Sunday, March 22, 2026

 ਅਖਨੂਰ ਵਿਖੇ ਸਿੱਖ ਨੌਜਵਾਨ ਹਰਵਿੰਦਰ ਸਿੰਘ ਦੀ ਕੁੱਝ ਹੁੱਲੜਬਾਜਾਂ ਵੱਲੋਂ ਕੀਤੀ ਕੁੱਟਮਾਰ ਬੇਹੱਦ ਦੁੱਖਦਾਈ – ਜਥੇਦਾਰ

Giani Gurbachan S

ਅੰਮ੍ਰਿਤਸਰ, 15 ਮਈ (ਗੁਰਪ੍ਰੀਤ ਸਿੰਘ)- ਗਿਆਨੀ ਗੁਰਬਚਨ ਸਿੰਘ ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਨੇ ਕਿਹਾ ਹੈ ਕਿ ਜੰਮੂ ਦੇ ਅਖਨੂਰ ਕਸਬੇ ਵਿਚ ਸਿੱਖ ਨੌਜਵਾਨ ਹਰਵਿੰਦਰ ਸਿੰਘ ਦੀ ਕੁੱਝ ਹੁੱਲੜਬਾਜਾਂ ਵੱਲੋਂ ਕੀਤੀ ਕੁੱਟਮਾਰ ਬੇਹੱਦ ਦੁੱਖਦਾਈ ਅਤੇ ਅਸਹਿਣਯੋਗ ਹੈ।ਇਸ ਘਿਨਾਉਣੀ ਹਰਕਤ ਨਾਲ ਜਿੱਥੇ ਪੰਜਾਬ ਤੋਂ ਬਾਹਰ ਬੈਠੇ ਸਿੱਖਾਂ ਵਿਚ ਇਕ ਵਾਰ ਫਿਰ ਆਪਣੀ ਜਾਨ-ਮਾਲ ਦੀ ਸੁਰੱਖਿਆ ਨੂੰ ਲੈ ਕਈ ਤਰ੍ਹਾਂ ਦੇ ਸ਼ੰਕੇ ਪੈਦਾ ਹੋ ਗਏ ਹਨ, ਓਥੇ ਸਮੁੱਚੇ ਸਿੱਖ ਭਾਈਚਾਰੇ ਦੇ ਮਨਾਂ ਵਿਚ ਰੋਸ ਅਤੇ ਗੁੱਸੇ ਦੀ ਭਾਵਨਾ ਪੈਦਾ ਹੋਣੀ ਵੀ ਸੁਭਾਵਿਕ ਹੈ।ਉਨਾਂ ਨੇ ਇਸ ਘਟਨਾ ‘ਤੇ ਦੁੱਖ ਦਾ ਪ੍ਰਗਟਾਵਾ ਕਰਦੇ ਹੋਏ ਸੂਬੇ ਦੇ ਪ੍ਰਸ਼ਾਸ਼ਨ ਨੂੰ ਤਾੜਨਾ ਕਰਦੇ ਹੋਏ ਕਿਹਾ ਕਿ ਸਿੱਖ ਭਾਈਚਾਰੇ ਦੀ ਜਾਨ ਮਾਲ ਦੀ ਸੁਰੱਖਿਆ ਲਈ ਸਖ਼ਤ ਕਦਮ ਚੁੱਕਣੇ ਚਾਹੀਦੇ ਹਨ ਅਤੇ ਦੋਸ਼ੀਆਂ ਵਿਰੁੱਧ ਮੁਕੱਦਮਾ ਦਾਇਰ ਕਰਕੇ ਪੀੜ੍ਹਤ ਸਿੱਖਾਂ ਨੂੰ ਇਨਸਾਫ ਦਿਵਾਉਣਾ ਚਾਹੀਦਾ ਹੈ।ਇਸ ਦੇ ਨਾਲ ਹੀ ਉਨ੍ਹਾਂ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਕਿਹਾ ਕਿ ਭਾਈ ਹਰਵਿੰਦਰ ਸਿੰਘ ਨਾਲ ਹੋਈ ਇਸ ਦੁੱਖਦਾਈ ਘਟਨਾ ਲਈ ਕਿਸੇ ਚੰਗੇ ਵਕੀਲ ਦੀਆਂ ਸੇਵਾਵਾਂ ਲੈ ਕੇ ਕਾਨੂੰਨੀ ਪੈੜਵਾਈ ਕਰਨੀ ਚਾਹੀਦੀ ਹੈ ਤਾਂ ਜੋ ਦੋਸ਼ੀਆਂ ਨੂੰ ਸਖ਼ਤ ਸਜ਼ਾਵਾਂ ਦਿੱਤੀਆਂ ਜਾਣ।
