Saturday, March 7, 2026

ਸ੍ਰੀ ਗੁਰੂ ਹਰਿਕ੍ਰਿਸ਼ਨ ਪਬਲਿਕ ਸਕੂਲ ਗੋਲਡਨ ਐਵੀਨਿਊ ਵਿਖੇ ਗੁਰਮਤਿ ਸਿਰਜਣਾ ਕੈਂਪ ਦਾ ਆਯੋਜਨ

ਅੰਮ੍ਰਿਤਸਰ, 24 ਮਈ (ਜਗਦੀਪ ਸਿੰਘ ਸੱਗੂ) – ਸ੍ਰੀ ਗੁਰੂ ਹਰਿਕ੍ਰਿਸ਼ਨ ਪਬਲਿਕ ਸਕੂਲ ਗੋਲਡਨ ਐਵੀਨਿਊ ਵਿਖੇ ਚੀਫ਼ ਖਾਲਸਾ ਦੀਵਾਨ ਚੈਰੀਟੇਬਲ ਸੁਸਾਇਟੀ ਦੇ ਪ੍ਰਧਾਨ ਸ. ਚਰਨਜੀਤ ਸਿੰਘ ਚੱਢਾ ਦੇ ਦਿਸ਼ਾ ਨਿਰਦੇਸ਼ਾਂ ਅਧੀਨ ਧਰਮ ਪ੍ਰਚਾਰ ਕਮੇਟੀ ਵੱਲੋਂ ‘ਗੁਰਮਤਿ ਸਿਰਜਨਾ ਕੈਂਪ’ ਦਾ ਆਯੋਜਨ ਕੀਤਾ ਗਿਆ। ਕਮੇਟੀ ਵੱਲੋਂ ਬਾਬਾ ਬੰਦਾ ਸਿੰਘ ਬਹਾਦਰ ਜੀ ਦੇ 300 ਸਾਲਾ ਸ਼ਹੀਦੀ ਦਿਵਸ ਨੂੰ ਸਮਰਪਿਤ ਇਹ ਕੈਂਪ ਅੰਮ੍ਰਿਤਸਰ ਅਤੇ ਤਰਨਤਾਰਨ ਜ਼ਿਲ੍ਹਿਆਂ ਦੇ ਸਕੂਲਾਂ ਵਿੱਚ ਲਗਾਉਣ ਦਾ ਉਪਰਾਲਾ ਕੀਤਾ ਜਾ ਰਿਹਾ ਹੈ।ਕੈਂਪ ਦਾ ਮੁੱਖ ਮਨੋਰਥ ਸਿੱਖ ਕੌਮ ਦੀ ਨਵੀਂ ਪਨੀਰੀ ਨੂੰ ਸਿੱਖ ਧਰਮ ਅਤੇ ਅਨਮੋਲ ਵਿਰਸੇ ਨਾਲ ਜੋੜਨ ਤੋਂ ਇਲਾਵਾ ਧਰਮ ਅਤੇ ਨਿੱਤ ਕਰਨੀ ਵਿੱਚ ਆ ਰਹੀਆਂ ਕੁਰੀਤੀਆਂ ਬਾਰੇ ਜਾਗਰੂਕ ਕਰਕੇ ਨਵੇ ਨਰੋਏ ਸਮਾਜ ਦੀ ਸਿਰਜਣਾ ਕਰਨਾ ਹੈ। ਸਕੂਲ ਦੇ ਮੈਂਬਰ ਇੰਚਾਰਜ ਸੰਤੋਖ ਸਿੰਘ ਸੇਠੀ, ਜ਼ਸਵਿੰਦਰ ਸਿੰਘ ਐਡਵੋਕੇਟ ਅਤੇ ਸ. ਕੁਲਜੀਤ ਸਿੰਘ ਸਾਹਨੀ ਨੇ ਕਮੇਟੀ ਦੇ ਇਸ ਕਦਮ ਦੀ ਸ਼ਲਾਘਾ ਕੀਤੀ ਅਤੇ ਵਿਦਿਆਰਥੀਆਂ ਨੂੰ ਆਪਣੇ ਧਰਮ ਨਾਲ ਜੁੜਨ ਅਤੇ ਕੌਮ ਦੀ ਚੜ੍ਹਦੀ ਕਲਾ ਲਈ ਮਿਹਨਤ ਅਤੇ ਲਗਨ ਨਾਲ ਵਿੱਦਿਆ ਹਾਸਲ ਕਰਨ ਦਾ ਸੰਦੇਸ਼ ਦਿੱਤਾ।
