ਧੂੜੀਆ ਦੀ ਅਗਵਾਈ ਵਿਚ ਦੋ ਰੋਜ਼ਾ ਸਿਖਲਾਈ ਕੈਂਪ ਸ਼ੁਰੂ ਕੀਤਾ ਗਿਆ। ਜਿਸ ਵਿਚ ਅਧਿਆਪਕਾਂ ਨੂੰ ਇਸ ਵੈਬਸਾਈਟ ਤੇ ਸਕੂਲਾਂ ਸਬੰਧੀ ਡਾਟਾ ਅਪਲੋਡ ਕਰਨ ਸਬੰਧੀ ਜਾਣਕਾਰੀ ਦਿੱਤੀ ਗਈ। ਇਹ ਜਾਣਕਾਰੀ ਇਸ ਵੈਬਸਾਈਟ ਦੇ ਡਿਜਾਇਨਰ ਰਜ਼ਨੀਸ਼ ਕੁਮਾਰ ਤਕਨੀਕੀ ਸਲਾਹਕਾਰ ਬਠਿੰਡਾ ਵਲੋਂ ਦਿੱਤੀ ਗਈ। ਇਸ ਮੌਕੇ ਜ਼ਿਲ੍ਹਾ ਸਿੱਖਿਆ ਅਧਿਕਾਰੀ ਸੰਦੀਪ ਕੁਮਾਰ ਧੂੜੀਆ ਨੇ ਅਧਿਆਪਕਾਂ ਨੂੰ ਜਾਣਕਾਰੀ ਦਿੰਦਿਆਂ ਕਿਹਾ ਕਿ ਉਹ ਆਪਣੇ ਆਪਣੇ ਸਕੂਲ ਦਾ ਸਹੀ ਡਾਟਾ ਅਪਲੋਡ ਕਰਨਗੇ। ਉਨ੍ਹਾਂ ਕਿਹਾ ਕਿ ਇਸ ਨਾਲ ਕਿਸੇ ਕਿਸਮ ਦੀ ਪ੍ਰੇਸ਼ਾਨੀ ਨਹੀਂ ਹੋਵੇਗੀ। ਉਨ੍ਹਾਂ ਦੱਸਿਆ ਕਿ ਸਭ ਤੋਂ ਪਹਿਲਾਂ ਤਾਂ ਸਕੂਲਾਂ ਵਿਚ ਪੜ੍ਹਨ ਵਾਲੇ ਵਿਦਿਆਰਥੀਆਂ ਦੀ ਗਿਣਤੀ, ਸਕੂਲਾਂ ਵਿਚ ਕਿੰਨੀਆਂ ਪੋਸਟਾਂ ਭਰੀਆਂ ਹਨ ਅਤੇ ਕਿੰਨੀਆਂ ਖਾਲੀ ਹਨ ਤੋਂ ਇਲਾਵਾ ਹੋਰ ਡਾਟਾ ਵੀ ਭਰਿਆ ਜਾਵੇਗਾ ਤਾਂ ਕਿ ਜ਼ਿਲ੍ਹਾ ਸਿੱਖਿਆ ਦਫ਼ਤਰ ਤੋਂ ਇਲਾਵਾ ਵਿਭਾਗ ਨੂੰ ਵੀ ਇਹ ਸਹੀ ਜਾਣਕਾਰੀ ਪਹੁੰਚਾਈ ਜਾ ਸਕੇ। ਇਸ ਮੌਕੇ ਉਨ੍ਹਾਂ ਦੱਸਿਆ ਕਿ ਅੱਜ ਸਿਖਲਾਈ ਪ੍ਰਾਪਤ ਕਰਨ ਆਏ ਅਧਿਆਪਕਾਂ ਨੂੰ ਯੂਜ਼ਰ ਨੇਮ ਅਤੇ ਪਾਸਵਰਡ ਜਾਰੀ ਕਰ ਦਿੱਤੇ ਗਏ ਹਨ ਤਾਂ ਕਿ ਉਹ ਆਪਣੇ ਆਪਣੇ ਸਕੂਲ ਤੋਂ ਇਹ ਸੂਚਨਾਂ ਅਪਲੋਡ ਕਰ ਸਕਣ। ਇਸ ਮੌਕੇ ਹੋਰਨਾਂ ਤੋਂ ਇਲਾਵਾ ਪ੍ਰਿੰਸੀਪਲ ਅਸ਼ੋਕ ਚੁਚਰਾ, ਜ਼ਿਲ੍ਹਾ ਆਈਈਡੀ ਕੁਆਰਡੀਨੇਟਰ ਨਿਸ਼ਾਂਤ ਅਗਰਵਾਲ, ਨੀਰਜ਼ ਸ਼ਰਮਾ, ਪਰਮਜੀਤ ਸਿੰਘ ਜ਼ਿਲ੍ਹਾ ਕੁਆਰਡੀਨੇਟਰ ਰਮਸਾ ਆਦਿ ਹਾਜਰ ਸਨ।
Check Also
ਲਾਇਨ ਕਲੱਬ ਸੰਗਰੂਰ ਗਰੇਟਰ ਵਲੋਂ ਸਲਾਨਾ ਸਮਾਗਮ ‘ਤੇ 10ਵੀਂ ਜਨਰਲ ਬਾਡੀ ਮੀਟਿੰਗ ਦਾ ਆਯੋਜਨ
ਸੰਗਰੂਰ, 4 ਜੁਲਾਈ (ਜਗਸੀਰ ਲੌਂਗੋਵਾਲ) – ਲਾਇਨ ਕਲੱਬ ਸੰਗਰੂਰ ਗਰੇਟਰ ਵਲੋਂ ਸਲਾਨਾ ਸਮਾਗਮ ਅਤੇ 10ਵੀਂ …