Monday, March 23, 2026

ਵਰਜੀਨੀਆ ਵਿੱਚ ਅੰਮ੍ਰਿਤ-ਸੰਚਾਰ ਦੇ ਨਾਮ ‘ਤੇ ਸੰਗਤਾਂ ਨੂੰ ਗੁਮਰਾਹ ਕਰਨ ਵਾਲੇ 4 ਜੂਨ ਨੂੰ ਸ੍ਰੀ ਅਕਾਲ ਤਖਤ ਸਾਹਿਬ ‘ਤੇ ਤਲਬ

ਬਾਬਾ ਕਸ਼ਮੀਰਾ ਸਿੰਘ ਨੂੰ ਦਰਸ਼ਨੀ ਡਿਓੜੀ ਦੇ ਦਰਵਾਜੇ ਤੁਰੰਤ 3 ਮਹੀਨੇ ਵਿੱਚ ਲਗਾਉਣ ਦੇ ਆਦੇਸ਼

ਅੰਮ੍ਰਿਤਸਰ, 16 ਮਈ (ਗੁਰਪ੍ਰੀਤ ਸਿੰਘ) – ਦਫ਼ਤਰ ਸਕੱਤਰੇਤ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਪੰਜ ਤਖ਼ਤਾਂ ਦੇ ਜਥੇਦਾਰਾਂ ਦੀ ਇਕੱਤਰਤਾ ਹੋਈ।ਇਸ ਇਕੱਤਰਤਾ ਵਿੱਚ ਵਿਚਾਰ ਵਟਾਂਦਰੇ ਉਪਰੰਤ ਲਏ ਗਏ ਫੈਸਲਿਆਂ ਬਾਰੇ ਜਾਣਕਾਰੀ ਦਿੰਦਿਆਂ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਨੇ ਦੱਸਿਆ ਕਿ ਪਿਛਲੇ ਦਿਨੀ 15 ਅਪ੍ਰੈਲ 2016 ਵਰਜੀਨੀਆ (ਅਮਰੀਕਾ) ਵਿਖੇ ਸਾਹਿਬੇ ਕਮਾਲ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਵੱਲੋਂ ਪੰਜ ਬਾਣੀਆਂ ਦਾ ਪਾਠ ਕਰਕੇ ਅੰਮ੍ਰਿਤ-ਸੰਚਾਰ ਕਰਨ ਦੀ ਬਣਾਈ ਮਰਿਯਾਦਾ ਨੂੰ ਗੁਰੂ ਦੋਖੀ, ਪੰਥ ਦੋਖੀਆਂ ਨੇ ਆਪਣੀ ਮਨ ਮਰਜ਼ੀ ਅਨੁਸਾਰ ਪੰਥਕ ਮਰਿਯਾਦਾ ਦੇ ਉਲਟ ਜਾ ਕੇ ਅੰਮ੍ਰਿਤ-ਸੰਚਾਰ ਦੇ ਨਾਮ ‘ਤੇ ਸਿੱਖ ਸੰਗਤਾਂ ਨੂੰ ਗੁਮਰਾਹ ਕਰਕੇ ਵੱਡੀ ਸ਼ਰਾਰਤ ਕੀਤੀ ਹੈ ਜੋ ਗੁਰੂ ਖ਼ਾਲਸਾ ਪੰਥ ਲਈ ਨਾ-ਸਹਿਣਯੋਗ ਹੈ।ਜਿਸ ਦਾ ਦੇਸ਼-ਵਿਦੇਸ਼ ਦੀਆਂ ਸੰਗਤਾਂ ਨੇ ਕਰੜਾ ਵਿਰੋਧ ਕੀਤਾ ਹੈ।ਐਸੇ ਪੰਥ ਦੋਖੀਆਂ ਨੂੰ ਗੁਰਬਾਣੀ ਰਾਹੀਂ ਦਿੱਤੇ ਉਪਦੇਸ਼ ਅਨੁਸਾਰ “ਮੂਰਖ ਗੰਢੁ ਪਵੈ ਮੁਹਿ ਮਾਰ॥” ਹੀ ਬਣਦਾ ਹੈ।ਪੰਥ ਦੋਖੀ ਪਹਿਲਾਂ ਵੀ ਹੋਏ ਹਨ।ਬਾਬੂ ਤੇਜਾ ਸਿੰਘ ਭਸੋੜੀਆ ਨੇ ਦਸਮ ਪਾਤਸ਼ਾਹ ਦੀਆਂ ਪਾਵਨ ਅੰਮ੍ਰਿਤ-ਸੰਚਾਰ ਦੀਆਂ ਪੰਜ ਬਾਣੀਆਂ ਨਾਲ ਛੇੜਛਾੜ ਕੀਤੀ ਜਿਸ ਕਰਕੇ ਉਸ ਨੂੰ ਪੰਥ ਵਿਚੋਂ ਛੇਕਿਆ ਗਿਆ।ਉਸ ਦੇ ਵਾਰਸਾਂ ਨੇ ਸ੍ਰੀ ਅਕਾਲ ਤਖ਼ਤ ਸਾਹਿਬ ‘ਤੇ ਪੇਸ਼ ਹੋ ਕੇ ਉਸ ਦੀ ਕਰਤੂਤ ਲਈ ਖਿਮਾਂ-ਯਾਚਨਾ ਕੀਤੀ।ਇਸ ਤੋਂ ਬਾਅਦ ਤਾਂ ਲਗਾਤਾਰ ਇੱਕ ਲੜੀ ਹੀ ਸ਼ੁਰੂ ਹੋ ਗਈ।ਗੁਰੂ ਕਲਗੀਧਰ ਪਿਤਾ ਦੀ ਬਾਣੀ ਅਤੇ ਉਹਨਾਂ ਦੇ ਪਾਵਨ ਸਿਧਾਤਾਂ ‘ਤੇ ਨਿੰਦਣਯੋਗ ਹਮਲਿਆਂ ਦੀ ਹੁਣ ਤਾਂ ਹੱਦ ਹੋ ਗਈ ਹੈ ਕਿ ਵਰਜੀਨੀਆਂ ਦੇ ਕੁਲਦੀਪ ਸਿੰਘ, ਗੁਰਦੀਪ ਸਿੰਘ, ਸੁਰਿੰਦਰ ਸਿੰਘ, ਰਜਿੰਦਰ ਸਿੰਘ, ਨਰੂਲਾ ਅਤੇ ਉਸ ਦੇ ਸਾਥੀਆਂ ਦਾ ਕਾਰਾ ਨਾ-ਸਹਿਣਯੋਗ ਇਸ ਕਰਕੇ ਹੈ ਕਿਉਂਕਿ ਇਹ ਆਪਣੇ ਆਪ ਨੂੰ ਗ੍ਰੰਥੀ ਜਾਂ ਪ੍ਰਚਾਰਕ ਅਖਵਾਉਂਦੇ ਹਨ।ਇਸ ਦੇ ਨਾਲ ਹੀ ਮੁੱਖ ਮੁੱਦਾ ਇਹ ਹੈ ਕਿ ਇਹਨਾਂ ਪੰਥ ਦੋਖੀਆਂ ਦਾ ਅਸਲ ਹਮਲਾ ਅਤੇ ਨਿਸ਼ਾਨਾਂ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਬਾਣੀ ‘ਤੇ ਹੈ।ਇਸ ਲਈ ਇਹ ਲਿਖਤੀ ਤੌਰ ਤੇ ਵੀ ਬਾਰ-ਬਾਰ ਅੰਮ੍ਰਿਤ-ਸੰਚਾਰ ਦੀਆਂ ਬਾਣੀਆਂ ਬਾਰੇ ਵੀ ਊਟ-ਪਟਾਗ ਲਿਖਦੇ ਰਹਿੰਦੇ ਹਨ।ਇਹ ਮਸਲਾ ਅਤਿ ਗੰਭੀਰ ਹੈ, ਜਿਸ ਦਾ ਸਾਰੀਆਂ ਧਾਰਮਿਕ ਪੰਥਕ ਜਥੇਬੰਦੀਆਂ ਦੀ ਰਾਇ ਲੈ ਕੇ ਅਗਲੀ ਕਾਰਵਾਈ ਕੀਤੀ ਜਾਵੇਗੀ।