ਇਸ ਕੈਂਪ ਵਿੱਚ ਬ੍ਰਾਂਚ ਗੋਲਡਨ ਐਵੀਨਿਊ ਅਤੇ ਬ੍ਰਾਂਚ ਭਗਤਾਂ ਵਾਲਾ ਦੇ ਸੱਤਵੀਂ ਤੋਂ ਨੌਵੀਂ ਜਮਾਤ ਤੱਕ ਦੇ ਵਿਦਿਆਰਥੀਆਂ ਨੇ ਭਾਗ ਲਿਆ।ਕੈਂਪ ਵਿੱਚ ਸ਼੍ਰੋਮਣੀ ਗੁਰਦੁਆਰਾ ਕਮੇਟੀ ਦੇ ਪ੍ਰਚਾਰਕ ਸੁਰਜੀਤ ਸਿੰਘ, ਚੀਫ ਖਾਲਸਾ ਦੀਵਾਨ ਧਰਮ ਪ੍ਰਚਾਰ ਕਮੇਟੀ ਦੇ ਪ੍ਰਚਾਰਕ ਸ. ਸੁਖਦੇਵ ਸਿੰਘ, ਬ੍ਰਾਂਚ ਗੋਲਡਨ ਐਵੀਨਿਊ ਸਕੂਲ ਦੇ ਧਾਰਮਿਕ ਸਿੱਖਿਆ ਅਧਿਆਪਕ ਅੰਮ੍ਰਿਤਪਾਲ ਸਿੰਘ, ਬ੍ਰਾਂਚ ਪੱਟੀ ਦੇ ਧਾਰਮਿਕ ਸਿੱਖਿਆ ਅਧਿਆਪਕ ਜਗਜੀਤ ਸਿੰਘ, ਬ੍ਰਾਂਚ ਬੁਰਜ ਮਰਹਾਣਾ ਦੇ ਧਾਰਮਿਕ ਸਿੱਖਿਆ ਅਧਿਆਪਕ ਤਸਬੀਰ ਸਿੰਘ, ਬ੍ਰਾਂਚ ਬਸੰਤ ਐਵੀਨਿਊ ਸਕੂਲ ਦੀ ਧਾਰਮਿਕ ਸਿੱਖਿਆ ਅਧਿਆਪਕਾ ਸ੍ਰੀਮਤੀ ਰਾਜਬੀਰ ਕੌਰ ਨੇ ਵਿਦਿਆਰਥੀਆਂ ਨੂੰ ਸੰਬੋਧਨ ਕੀਤਾ। ਇਸ ਕੈਂਪ ਵਿੱਚ ‘ਮਾਤਾ-ਪਿਤਾ ਦਾ ਸਤਿਕਾਰ’, ‘ਵਾਤਾਵਰਣ ਦੀ ਸੰਭਾਲ’, ‘ਨਸ਼ੇ’, ‘ਕੇਸ ਅਤੇ ਦਸਤਾਰ’ ਅਤੇ ‘ਸਿੱਖ ਸੱਭਿਆਚਾਰ’ ਵਿਸ਼ਿਆਂ ਤੇ ਚਾਨਣਾ ਪਾਇਆ ਗਿਆ।ਜਿਸ ਤੋਂ ਵਿਦਿਆਰਥੀਆਂ ਨੇ ਭਰਪੂਰ ਲਾਹਾ ਲਿਆ। ਉਪਰੰਤ ਵਿਦਿਆਰਥੀਆਂ ਦੇ ਨਾਲ ਸਵਾਲ-ਜਵਾਬ ਸੈਸ਼ਨ ਵੀ ਕੀਤਾ ਗਿਆ, ਜਿਸ ਵਿੱਚ ਵਿਦਿਆਰਥੀਆਂ ਨੇ ਆਪਣੇ ਮਨ ਦੇ ਸ਼ੰਕੇ ਦੂਰ ਕਰਨ ਲਈ ਕਮੇਟੀ ਦੇ ਪ੍ਰਚਾਰਕਾਂ ਕੋਲੋਂ ਪ੍ਰਸ਼ਨ ਪੁੱਛੇ ਜਿਨ੍ਹਾਂ ਦਾ ਉਨ੍ਹਾਂ ਵੱਲੋਂ ਸੁਚੱਜੇ ਢੰਗ ਨਾਲ ਜਵਾਬ ਦੇ ਕੇ ਬੱਚਿਆਂ ਦੇ ਗਿਆਨ ਵਿੱਚ ਵਾਧਾ ਕੀਤਾ ਗਿਆ।
