Thursday, March 19, 2026

 ਢੱਡਰੀਆਂਵਾਲਾ ‘ਤੇ ਹਮਲਾ ਦਮਦਮੀ ਟਕਸਾਲ ਵਿਰੁੱਧ ਕੂੜ ਪ੍ਰਚਾਰ ਦਾ ਸਿੱਟਾ- ਗਿ: ਹਰਨਾਮ ਸਿੰਘ ਖ਼ਾਲਸਾ

ਕਿਹਾ ਟਕਸਾਲ ਜਥੇਬੰਦੀ ਨਾਲ ਸੰਬੰਧਿਤ ਸਿੰਘਾਂ ਦੀ ਪੈਰਵਾਈ ਫਰਜ਼ ਸਮਝ ਕੇ ਕਰੇਗੀ

PPN2305201601

ਮਹਿਤਾ ਚੌਕ, 23 ਮਈ (ਜੋਗਿੰਦਰ ਸਿੰਘ ਮਾਣਾ) – ਸਿੱਖ ਪੰਥ ਦੀ ਸਿਰਮੌਰ ਸੰਸਥਾ ਦਮਦਮੀ ਟਕਸਾਲ (ਜਥਾ ਭਿੰਡਰਾਂ ਮਹਿਤਾ ) ਦੇ ਮੁਖੀ ਸੰਤ ਗਿਆਨੀ ਹਰਨਾਮ ਸਿੰਘ ਖ਼ਾਲਸਾ ਨੇ ਢੱਡਰੀਆਂਵਾਲਾ ‘ਤੇ ਬੀਤੇ ਦਿਨੀਂ ਹੋਏ ਹਮਲੇ ਪ੍ਰਤੀ ਆਪਣਾ ਪ੍ਰਤੀਕਰਮ ਪ੍ਰਗਟ ਕਰਦਿਆਂ ਕਿਹਾ ਕਿ ਉਕਤ ਹਮਲਾ ਢੱਡਰੀਆਂਵਾਲਾ ਵੱਲੋਂ ਲੰਮੇ ਸਮੇਂ ਤੋਂ ਦਮਦਮੀ ਟਕਸਾਲ ਦੀ ਦਸਤਾਰ ਪ੍ਰਤੀ ਵਰਤੀ ਜਾ ਰਹੀ ਅਤਿ ਨਿੰਦਣਯੋਗ ਸ਼ਬਦਾਵਲੀ ਅਤੇ ਕੂੜ ਪ੍ਰਚਾਰ ਦਾ ਹੀ ਸਿੱਟਾ ਹੈ।
ੱਦਮਦਮੀ ਟਕਸਾਲ ਦੇ ਮੁਖੀ ਨੇ ਉਕਤ ਹਮਲੇ ਪ੍ਰਤੀ ਕਿਸੇ ਵੀ ਕਿਸਮ ਦੀ ਜਾਣਕਾਰੀ ਹੋਣ ਤੋਂ ਇਨਕਾਰ ਕਰਦਿਆਂ ਭਾਈ ਭੁਪਿੰਦਰ ਸਿੰਘ ਦੀ ਹੋਈ ਮੌਤ ‘ਤੇ ਅਫ਼ਸੋਸ ਦਾ ਪ੍ਰਗਟਾਵਾ ਕੀਤਾ।ਉਹਨਾਂ ਕਿਹਾ ਕਿ ਢੱਡਰੀਆਂਵਾਲਾ ਵੱਲੋਂ ਪਿਛਲੇ 4 ਸਾਲਾਂ ਤੋਂ ਦੇਸ਼ ਅਤੇ ਵਿਦੇਸ਼ੀ ਧਰਤੀ ਇੰਗਲੈਂਡ, ਅਮਰੀਕਾ ਅਤੇ ਕੈਨੇਡਾ ਆਦਿ ਥਾਵਾਂ ‘ਤੇ ਜਨਤਕ ਤੌਰ ‘ਤੇ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਵਿੱਚ ਵੀ ਅਮਰ ਸ਼ਹੀਦ ਬਾਬਾ ਦੀਪ ਸਿੰਘ ਜੀ ਤੋਂ ਸੀਨਾ ਸਬੀਨਾ ਚਲੀ ਆ ਰਹੀ ਦਮਦਮੀ ਟਕਸਾਲ ਦੀ ਦਸਤਾਰ ਸੰਬੰਧੀ ਅਪਮਾਨ ਜਨਕ ਤੇ ਨਿੰਦਣਯੋਗ ਟਿੱਪਣੀਆਂ ਕੀਤੀਆਂ ਜਾ ਰਹੀਆਂ ਸਨ, ਜਿਸ ਪ੍ਰਤੀ ਦਮਦਮੀ ਟਕਸਾਲ ਦੇ ਸਿੰਘਾਂ ਅਤੇ ਸੰਗਤਾਂ ਵਿੱਚ ਰੋਸ ਪੈਦਾ ਹੋਣਾ ਕੁਦਰਤੀ ਸੀ, ਜੋ ਕਿ ਟਕਰਾ ਦੇ ਰੂਪ ਵਿੱਚ ਸਾਹਮਣੇ ਆਇਆ, ਜਿਸ ਦਾ ਜ਼ਿੰਮੇਵਾਰ ਵੀ ਖੁਦ ਢੱਡਰੀਆਂਵਾਲਾ ਹੀ ਹੈ।
ਉਹਨਾਂ ਕਿਹਾ ਕਿ ਢੱਡਰੀਆਂਵਾਲਾ ਦੱਸੇ ਕਿ ਕਿਸੇ ਵੀ ਜਥੇਬੰਦੀ ਅਤੇ ਉਸ ਦੇ ਮੁਖੀ ਨੂੰ ਕਿਵੇਂ ਨਿਖੇੜਿਆ ਜਾ ਸਕਦਾ ਹੈ। ਉਸ ਨੂੰ ਇਹ ਸਮਝ ਲੈਣਾ ਚਾਹੀਦਾ ਹੈ ਕਿ ਕਿਸੇ ਵੀ ਜਥੇਬੰਦੀ ਦੇ ਮੁਖੀ ‘ਤੇ ਕੀਤੀ ਗਈ ਟਿੱਪਣੀ ਸਮੁੱਚੀ ਜਥੇਬੰਦੀ ‘ਤੇ ਕੀਤੀ ਗਈ ਟਿੱਪਣੀ ਹੀ ਹੈ।ਉਹਨਾਂ ਕਿਹਾ ਕਿ ਦਮਦਮੀ ਟਕਸਾਲ ਦੇ ਜਿਨ੍ਹਾਂ ਸਿੰਘਾਂ ਨੇ ਦਮਦਮੀ ਟਕਸਾਲ ਅਤੇ ਦਾਸ ਪ੍ਰਤੀ ਜੋ ਆਪਣੇ ਜਜ਼ਬਾਤਾਂ ਦਾ ਪ੍ਰਗਟਾਵਾ ਕਰਦਿਆਂ ਉਕਤ ਘਟਨਾ ਨੂੰ ਅੰਜ਼ਾਮ ਦਿੱਤਾ ਹੈ, ਦਾਸ ਅਤੇ ਦਮਦਮੀ ਟਕਸਾਲ ਉਹਨਾਂ ਦੀਆਂ ਭਾਵਨਾਵਾਂ ਦੀ ਕਦਰ ਕਰਦੀ ਹੈ। ਦਮਦਮੀ ਟਕਸਾਲ ਜਥੇਬੰਦੀ ਨਾਲ ਸੰਬੰਧਿਤ ਸਿੰਘਾਂ ਦੀ ਪੈਰਵਾਈ ਕਰਨ ਨੂੰ ਫਰਜ਼ ਸਮਝ ਕੇ ਨਿਭਾਏਗੀ।
ਉਹਨਾਂ ਕਿਹਾ ਕਿ ਜਦ ਤੋਂ ਉਹਨਾਂ ਨੂੰ ਦਮਦਮੀ ਟਕਸਾਲ ਦੀ ਸੇਵਾ ਸੌਂਪੀ ਗਈ ਇਹਨਾਂ 12 ਸਾਲਾਂ ਦੇ ਅਰਸੇ ਤੋਂ ਲੈ ਕੇ ਅੱਜ ਤਕ ਕਿਸੇ ਵੀ ਵਿਅਕਤੀ ਜਾਂ ਜਥੇਬੰਦੀ ਪ੍ਰਤੀ ਅਪਸ਼ਬਦ ਨਹੀਂ ਬੋਲਿਆ। ਦਾਸ ਵੱਲੋਂ ਪਿਛਲੇ ਦਿਨੀਂ ਢੱਡਰੀਆਂਵਾਲਾ ਤੇ ਸਾਥੀਆਂ ਪ੍ਰਤੀ ਪੰਥਕ ਸਿਧਾਂਤਾਂ ਮੁਤਾਬਿਕ ਸੁਆਲ ਕੀਤੇ ਗਏ ਸਨ। ਪਰ ਉਸ ਦੇ ਜਵਾਬ ਵਿੱਚ ਜੋ ਵੀ ਢੱਡਰੀਆਂਵਾਲਾ ਨੇ ਉਹਨਾਂ ਅਤੇ ਦਮਦਮੀ ਟਕਸਾਲ ਪ੍ਰਤੀ ਜੋ ਅਪਮਾਨਜਨਕ ਸ਼ਬਦ ਬੋਲੇ ਗਏ ਉਸ ਦੇ ਆਡੀਓ ਵੀਡੀਓ ਸਭ ਦੇ ਸਾਹਮਣੇ ਹਨ। ਉਹਨਾਂ ਕਿਹਾ ਕਿ ਸੰਗਤ ਧਾਰਮਿਕ ਸਮਾਗਮਾਂ ਵਿੱਚ ਗੁਰੂ ਸ਼ਬਦ ਜਾਂ ਗੁਰ ਇਤਿਹਾਸ ਸਰਵਨ ਕਰਨ ਆਉਂਦੀਆਂ ਹਨ ਅਜਿਹੇ ਵਿੱਚ ਕਿਸੇ ਵੀ ਪ੍ਰਚਾਰਕ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਵਿੱਚ ਕਿਸੇ ਜਥੇਬੰਦੀ ਜਾਂ ਨਿੱਜ ਨੂੰ ਲੈ ਕੇ ਅਪਮਾਨਜਨਕ ਸ਼ਬਦ ਕਹਿਣਾ ਸੋਭਦਾ ਨਹੀਂ ਹੈ।
ਦਮਦਮੀ ਟਕਸਾਲ ਦੇ ਮੁਖੀ ਨੇ ਕਿਹਾ ਕਿ ਕਈ ਵਿਵਾਦ ਪੁਰਾਣੇ ਸਮੇਂ ਤੋਂ ਚਲੇ ਆ ਰਹੇ ਹਨ ਅਤੇ ਦਮਦਮੀ ਟਕਸਾਲ ਨੇ ਹਮੇਸ਼ਾ ਹੀ ਵਿਚਾਰਾਂ ਨੂੰ ਪਹਿਲ ਦਿੱਤੀ ਹੈ ਨਾ ਕਿ ਟਕਰਾ ਨੂੰ। ਜਿਵੇਂ ਰਾਗ ਮਾਲਾ ਦਾ ਮਸਲਾ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਮੰਗਲ ਬਦਲਣ ਦਾ ਮਸਲਾ, ਰਹਿਤ ਮਰਿਆਦਾ ਜਾਂ ਸ੍ਰੀ ਦਸਮ ਗ੍ਰੰਥ ਸਾਹਿਬ ਦਾ ਮਸਲਾ ਹੋਵੇ ਅਜਿਹੇ ਮਸਲਿਆਂ ਪ੍ਰਤੀ ਦਮਦਮੀ ਟਕਸਾਲ ਨੇ ਕਦੀ ਵੀ ਵਿਰੋਧੀ ਵਿਚਾਰ ਰੱਖਣ ਵਾਲਿਆਂ ਪ੍ਰਤੀ ਟਕਰਾ ਦੀ ਸਥਿਤੀ ਪੈਦਾ ਨਹੀਂ ਹੋਣ ਦਿੱਤੀ ਪਰ ਢੱਡਰੀਆਂਵਾਲਾ ਨੇ ਨਿੱਜੀ ਤੌਰ ‘ਤੇ ਦਮਦਮੀ ਟਕਸਾਲ ਦੀ ਦਸਤਾਰ ਪ੍ਰਤੀ ਕੀਤੀ ਜਾ ਰਹੀ ਅਪਮਾਨਜਨਕ ਨੁਕਤਾਚੀਨੀ ਨੂੰ ਅੱਜ ਤਕ ਤਸਲੀਮ ਨਹੀਂ ਕੀਤਾ। ਉੱਥੇ ਹੀ ਹੈਰਾਨੀ ਦੀ ਗਲ ਹੈ ਕਿ ਉਕਤ ਵੱਲੋਂ ਵਰਤੀ ਜਾ ਰਹੀ ਅਜਿਹੀ ਸ਼ਬਦਾਵਲੀ ਨੂੰ ਰੋਕਣ ਦੀ ਨਾ ਤਾਂ ਕਿਸੇ ਪੰਥਕ ਸੰਸਥਾ, ਨਾ ਸਰਕਾਰ, ਨਾ ਪ੍ਰਸ਼ਾਸਨ ਅਤੇ ਨਾ ਹੀ ਕਿਸੇ ਦਾਨਸ਼ਮੰਦ ਨੇ ਕੋਸ਼ਿਸ਼ ਕੀਤੀ ਹੈ। ਉਹਨਾਂ ਕਿਹਾ ਕਿ ਦਮਦਮੀ ਟਕਸਾਲ ਨੇ ਹਰ ਕਿਸਮ ਦੇ ਟਕਰਾ ਨੂੰ ਰੋਕਣ ਲਈ ਢੱਡਰੀਆਂਵਾਲਾ ਦੇ ਕੂੜ ਪ੍ਰਚਾਰ ਨੂੰ ਅਣਸੁਣਿਆ ਤੇ ਅਣਦੇਖਾ ਕਰੀ ਰੱਖਿਆ, ਜਿਸ ਨੂੰ ਉਸ ਨੇ ਜਥੇਬੰਦੀ ਦੀ ਕਮਜ਼ੋਰੀ ਸਮਝ ਲਿਆ ਤੇ ਕੂੜ ਬੋਲਣ ਵਿੱਚ ਸਭ ਹੱਦਾਂ ਬੰਨੇ ਟੱਪਦਾ ਹੀ ਚਲਾ ਗਿਆ।
ਅਖੀਰ ਵਿੱਚ ਉਹਨਾਂ ਕਿਹਾ ਕਿ ਢੱਡਰੀਆਂਵਾਲਾ ਨੂੰ ਹਊਮੇ, ਹੰਕਾਰ ਅਤੇ ਈਰਖਾ ਵਸ ਦਮਦਮੀ ਟਕਸਾਲ ਵਿਰੁੱਧ ਕੂੜ ਪ੍ਰਚਾਰ ਕਰਨ ਜਾਂ ਸੰਗਤ ਦੀਆਂ ਭਾਵਨਾਵਾਂ ਨੂੰ ਸੱਟ ਮਾਰਨ ਤੋਂ ਗੁਰੇਜ਼ ਕਰਨਾ ਚਾਹੀਦਾ ਹੈ।ਅਜਿਹਾ ਨਾ ਕੀਤਾ ਗਿਆ ਤਾਂ ਉਹ ਭਰਾ ਮਾਰੂ ਜੰਗ ਵਲ ਆਪਣੇ ਪੈਰ ਵਧਾ ਰਿਹਾ ਹੋਵੇਗਾ।

Check Also

ਅਧਿਆਪਕਾਂ ਦੀ ਇਕ ਰੋਜ਼ਾ ਬਲਾਕ ਪੱਧਰੀ ਜਾਦੂਈ ਪਿਟਾਰਾ ਅਤੇ ਐਚ.ਪੀ.ਸੀ ਵਰਕਸ਼ਾਪ ਆਯੋਜਿਤ

ਅੰਮ੍ਰਿਤਸਰ, 18 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਸਕੂੂਲ ਸਿੱਖਿਆ ਵਿਭਾਗ ਪੰਜਾਬ ਵਲੋਂ ਰਾਜ ਵਿਦਿਅਕ ਖੋਜ਼ …

Leave a Reply