ਜੋਸ਼ੀ ਦੇ ਬਚਾਅ ਲਈ ਭਾਜਪਾ ਆਗੂਆਂ ਤੇ ਵਰਕਰਾਂ ਨੇ ਕੋਠੀ ਨੂੰ ਘੇਰ ਕੇ ਬਣਾਇਆ ਸੁਰੱਖਿਆ ਘੇਰਾ
ਅੰਮ੍ਰਿਤਸਰ, 13 ਮਈ (ਪੰਜਾਬ ਪੋਸਟ ਬਿਊਰੋ)- ਸਥਾਨਕ ਸਰਕਾਰਾਂ ਬਾਰੇ ਕੈਬਨਿਟ ਮੰਤਰੀ ਸ੍ਰੀ ਅਨਿਲ ਜੋਸ਼ੀ ਦੇ ਖਿਲਾਫ ਦੋਹਰੀ ਵੋਟ ਬਨਾਉਣ ਅਤੇ ਮਾਨਹਾਨੀ ਦੇ ਦੋ ਮਾਮਲਿਆਂ ਤੋਂ ਇਲਾਵਾ ਇੱਕ ਹੋਟਲ ਦੀ ਇਮਾਰਤ ਨੂੰ ਨੁਕਸਾਨ ਪਹੁੰਚਾਏ ਜਾਣ ਬਾਰੇ ਸ਼ਿਕਾਇਤ ਕਰਨ ਵਾਲੇ ਵਕੀਲ਼ ਵਿਨੀਤ ਮਹਾਜਨ ‘ਤੇ ਬੀਤੇ ਦਿਨੀ ਕੀਤੀ ਗਏ ਜਾਨ ਲੇਵਾ ਹਮਲੇ ਦੇ ਵਿਰੋਧ ਵਿੱਚ ਕਾਗਰਸੀ ਆਗੂਆਂ ਤੇ ਵਰਕਰਾਂ ਵਲੋਂ ਸ਼੍ਰੀ ਅਨਿਲ ਜੋਸ਼ੀ ਦੀ ਕੋਠੀ ਅੱਗੇ ਧਰਨਾ ਦੇਣ ਦੇ ਪੋਗਰਾਮ ਨੂੰ ਪੁਲਿਸ ਵਲੋਂ ਕੀਤੇ ਗਏ ਸਖਤ ਸੁਰੱਖਿਆ ਪ੍ਰਬੰਧਾਂ ਨੇ ਕਾਮਯਾਬ ਨਾ ਹੋਣ ਦਿੱਤਾ।ਜਿਉਂ ਹੀ ਕਾਂਗਰਸੀ ਆਗੂ ਤੇ ਵਰਕਰ ਜੋਸ਼ੀ ਦੀ ਕੋਠੀ ਵੱਲ ਵਧੇ ਤਾਂ ਉਨਾਂ ਨੂੰ ਪੁਲਿਸ ਨੇ ਲਗਾਏ ਗਏ ਬੈਰੀਕੇਡਾਂ ‘ਤੇ ਰੋਕ ਦਿੱਤਾ।ਜਿਸ ‘ਤੇ ਕਾਂਗਰਸੀ ਆਗੂਆਂ ਨੇ ਵੱਡੀ ਗਿਣਤੀ ‘ਚ ਇਕੱਤਰ ਕਾਂਗਰਸੀਆਂ ਵਰਕਰਾਂ ਦੇ ਇਕੱਠ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਅਨਿਲ ਜੋਸ਼ੀ ਵਲੋਂ ਕੀਤੀ ਜਾ ਰਹੀਆਂ ਜਿਆਦਤੀਆਂ ਹਰਗਿਜ਼ ਵੀ ਬਰਦਾਸ਼ਤ ਨਹੀ ਕੀਤੀਆਂ ਜਾਣਗੀਆਂ । ਉਨਾਂ ਨੇ ਕਿਹਾ ਕਿ ਵਿਨੀਤ ਮਹਾਜਨ ਅਤੇ ਉਸ ਦੇ ਭਰਾ ‘ਤੇ ਕੀਤੇ ਗਏ ਹਮਲੇ ਵਿੱਚ ਮੰਤਰੀ ਅਨਿਲ ਜੋਸ਼ੀ ਦਾ ਹੱਥ ਹੈ, ਇਸ ਲਈ ਸ੍ਰੀ ਜੋਸ਼ੀ ਨੂੰ ਤੁਰੰਤ ਗ੍ਰਿਫਤਾਰ ਕੀਤਾ ਜਾਵੇ।