ਭਗਤਾਂ ਵਾਲਾ ਸਕੂਲ ਦੇ ਪ੍ਰਿੰਸੀਪਲ ਸ੍ਰੀਮਤੀ ਜਸਪਾਲ ਕੌਰ ਨੇ ਕਮੇਟੀ ਦੇ ਇਸ ਉੱਦਮ ਦੀ ਪ੍ਰਸੰਸਾ ਕੀਤੀ ਅਤੇ ਵਿਦਿਆਰਥੀਆਂ ਨੂੰ ਆਪਣੇ ਧਰਮ ਅਤੇ ਵਿਰਸੇ ਨਾਲ ਜੁੜਨ ਦੀ ਪ੍ਰੇਰਣਾ ਦਿੱਤੀ।ਗੋਲਡਨ ਐਵੀਨਿਊ ਸਕੂਲ ਦੇ ਪ੍ਰਿੰਸੀਪਲ ਸ੍ਰੀਮਤੀ ਸਤਿੰਦਰ ਕੌਰ ਮਰਵਾਹਾ ਨੇ ਆਏ ਹੋਏ ਪ੍ਰਚਾਰਕਾਂ ਤੇ ਸ਼ਖ਼ਸੀਅਤਾਂ ਦਾ ਧੰਨਵਾਦ ਕੀਤਾ।ਉਨ੍ਹਾਂ ਕਿਹਾ ਕਿ ਅਜਿਹੇ ਉਪਰਾਲੇ ਕਰਕੇ ਅਸੀਂ ਨਿਵਾਣ ਵੱਲ ਜਾ ਰਹੀ ਸਿੱਖ ਕੌਮ ਦੇ ਗ੍ਰਾਫ ਨੂੰ ਦੁਬਾਰਾ ਬੁਲੰਦੀਆਂ ਤੱਕ ਪਹੁੰਚਾ ਸਕਦੇ ਹਾਂ। ਚੀ.ਖਾ.ਦੀ.ਚੈ.ਸੁ. ਧਰਮ ਪ੍ਰਚਾਰ ਕਮੇਟੀ ਵਧਾਈ ਦੀ ਪਾਤਰ ਹੈ, ਜੋ ਕੌਮ ਦਾ ਭਵਿੱਖ ਬਣਨ ਵਾਲੇ ਵਿਦਿਆਰਥੀਆਂ ਵਿੱਚ ਧਰਮ ਪ੍ਰਚਾਰ ਕਰਕੇ ਸਦਗੁਣਾਂ ਦਾ ਵਿਕਾਸ ਕਰ ਰਹੀ ਹੈ।ਪਰਮਾਤਮਾ! ਇਨ੍ਹਾਂ ਦੇ ਯਤਨਾਂ ਨੂੰ ਸਫ਼ਲ ਕਰੇ ਅਤੇ ਸਿੱਖ ਕੌਮ ਆਪਣੇ ਧਰਮ ਵਿੱਚ ਪਰਪੱਕ ਹੋ ਕੇ ਸੰਸਾਰ ਦੀਆਂ ਉੱਨਤ ਕੌਮਾਂ ਵਿੱਚ ਆਪਣੀ ਹੋਂਦ ਬਰਕਰਾਰ ਰੱਖੇ।

Check Also

ਖਾਲਸਾ ਕਾਲਜ ਗਰਲਜ਼ ਸੀ: ਸੈਕੰ: ਸਕੂਲ ਦੀ ਵਿਦਿਆਰਥਣ ਨੇ ਨਗਦ ਇਨਾਮ ਪ੍ਰਾਪਤ ਕੀਤਾ

ਅੰਮ੍ਰਿਤਸਰ, 5 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਗਵਰਨਿੰਗ ਕੌਸਲ ਅਧੀਨ ਖਾਲਸਾ ਕਾਲਜ ਗਰਲਜ਼ …

Leave a Reply