
ਅੰਮ੍ਰਿਤਸਰ, 24 ਮਈ (ਪੰਜਾਬ ਪੋਸਟ ਬਿਊਰੋ) – ਬੀਤੇ ਦਿਨੀ ਸੰਤ ਬਾਬਾ ਢੱਡਰੀਆਂ ਵਾਲ਼ਿਆਂ ‘ਤੇ ਹੋਏ ਹਮਲੇ ਜਿਸ ਵਿਚ ਭਾਈ ਭੁਪਿੰਦਰ ਸਿੰਘ ਜੀ ਅਕਾਲ ਚਲਾਣਾ ਕਰ ਗਏ ਤੋਂ ਬਾਅਦ ਦਮਦਮੀ ਟਕਸਾਲ ਮਹਿਤਾ ਅਤੇ ਸੰਤ ਢੱਡਰੀਆਂ ਵਾਲਾ ਦਰਮਿਆਨ ਪੈਦਾ ਹੋਏ ਵਿਵਾਦ ‘ਤੇ ਅਫਸੋਸ ਹੈ ‘ਬੋਲਤ ਬੋਲਤ ਬਢਹਿ ਬਿਕਾਰਾ॥’ ਦੇ ਅਨੁਸਾਰ ਦੋਹਾਂ ਸੰਤਾਂ ਵਿਚ ਸ਼ਬਦੀ ਜੰਗ ਦੇ ਕਾਰਨ ਦੁਖਦਾਇਕ ਘਟਨਾ ਵਾਪਰ ਗਈ।ਜਿਸ ਦਾ ਬਹੁਤ ਅਫਸੋਸ ਹੈ।ਇੰਨਾਂ ਸ਼ਬਦਾਂ ਦਾ ਪ੍ਰਗਟਾਵਾ ਕਰਦਿਆਂ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਨੇ ਕਿਹਾ ਹੈ ਕਿ ਇਹ ਵਾਦ-ਵਿਵਾਦ ਅੱਗੇ ਨਾ ਵਧੇ ਕਿਉਂਕਿ ਪੰਥ ਨੂੰ ਇਸ ਨਾਲ ਪ੍ਰਚਾਰ ਦਾ ਬਹੁਤ ਵੱਡਾ ਘਾਟਾ ਪੈ ਰਿਹਾ ਹੈ ਅਤੇ ਇਸ ਦਾ ਵਿਰੋਧੀ ਲਾਭ ਉਠਾ ਰਹੇ ਹਨ ਅਤੇ ਕੁੱਝ ਉਠਾਉਣ ਦੀ ਤਾਕ ਵਿਚ ਹਨ।ਪੰਥ ਵਿਰੋਧੀ ਏਜੰਸੀਆਂ ਨਹੀਂ ਚਾਹੁੰਦੀਆਂ ਕਿ ਗੁਰਬਾਣੀ ਦਾ ਪ੍ਰਚਾਰ ਹੋਵੇ, ਜਿਸ ਨੂੰ ਸੁਣ ਭਰੂਣ ਹੱਤਿਆ, ਕੇਸਾਂ ਦੀ ਬੇਅਦਬੀ ਅਤੇ ਨਸ਼ੇ ਖਤਮ ਹੋਣ।ਇਸ ਲਈ ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਇਸ ਦਾ ਗੰਭੀਰ ਨੋਟਿਸ ਲੈਂਦਿਆਂ ਦੋਹਾਂ ਸੰਤਾਂ ਨੂੰ ਸੰਤ ਗਿਆਨੀ ਹਰਨਾਮ ਸਿੰਘ ਖ਼ਾਲਸਾ ਅਤੇ ਸੰਤ ਰਣਜੀਤ ਸਿੰਘ ਢੱਡਰੀਆਂ ਵਾਲੇ ਅਤੇ ਇਨ੍ਹਾਂ ਦੇ ਸਮਰਥਕਾਂ ਨੂੰ ਕਿਸੇ ਵੀ ਤਰ੍ਹਾਂ ਦੀ ਬਿਆਨਬਾਜ਼ੀ ਨਾ ਕਰਨ ਵਾਸਤੇ ਹਦਾਇਤ ਕੀਤੀ ਜਾਂਦੀ ਹੈ।