ਜੋਸ਼ੀ ਦੇ ਖਿਲਾਫ ਲਗਾਏ ਗਏ ਧਰਨੇ ਵਿੱਚ ਹਾਜਰ ਕਾਂਗਰਸੀ ਵਰਕਰਾਂ ਨੇ ਸ੍ਰੀ ਅਨਿਲ ਜੋਸ਼ੀ ਅਤੇ ਅਕਾਲੀ ਭਾਜਪਾ ਗੱਠਜੌੜ ਦੇ ਖਿਲਾਫ ਜੋਰਦਾਰ ਨਾਅਰੇਬਾਜੀ ਕੀਤੀ। ਕਾਂਗਰਸੀਆਂ ਦੇ ਇਸ ਧਰਨੇ ਨੂੰ ਅਸਫਲ ਕਰਨ ਲਈ ਭਾਜਪਾ ਵਲੋਂ ਵੀ ਜੋਸ਼ੀ ਦੀ ਕੋਠੀ ਸਾਹਮਣੇ ਇਕੱਤਰ ਹੋ ਕੇ ਕੈਬਨਿਟ ਮੰਤਰੀ ਦੇ ਹੱਕ ਵਿੱਚ ਨਾਅਰੇਬਜੀ ਕੀਤੀ ਗਈ । ਇਸੇ ਦੌਰਾਨ ਕਾਂਗਰਸੀ ਨੂੰ ਜੋਸ਼ੀ ਦੀ ਕੋਠੀ ਤੋਂ ਦੂਰ ਰੱਖਣ ਲਈ ਵੱਡੀ ਗਿਣਤੀ ‘ਚ ਪੁਲਿਸ ਫੋਰਸ ਤਾਇਨਾਤ ਕੀਤੀ ਗਈ ਸੀ । ਇਸ ਲਈ ਮੌਕੇ ਦੀ ਨਜਾਕਤ ਨੂੰ ਸਮਝਦਿਆਂ ਹੋਇਆਂ ਕਾਂਗਰਸੀ ਆਗੂਆਂ ਨੇ ਖੁੱਦ ਨੂੰ ਗ੍ਰਿਫਤਾਰੀ ਲਈ ਪੇਸ਼ ਕੀਤਾ ਅਤੇ ਪੁਲਿਸ ਕਾਂਗਰਸੀਆਂ ਨੂੰ ਗੱਡੀਆਂ ਵਿੱਚ ਬਿਠਾ ਕੇ ਲੈ ਗਈ।
ਸਥਿਤੀ ਉਦੋਂ ਅਜੀਬੋ ਗਰੀਬ ਹੋ ਗਈ ਜਦ ਸ੍ਰੀ ਜੋਸ਼ੀ ਨੇ ਨੇ ਧਰਨੇ ਵਿੱਚ ਆ ਕੇ ਕਿਹਾ ਕਿ ਉਨਾਂ ਦੇ ਖਿਲਾਫ ਕੋਈ ਵੀ ਮਾਮਲਾ ਦਰਜ ਨਹੀ ਹੈ ਅਤੇ ਮਹਾਜਨ ਭਰਾਵਾਂ ਵਲੋਂ ਕੇਵਲ ਸ਼ਿਕਾਇਤਾਂ ਦਿਤੀਆਂ ਗਈਆਂ ਹਨ, ਜਿੰਨਾਂ ਦੀ ਜਾਂਚ ਅਜੇ ਚੱਲ ਰਹੀ ਹੈ। ਉਨਾਂ ਕਿਹਾ ਕਿ ਅਗਰ ਉਨਾਂ ਦੇ ਵਿਰੁੱਧ ਕੋਈ ਮਾਮਲਾ ਹੰਦਾ ਤਾਂ ਕਨੂੰੰਨ ਦਾ ਸਤਿਕਾਰ ਕਰਦੇ ਹੋਏ ਉਨਾਂ ਨੇ ਖੁੱਦ ਅਦਾਲਤ ਵਿੱਚ ਪੇਸ਼ ਹੋ ਜਾਣਾ ਸੀ।
ਇਸ ਧਰਨੇ ਵਿੱਚ ਜਿਲਾ ਕਾਂਗਰਸ ਸ਼ਹਿਰੀ ਪ੍ਰਧਾਨ ਰਾਜੀਵ ਭਗਤ, ਜਿਲਾ ਕਾਂਗਰਸ ਦਿਹਾਤੀ ਪ੍ਰਧਾਨ ਗੁਰਜੀਤ ਸਿੰਘ ਔਜਲਾ, ਵਿਧਾਇਕ ਓਮ ਪ੍ਰਕਾਸ਼ ਸੋਨੀ, ਐਸ਼.ਸੀ ਐਸ.ਟੀ ਕਮਿਸ਼ਨ ਦੇ ਚੇਅਰਮੈਨ ਤੇ ਵਿਧਾਇਕ ਡਾ. ਰਾਜ ਕੁਮਾਰ, ਕਰਮਜੀਤ ਸਿੰਘ ਰਿੰਟੂ, ਵਿਧਾਇਕ ਸੁਖਬਿੰਦਰ ਸਿੰਘ ਸੁੱਖ ਸਰਕਾਰੀਆ, ਸਬਾਕਾ ਮੇਅਰ ਸੁਨੀਲ ਦੱਤੀ, ਸਾਬਕਾ ਵਿਧਾਇਕ ਜਸਬੀਰ ਸਿੰਘ ਡਿੰਪਾ ਤੇ ਹਰਜਿੰਦਰ ਸਿੰਘ ਠੇਕੇਦਾਰ, ਜੁਗਲ ਕਿਸ਼ੌਰ ਸ਼ਰਮਾ, ਇੰਦਰਜੀਤ ਸਿੰਘ ਬਾਸਰਕੇ, ਕੰਵਲਨੈਣ ਸਿੰਘ ਗੁੱਲੂ ਸਾਬਕਾ ਕੌਂਸਲਰ, ਗੁਰਲਾਲ ਸਿੰਘ ਸੰਧੂ, ਅਸ਼ਵਨੀ ਕੁਮਾਰ ਪੱਪੂ ਸਾਬਕਾ ਕੌਂਸਲਰ ਤੋਂ ਇਲਾਵਾ ਕਈ ਹੋਰ ਆਗੂ ਹਾਜਰ ਸਨ।