Saturday, March 14, 2026

ਮੱਕੀ ਹੇਠ ਰਕਬਾ ਵਧਾਉਣ ਲਈ 240 ਕਲੱਸਟਰ ਪ੍ਰਦਰਸ਼ਨੀਆਂ ਲਗਾਈਆਂ ਜਾਣਗੀਆਂ- ਡਾ. ਚਾਹਲ

PPN2005201612

ਪਠਾਨਕੋਟ, 20 ਮਈ (ਪੰਜਾਬ ਪੋਸਟ ਬਿਊਰੋ) – ਜ਼ਿਲਾ ਪਠਾਨਕੋਟ ਅੰਦਰ ਫਸਲੀ ਵਿਭਿੰਨਤਾ ਸਕੀਮ ਤਹਿਤ ਮੱਕੀ ਹੇਠ ਰਕਬਾ ਵਧਾਉਣ ਦੇ ਮਕਸਦ ਨਾਲ 240 ਕਲੱਸਟਰ ਪ੍ਰਦਰਸ਼ਨੀਆਂ ਲਗਾਈਆਂ ਜਾਣਗੀਆਂ, ਜਿਸ ਲਈ ਬੀਜ ਅਤੇ ਹੋਰ ਖੇਤੀ ਸਮੱਗਰੀ ਉਪਦਾਨ ਤੇ ਕਿਸਾਨਾਂ ਨੂੰ ਮੁਹੱਈਆ ਕਰਵਾਈ ਜਾਵੇਗੀ। ਇਸ ਬਾਰੇ ਜਾਣਕਾਰੀ ਦਿੰਦਿਆ ਡਾ ਬਖਸ਼ੀਸ਼ ਸਿੰਘ ਚਾਹਲ ਮੁੱਖ ਖੇਤੀਬਾੜੀ ਅਫਸਰ ਨੇ ਦੱਸਿਆ ਕਿ ਚਾਲੂ ਸਾਉਣੀ ਦੌਰਾਨ ਜ਼ਿਲੇ ਅੰਦਰ 12000 ਹੈਕਟੇਅਰ ਰਕਬੇ ਵਿੱਚ ਮੱਕੀ ਦੀ ਕਾਸ਼ਤ ਕਰਨ ਦਾ ਟੀਚਾ ਮਿਥਿਆ ਗਿਆ ਹੈ। ਉਨਾਂ ਕਿਹਾ ਕਿ ਮੱਕੀ ਦੀ ਕਾਸ਼ਤ ਸੰਬੰਧੀ ਤਕਨੀਕੀ ਜਾਣਕਾਰੀ ਦੇਣ ਲਈ ਜ਼ਿਲੇ ਅੰਦਰ 240 ਕਲੱਸਟਰ ਪ੍ਰਦਰਸ਼ਨੀ ਪਲਾਟ (ਹਰੇਕ 10 ਹੈਕਟੇਅਰ) ਬਿਜਾਏ ਜਾਣਗੇ। ਉਨਾਂ ਕਿਹਾ ਕਿ ਇਨਾਂ ਪ੍ਰਦਰਸ਼ਨੀਆ ਲਈ ਲੋੜੀਂਦੇ ਹਾਈਬ੍ਰਿਡ ਬੀਜ ਤੇ 1680/- ਰੁਪਏ, ਨਦੀਨਨਾਸ਼ਕ ਤੇ 300/- ਰੁਪਏ, ਕੀਟਨਾਸ਼ਕ ਤੇ 500/- ਰੁਪਏ ਪ੍ਰਤੀ ਹੈਕਟੇਅਰ ਉਪਦਾਨ ਦਿੱਤਾ ਜਾਵੇਗਾ। ਉਨਾਂ ਦੱਸਿਆਂ ਕਿ ਨੁਮੈਟਿਕ ਪਲਾਂਟਰ ਨਾਲ ਬਿਜਾਈ ਕਰਨ ਵਾਲੇ ਕਿਸਾਨਾਂ ਨੂੰ 750/-ਰੁਪਏ ਪ੍ਰਤੀ ਏਕੜ ਅਤੇ ਮਸ਼ੀਨ ਨਾਲ ਕਟਾਈ ਕਰਨ ਵਾਲੇ ਕਿਸਾਨਾਂ ਨੂੰ 1200 ਰੁਪਏ ਪ੍ਰਤੀ ਏਕੜ ਦੀ ਵਿੱਤੀ ਮਦਦ ਦਿੱਤੀ ਜਾਵੇਗੀ। ਉਨਾਂ ਦੱਸਿਆ ਕਿ 240 ਪ੍ਰਦਰਸ਼ਨੀਆਂ ਲਗਾਉਣ ਲਈ ਜ਼ਿਲਾ ਪਠਾਨਕੋਟ ਨੂੰ ਕੁੱਲ 6802500/- ਰੁਪਏ ਦਾ ਬਜਟ ਪ੍ਰਾਪਤ ਹੋਇਆ ਹੈ। ਉਨਾਂ ਦੱਸਿਆ ਕਿ ਪੀ ਏ ਯੂ ਵੱਲੋਂ ਸੁਝਾਈਆਂ ਮੱਕੀ ਦੀਆਂ ਕਿਸਮਾਂ ਜਿਵੇਂ ਲਕਸ਼ਮੀ 333, ਡੀ ਕੇ ਸੀ 9125, ਡੀ ਕੇ ਸੀ 9140, ਪੀ ਏ ਸੀ 751, ਐਲ ਆਈ-558/4558, ਪੀ ਐਮ ਐਚ 2255, ਟੀ ਐਕਸ 369, ਪੀ. 3396, ਪੀ.3401, ਪੀ ਐਮ ਐਚ 1 ਕਿਸਮਾਂ ਦੇ ਬੀਜ ਤੇ 84/- ਰੁਪਏ ਪ੍ਰਤੀ ਕਿਲੋ ਦੇ ਹਿਸਾਬ ਨਾਲ ਸਬਸਿਡੀ ਦਿੱਤੀ ਜਾਵੇਗੀ।