ਗਿ: ਗੁਰਬਚਨ ਸਿੰਘ ਨੇ ਕਿਹਾ ਕਿ ਦੋਹਾਂ ਧਿਰਾਂ ਨਾਲ ਸੰਪਰਕ ਕਰਕੇ ਸਕੱਤਰੇਤ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਬੈਠ ਕੇ ਆਪਸ ਵਿਚ ਵਿਚਾਰਾਂ ਕਰਕੇ ਗੁਰਮਤਿ-ਜੁਗਤਿ ਨਾਲ ਹੱਲ ਕੱਢਿਆ ਜਾਵੇਗਾ ਤਾਂ ਕਿ ਕੌਮ ਅੱਗੇ ਹੀ ਬਹੁਤ ਸੰਕਟ ਵਿਚ ਘਿਰੀ ਹੋਈ ਹੈ।ਪੰਥ ਵਿਚ ਹੋਰ ਵੰਡੀਆਂ ਪੈਣ ਤੋਂ ਬਚਾਇਆ ਜਾਵੇ।
ਜਥੇਦਾਰ ਨੇ ਕਿਹਾ ਕਿ ਅੱਜ ਸਿੱਖ ਕੌਮ ਵਿਚ ਬਹੁਤ ਵੱਡੀ ਦੁਬਿਧਾ ਬਣੀ ਹੋਈ ਹੈ ਕਿਉਂਕਿ ਸਿੱਖ ਪੰਥ ਵਿਚ ਅਤਿ ਸਤਿਕਾਰਯੋਗ ਸੰਸਥਾ ਦਮਦਮੀ-ਟਕਸਾਲ, ਜਿਸ ਦੇ ਮੁੱਖੀ ਸੰਤ ਗਿਆਨੀ ਹਰਨਾਮ ਸਿੰਘ ਖ਼ਾਲਸਾ ਪ੍ਰਧਾਨ ਸੰਤ ਸਮਾਜ ਹਨ।ਇਸ ਸੰਸਥਾ ਨੇ ਸ਼ੁਰੂ ਤੋਂ ਲੈ ਕੇ ਸਿੱਖ ਪੰਥ ਵਾਸਤੇ ਗੁਰਧਾਮਾਂ ਦੀ ਬੇਅਦਬੀ ਨੂੰ ਰੋਕਣ ਲਈ ਸ਼ਹੀਦਾਂ ਦੀਆਂ ਯਾਦਗਾਰਾਂ ਬਣਾਉਣ ਲਈ ਵੱਡੀਆਂ ਕੁਰਬਾਨੀਆਂ ਕੀਤੀਆਂ।ਗੁਰਮਤਿ ਦੇ ਪ੍ਰਚਾਰ ਤੇ ਪ੍ਰਸਾਰ ਵਾਸਤੇ ਵਿਦਿਆਰਥੀ ਤਿਆਰ ਕਰਕੇ ਦੇਸ਼ਾਂ-ਵਿਦੇਸ਼ਾਂ ਵਿਚ ਭੇਜੇ ਤੇ ਅੱਜ ਵੀ ਪਿੰਡ-ਪਿੰਡ ਪ੍ਰਚਾਰ ਕਰਕੇ ਸਿੱਖਾਂ ਨੂੰ ਬਾਣੀ ਅਤੇ ਬਾਣੇ ਨਾਲ ਜੋੜ ਰਹੀ ਹੈ।
ਦੂਜੇ ਪਾਸੇ ਸੰਤ ਰਣਜੀਤ ਸਿੰਘ ਢੱਡਰੀਆਂ ਵਾਲੇ ਗੁਰਮਤਿ ਦੇ ਮਹਾਨ ਪ੍ਰਚਾਰਕ ਹਨ।ਦੇਸ਼ਾਂ ਵਿਦੇਸ਼ਾਂ ਵਿਚ ਗੁਰਮਤਿ ਦਾ ਪ੍ਰਚਾਰ ਕਰਕੇ ਸ਼ਬਦ-ਗੁਰੂ ਨਾਲ ਜੋੜ ਰਹੇ ਹਨ।ਪੰਥ ਵਿਚ ਇਹ ਐਸੇ ਪ੍ਰਚਾਰਕ ਹਨ ਜਿਨ੍ਹਾਂ ਦੀ ਰਸਨਾ ਤੋਂ ਗੁਰਬਾਣੀ, ਗੁਰ-ਇਤਿਹਾਸ ਸੁਣਨ ਲਈ ਬਿਨ੍ਹਾਂ ਵੱਡੀ ਇਸ਼ਤਿਹਾਰਬਾਜੀ ਤੋਂ ਲੱਖਾਂ ਦੀ ਗਿਣਤੀ ਵਿਚ ਸੰਗਤਾਂ ਪਹੁੰਚਦੀਆਂ ਹਨ।
Punjab Post Daily Online Newspaper & Print Media