ਗਿ: ਗੁਰਬਚਨ ਸਿੰਘ ਨੇ ਬੋਲਦਿਆਂ ਕਿਹਾ ਕਿ ਗੁਰਦੁਆਰਿਆਂ ਵਿਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਨਾਲ ਜੋ ਅੱਗ ਲੱਗਣ ਅਤੇ ਬੇਅਦਬੀ ਦੀਆਂ ਘਟਨਾਵਾਂ ਵਾਪਰ ਰਹੀਆਂ ਹਨ ਉਸ ਸਬੰਧ ਵਿਚ ਸਿੱਖ ਸੰਗਤਾਂ ਸਬੰਧਤ ਗੁਰਦੁਆਰਾ ਪ੍ਰਬੰਧਕ ਕਮੇਟੀ ‘ਤੇ ਵੀ ਕੇਸ ਦਰਜ਼ ਕਰਵਾਉਣ।ਗੁਰਦੁਆਰਿਆਂ ਵਿਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸੇਵਾ-ਸੰਭਾਲ ਅਤੇ ਸੁਰੱਖਿਆ ਨਾਲ ਸਬੰਧਤ ਕੋਈ ਵੀ ਲਾਪ੍ਰਵਾਹੀ ਬਰਦਾਸ਼ਤ ਨਹੀਂ ਕੀਤੀ ਜਾ ਸਕਦੀ।ਗੁਰਦੁਆਰਿਆਂ ਦੇ ਗ੍ਰੰਥੀ ਸਾਹਿਬਾਨ ਵੀ ਆਪਣੀ ਜਿੰਮੇਵਾਰੀ ਸਮਝਦਿਆਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ।ਇਸ ਦੇ ਨਾਲ ਹੀ ਗ੍ਰੰਥੀ ਸਿੰਘਾਂ ਵੱਲੋਂ ਸੰਗਤਾਂ ਨੂੰ ਸੁਚੇਤ ਕੀਤਾ ਜਾਵੇ ਕਿ ਅਣਮੱਤੀ ਅਤੇ ਮੜ੍ਹੀਆਂ-ਮਸਾਣਾ ‘ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਅਤੇ ਸ੍ਰੀ ਅਖੰਡਪਾਠ ਸਾਹਿਬ ਨਾ ਕੀਤੇ ਜਾਣ।ਸੰਗਤਾਂ ਨੂੰ ਗੁਰਮਤਿ ਰਹਿਤ ਮਰਿਯਾਦਾ ਤੋਂ ਜਾਣੂ ਕਰਵਾ ਕੇ ਮਨਮੱਤੀ ਕਰਮਕਾਂਡਾਂ ਨੂੰ ਠੱਲ ਪਾਈ ਜਾਵੇ।

Check Also

ਹਲਕਾ ਜੰਡਿਆਲਾ ਗੁਰੂ ਤੋਂ ਆਮ ਆਦਮੀ ਪਾਰਟੀ ਨੂੰ ਮਿਲਿਆ ਭਰਵਾਂ ਹੁੰਗਾਰਾ – ਕੈਬਨਿਟ ਮੰਤਰੀ ਈ.ਟੀ.ਓ

ਅੰਮ੍ਰਿਤਸਰ, 21 ਮਾਰਚ (ਸੁਖਬੀਰ ਸਿੰਘ) – ਹਲਕਾ ਜੰਡਿਆਲਾ ਗੁਰੂ ਦੇ ਪਿੰਡ ਰਾਏਪੁਰ ਕਲਾਂ ਤੋਂ ਪੰਜਾਬ …

Leave a Reply