Thursday, March 19, 2026

ਕੇ.ਸੀ.ਜੀ.ਸੀ ਵਲੋਂ ਕਾਮਾਗਾਟਾਮਾਰੂ ਕਾਂਡ ਦੀ ਕੈਨੇਡਾ ਦੇ ਪ੍ਰਧਾਨ ਮੰਤਰੀ ਟਰੂਡੋ ਵੱਲੋਂ ਮੰਗੀ ਮੁਆਫ਼ੀ ਦੀ ਸ਼ਲਾਘਾ

Chhina - Satyajit

ਅੰਮ੍ਰਿਤਸਰ, 19 ਮਈ (ਸੁਖਬੀਰ ਸਿੰਘ ਖੁਰਮਣੀਆ)- ਇਤਿਹਾਸਕ ਖ਼ਾਲਸਾ ਕਾਲਜ ਗਵਰਨਿੰਗ ਕੌਂਸਲ (ਕੇਸੀਜੀਸੀ) ਨੇ ਅੱਜ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟੂਰਡੋ ਵੱਲੋਂ ਕਾਮਾਗਾਟਾ ਮਾਰੂ ਘਟਨਾ ਸਬੰਧੀ ਹਾਊਸ ਆਫ਼ ਕਾਮਨਜ਼ ਵਿੱਚ ਮੰਗੀ ਮੁਆਫ਼ੀ ਦੀ ਪੁਰਜ਼ੋਰ ਸ਼ਲਾਘਾ ਕੀਤੀ। ਉਨ੍ਹਾਂ ਕਿਹਾ ਕਿ 102 ਸਾਲ ਬਾਅਦ ਕੈਨੇਡਾ ਸਰਕਾਰ ਵੱਲੋਂ ‘ਇਤਿਹਾਸਕ ਭੁੱਲ’ ‘ਤੇ ਮੰਗੀ ਮੁਆਫ਼ੀ ਇਸ ਕਾਂਡ ਤੋਂ ਪ੍ਰਭਾਵਿਤ ਪਰਿਵਾਰਾਂ ਦੇ ਜਖ਼ਮਾਂ ‘ਤੇ ਮਲ੍ਹਮ ਲਗਾਉਣ ਦਾ ਕੰਮ ਕਰੇਗੀ।
ਕੇਸੀਜੀਸੀ ਦੇ ਪ੍ਰਧਾਨ ਸ: ਸੱਤਿਆਜੀਤ ਸਿੰਘ ਮਜੀਠੀਆ ਅਤੇ ਆਨਰੇਰੀ ਸਕੱਤਰ ਸ: ਰਜਿੰਦਰ ਮੋਹਨ ਸਿੰਘ ਛੀਨਾ ਨੇ ਅੱਜ ਜਾਰੀ ਸਾਂਝੇ ਬਿਆਨ ਵਿੱਚ ਕਿਹਾ ਕਿ ਕੈਨੇਡੀਅਨ ਸੰਸਦ ਵਿੱਚ ਟਰੂਡੋ ਵੱਲੋਂ ਖਿਮਾ-ਜਾਚਨਾ ਕਰਨਾ ਉੱਥੋਂ ਦੇ ਸਮਾਜ ਅਤੇ ਸਰਕਾਰ ਦੇ ਇਨਸਾਫ਼ੀ ਰਵੱਈਏ ਦੀ ਜਿੰਦਾ ਮਿਸਾਲ ਉਜਾਗਰ ਕਰਦਾ ਹੈ। ਉਨ੍ਹਾਂ ਕਿਹਾ ਕਿ ਸੰਸਦ ਵਿੱਚ ਵੱਡੀ ਗਿਣਤੀ ਵਿੱਚ ਹਾਜ਼ਰ ਪੰਜਾਬੀ ਭਾਈਚਾਰੇ ਵੱਲੋਂ ਜੈਕਾਰਿਆਂ ਨਾਲ ਇਸ ਬਾਬਤ ਕੀਤਾ ਸਵਾਗਤ ਇਸ ਗੱਲ ਦੀ ਗਵਾਹੀ ਦਿੰਦਾ ਹੈ ਕਿ ਲੰਮੇ ਸਮੇਂ ਤੋਂ ਆਸ ਸੀ ਕਿ ਕੈਨੇਡਾ ਦੀ ਸਰਕਾਰ ਆਪਣੀ ਗਲਤੀ ਦਾ ਅਹਿਸਾਸ ਕਰੇਗੀ।