ਇਨ੍ਹਾਂ ਪੰਥ ਦੋਖੀਆਂ ਨੂੰ ਪੰਜ ਤਖ਼ਤਾਂ ਦੇ ਜਥੇਦਾਰ ਸਿੰਘ ਸਾਹਿਬਾਨ ਦੀ ਮਿਤੀ 4 ਜੂਨ 2016 ਨੂੰ ਹੋ ਰਹੀ ਇਕੱਤਰਤਾ ਵਿਚ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਤਲਬ ਕੀਤਾ ਜਾਂਦਾ ਹੈ।ਅੱਗੇ ਹੋਰ ਸਮਾਂ ਨਹੀਂ ਦਿੱਤਾ ਜਾਵੇਗਾ।ਇਹ ਪਹਿਲਾ ਤੇ ਆਖਰੀ ਸਮਾਂ ਹੈ।ਨਹੀਂ ਅਉਣਗੇ ਤਾਂ ਪੰਥ ਦੀ ਰਾਏ ਅਨੁਸਾਰ ਕਾਰਵਾਈ ਕੀਤੀ ਜਾਵੇਗੀ।
ਗਿਆਨੀ ਗੁਰਬਚਨ ਸਿੰਘ ਨੇ ਦੱਸਿਆ ਕਿ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਤਖ਼ਤ ਸਾਹਿਬਾਨ ਦੇ ਆਦੇਸ਼ ਕੀਤਾ ਜਾਂਦਾ ਹੈ ਕਿ ਉਹ 15 ਦਿਨ ਦੇ ਅੰਦਰ-ਅੰਦਰ ਇੱਕ ਕਮੇਟੀ ਗਠਿਤ ਕਰੇ, ਜੋ ਵਿਦਿਆਰਥੀਆਂ ਨੂੰ ਗੁਰਮਤਿ ਵਿਦਿਆ ਦੇਣ ਵਾਲੇ ਸਾਰੇ ਗੁਰਮਤਿ ਕਾਲਜਾਂ ਅਤੇ ਮਿਸ਼ਨਰੀ ਕਾਲਜਾਂ ਦਾ ਸਲੇਬਸ ਚੈੱਕ ਕਰਕੇ ਰਿਪੋਰਟ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਭੇਜੇ।ਸਾਰੇ ਗੁਰਮਤਿ ਕਾਲਜਾਂ ਅਤੇ ਮਿਸ਼ਨਰੀ ਕਾਲਜਾਂ ਦਾ ਸਿਲੇਬਸ ਇੱਕ ਕੀਤਾ ਜਾਵੇਗਾ, ਜੋ ਗੁਰਮਤਿ ਕਾਲਜ ਜਾਂ ਮਿਸ਼ਨਰੀ ਕਾਲਜ ਇਸ ਇੱਕ ਕੀਤੇ ਸਿਲੇਬਸ ਤੋਂ ਬਾਹਰ ਜਾਣਗੇ ਉਨ੍ਹਾਂ ਦੀ ਮਾਨਤਾ ਰੱਦ ਕੀਤੀ ਜਾਵੇਗੀ।ਕੇਵਲ ਉਹੀ ਗੁਰਮਤਿ ਕਾਲਜ ਅਤੇ ਮਿਸ਼ਨਰੀ ਕਾਲਜ ਵਿਦਿਆ ਦੇ ਸਕਣਗੇ ਜੋ ਸ੍ਰੀ ਅਕਾਲ ਤਖ਼ਤ ਸਾਹਿਬ ਜੀ ਵੱਲੋਂ ਪ੍ਰਵਾਨਿਤ ਹੋਣਗੇ।