ਉਨਾਂ ਦੱਸਿਆ ਕਿ ਕਿਸਾਨ ਉਪਰੋਕਤ ਕਿਸਮਾਂ ਵਿੱਚੋਂ ਕੋਈ ਵੀ ਕਿਸਮ ਦਾ ਬੀਜ ਖਰੀਦ ਕੇ ਮੱਕੀ ਦੀ ਕਾਸ਼ਤ ਕਰ ਸਕਦਾ ਹੈ। ਉਨਾਂ ਦੱਸਿਆ ਕਿ ਕਿਸਾਨ ਉਪਰੋਕਤ ਖੇਤੀ ਸਮੱਗਰੀ ਦੀ ਪੂਰੀ ਕੀਮਤ ਅਦਾ ਕਰਕੇ ਖਰੀਦ ਕਰ ਸਕਦਾ ਹੈ ਅਤੇ ਖਰੀਦੀ ਗਈ ਖੇਤੀ ਸਮੱਗਰੀ ਦਾ ਬਿੱਲ ਅਤੇ ਹੋਰ ਜ਼ਰੂਰੀ ਦਸਤਾਵੇਜ਼ ਸੰਬੰਧਤ ਖੇਤੀਬਾੜੀ ਦਫਤਰ ਵਿੱਚ ਜਮਾਂ ਕਰਵਾਉਣੇ ਹੋਣਗੇ। ਉਨਾ ਦੱਸਿਆ ਕਿ ਕਿਸਾਨ ਵੱਲੋਂ ਖਰੀਦੀ ਖੇਤੀ ਸਮਗੱਰੀ ਦੀ 50% ਜਾਂ ਵੱਧ ਤੋਂ ਵੱਧ 5000/- ਪ੍ਰਤੀ ਹੈਕਟੇਅਰ, ਜੋ ਵੀ ਘੱਟ ਹੋਵੇ, ਬਣਦੀ ਰਾਸ਼ੀ ਕਿਸਾਨ ਦੇ ਬੈਂਕ ਖਾਤੇ ਵਿੱਚ ਜਮਾਂ ਕਰਵਾ ਦਿੱਤੀ ਜਾਵੇਗੀ। ਉਨਾਂ ਕਿਹਾ ਕਿ ਕਿਸਾਨ ਨੂੰ ਦਿੱਤੀ ਜਾਣ ਵਾਲੀ ਉਪਦਾਨ ਦੀ ਰਾਸ਼ੀ ਕਿਸੇ ਵੀ ਹਾਲਤ ਵਿੱਚ 5000/- ਪ੍ਰਤੀ ਹੈਕਟੇਅਰ ਤੋਂ ਵੱਧ ਨਹੀਂ ਹੋਵੇਗੀ। ਉਨਾਂ ਦੱਸਿਆ ਕਿ ਪ੍ਰਦਰਸ਼ਨੀ ਪਲਾਟ ਲਗਾਉਣ ਦੇ ਲਾਭਪਾਤਰੀ ਕਿਸਾਨ ਕਲੱਸਟਰ ਪ੍ਰਦਰਸ਼ਨੀ ਵਿਚਲੇ ਆਪਣੇ ਰਕਬੇ ਲਈ ਲੋੜੀਂਦੀ ਖੇਤੀ ਸਮੱਗਰੀ ਲੈਣ ਲਈ ਨਿਰਧਾਰਤ ਪ੍ਰੋਫਾਰਮੇ ਵਿੱਚ ਭਰ ਕੇ ਸੰਬੰਧਤ ਖੇਤੀਬਾੜੀ ਵਿਕਾਸ ਅਫਸਰ ਨੂੰ ਦੇਵੇਗਾ। ਉਨਾਂ ਕਿਸਾਨਾਂ ਨੂੰ ਅਪੀਲ ਕੀਤੀ ਕਿ ਪ੍ਰਦਰਸ਼ਨੀ ਪਲਾਟ ਲਗਾਉਣ ਦੇ ਚਾਹਵਾਨ ਕਿਸਾਨ ਸੰਬੰਧਤ ਖੇਤੀ ਦਫਤਰ ਨਾਲ ਸੰਪਰਕ ਕਰਨ ਤਾਂ ਜੋ ਇਸ ਸਕੀਮ ਦਾ ਪੂਰਾ ਫਾਇਦਾ ਲਿਆ ਜਾ ਸਕੇ।

Check Also

ਖਾਲਸਾ ਕਾਲਜ ਵਿਖੇ ‘ਟੌਪਰਾਂ ਦਾ ਅਸਲ ਰਾਜ਼’ ਵਿਸ਼ੇ ’ਤੇ ਸੈਮੀਨਾਰ

ਅੰਮ੍ਰਿਤਸਰ, 13 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਖ਼ਾਲਸਾ ਕਾਲਜ ਵਣਜ ਅਤੇ ਵਪਾਰ ਪ੍ਰਸ਼ਾਸਨ ਵਿਭਾਗ ਵੱਲੋਂ …

Leave a Reply