ਸ: ਛੀਨਾ ਨੇ ਕਿਹਾ ਕਿ ਮਈ 1914 ਵਿੱਚ ਵਾਪਰੀ ਇਸ ਘਟਨਾ ਵਿੱਚ 376 ਮੁਸਾਫ਼ਰਾਂ ਨਾਲ ਭਰਿਆ ਕਾਮਾਗਾਟਾਮਾਰੂ ਜਹਾਜ਼ ਉਸ ਵੇਲੇ ਦੀ ਕੈਨੇਡਾ ਸਰਕਾਰ ਦੇ ਵਿਤਕਰੇ ਭਰੇ ਕਾਨੂੰਨ ਦਾ ਸ਼ਿਕਾਰ ਹੋਇਆ ਸੀ। ਉਨ੍ਹਾਂ ਕਿਹਾ ਕਿ ਇਸ ਜਹਾਜ ਨੂੰ 2 ਮਹੀਨੇ ਵੈਨਕੂਵਰ ਦੀ ਬੰਦਰਗਾਹ ‘ਤੇ ਖੜ੍ਹਾ ਰੱਖਣ ਉਪਰੰਤ ਵਾਪਸ ਭਾਰਤ ਭੇਜ ਦਿੱਤਾ ਗਿਆ ਅਤੇ ਕੋਲਕਾਤਾ ਅੱਪੜਣ ‘ਤੇ ਇਸ ਦੇ 19 ਮੁਸਾਫ਼ਿਰ ਉਸ ਵੇਲੇ ਦੀ ਬ੍ਰਿਟਿਸ਼ ਸਰਕਾਰ ਦੇ ਤਸ਼ਦੱਦ ਦਾ ਸ਼ਿਕਾਰ ਹੋਏ। ਉਨ੍ਹਾਂ ਕਿਹਾ ਕਿ ਅੱਜ ਦੇ ਸੱਭਿਅਤ ਸੰਸਾਰ ਵਿੱਚ ਇਸ ਤਰ੍ਹਾਂ ਦੇ ਕਾਨੂੰਨ ਦੀ ਕੋਈ ਮਿਸਾਲ ਨਹੀਂ ਮਿਲਦੀ।
ਉਨ੍ਹਾਂ ਕਿਹਾ ਕਿ ਇਹ ਉਸ ਵੇਲੇ ਦੀ ਇਕ ਵੱਡੀ ਘਟਨਾ ਸੀ, ਕਿਉਂਕਿ ਪ੍ਰਵਾਸੀ ਭਾਰਤੀ ਜਿਨ੍ਹਾਂ ਵਿੱਚ ਜਿਆਦਾ ਗਿਣਤੀ ਸਿੱਖਾਂ ਦੀ ਸੀ, ਨੇ ਕੈਨੇਡਾ ਜਾਣ ਦਾ ਸੁਪਨਾ ਲਿਆ ਸੀ, ਜਿਸਨੂੰ ਉਸ ਵੇਲੇ ਦੀ ਸਰਕਾਰ ਨੇ ਬੁਰੀ ਤਰ੍ਹਾਂ ਨਕਾਰ ਦਿੱਤਾ ਸੀ। ਸ: ਛੀਨਾ ਨੇ ਕਿਹਾ ਕਿ ਉਨ੍ਹਾਂ ਨੂੰ ਪੂਰਨ ਆਸ ਹੈ ਕਿ ਇਸੇ ਤਰ੍ਹਾਂ ਹੀ ਇੰਗਲੈਂਡ ਸਰਕਾਰ ਵੀ ਸੰਨ 1919 ਦੇ ਜ਼ਲ੍ਹਿਆ ਵਾਲਾ ਬਾਗ ਦੇ ਸਾਕੇ, ਜਿਸ ਵਿੱਚ ਹਜ਼ਾਰਾਂ ਬੇਦੋਸ਼ੇ ਲੋਕਾਂ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਗਿਆ ਸੀ, ਸਬੰਧੀ ਵੀ ਮੁਆਫ਼ੀ ਮੰਗੇਗੀ। ਉਨ੍ਹਾਂ ਇੰਗਲੈਂਡ ਸਰਕਾਰ ਨੂੰ ਅਪੀਲ ਕਰਦਿਆਂ ਜਲਦ ਤੋਂ ਜਲਦ ਇਸ ਬਾਰੇ ਫੈਸਲਾ ਲੈਣ ਬਾਰੇ ਕਿਹਾ।

Check Also

ਅਧਿਆਪਕਾਂ ਦੀ ਇਕ ਰੋਜ਼ਾ ਬਲਾਕ ਪੱਧਰੀ ਜਾਦੂਈ ਪਿਟਾਰਾ ਅਤੇ ਐਚ.ਪੀ.ਸੀ ਵਰਕਸ਼ਾਪ ਆਯੋਜਿਤ

ਅੰਮ੍ਰਿਤਸਰ, 18 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਸਕੂੂਲ ਸਿੱਖਿਆ ਵਿਭਾਗ ਪੰਜਾਬ ਵਲੋਂ ਰਾਜ ਵਿਦਿਅਕ ਖੋਜ਼ …

Leave a Reply