ਜਥੇਦਾਰ ਅਕਾਲ ਤਖਤ ਸਾਹਿਬ ਨੇ ਕਿਹਾ ਕਿ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਵਿਖੇ ਦਰਸ਼ਨੀ ਡਿਉੜੀ ਦੇ ਪੁਰਾਤਨ ਦਰਵਾਜਿਆਂ ਦੀ ਸੇਵਾ ਸ੍ਰੀ ਅਕਾਲ ਤਖ਼ਤ ਸਾਹਿਬ ਜੀ ਵੱਲੋਂ ਹੋਏ ਆਦੇਸ਼ ਅਨੁਸਾਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਬਾਬਾ ਕਸ਼ਮੀਰਾ ਸਿੰਘ ਭੂਰੀ ਵਾਲੇ ਨੂੰ ਦਿੱਤੀ ਗਈ ਸੀ।ਪੁਰਾਤਨ ਦਰਵਾਜਿਆਂ ਦੀ ਸੇਵਾ ਪੂਰੀ ਕਰਨ ਦਾ ਸਮਾਂ ਨਿਸ਼ਚਿਤ ਕੀਤਾ ਗਿਆ ਸੀ ਪ੍ਰੰਤੂ ਨਿਸ਼ਚਿਤ ਕੀਤੇ ਸਮੇਂ ਤੋਂ ਕਈ ਸਾਲ ਬਾਅਦ ਵੀ ਅਜੇ ਤੱਕ ਦਰਵਾਜੇ ਨਾ ਲੱਗਣ ਕਾਰਨ ਸਿੱਖ ਪੰਥ ਵਿਚ ਕਾਫੀ ਰੋਸ ਪਾਇਆ ਜਾ ਰਿਹਾ ਹੈ।ਦਰਸ਼ਨੀ ਡਿਉੜੀ ਦੇ ਦਰਵਾਜਿਆਂ ਦੇ ਲੱਗਣ ਵਿਚ ਹੋਈ ਦੇਰੀ ਸਬੰਧੀ ਬਾਬਾ ਕਸ਼ਮੀਰਾ ਸਿੰਘ ਭੂਰੀ ਵਾਲੇ ਲਿਖਤੀ ਰੂਪ ਵਿਚ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਜਾਣਕਾਰੀ ਭੇਜਣ।ਪੰਜ ਸਿੰਘ ਸਾਹਿਬਾਨ ਵੱਲੋਂ ਬਾਬਾ ਕਸ਼ਮੀਰਾ ਸਿੰਘ ਨੂੰ ਆਦੇਸ਼ ਕੀਤਾ ਜਾਂਦਾ ਹੈ ਕਿ ਇਹ ਦਰਵਾਜੇ ਤੁਰੰਤ 3 ਮਹੀਨੇ ਵਿੱਚ-ਵਿੱਚ ਲਗਾਏ ਜਾਣ।

Check Also

ਯੂ.ਕੇ ਐਮ.ਪੀ ਬੀਬੀ ਪ੍ਰੀਤ ਕੌਰ ਗਿੱਲ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਹੋਏ ਨਤਮਸਤਕ

ਅੰਮ੍ਰਿਤਸਰ, 22 ਮਾਰਚ (ਜਗਦੀਪ ਸਿੰਘ) – ਯੂ.ਕੇ ਬਰਮਿੰਘਮ ਦੇ ਐਜਬੈਸਟਨ ਤੋਂ ਐਮ.ਪੀ ਬੀਬੀ ਪ੍ਰੀਤ ਕੌਰ …

Leave a Reply