ਫਾਜ਼ਿਲਕਾ, 25 ਮਈ (ਵਨੀਤ ਅਰੋੜਾ)- ਜ਼ਿਲ੍ਹਾ ਫਾਜ਼ਿਲਕਾ ਪੰਜਾਬ ਵਿਚ ਨਰਮੇ ਦੀ ਖੇਤੀ ਦੇ ਮਸ਼ੀਨੀਕਰਨ ਦਾ ਮੁੱਢ ਬੰਨਣ ਲਈ ਤਿਆਰ ਹੋ ਗਿਆ ਹੈ। ਇਸ ਤਹਿਤ ਨੁੰਮਾਇਸ਼ੀ ਤੌਰ ਤੇ ਇਸ ਸਾਲ ਜ਼ਿਲ੍ਹੇ ਵਿਚ 1000 ਏਕੜ ਰਕਬੇ ਵਿਚ ਨਵੀਂ ਤਕਨੀਕ ਨਾਲ ਨਰਮੇ ਦੀ ਬਿਜਾਈ ਕੀਤੀ ਜਾ ਚੁੱਕੀ ਹੈ। ਇਹ ਜਾਣਕਾਰੀ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਸ਼੍ਰੀਮਤੀ ਈਸ਼ਾ ਕਾਲੀਆ ਆਈ.ਏ.ਐਸ. ਨੇ ਦਿੱਤੀ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਪਿਛਲੇ ਕੁਝ ਸਮੇਂ ਤੋਂ ਨਰਮੇ ਦੇ ਝਾੜ ਵਿੱਚ ਗਿਰਾਵਟ ਕਰਕੇ, ਲੇਬਰ ਮਹਿੰਗੀ ਤੇ ਨਾ ਮਿਲਣ ਕਾਰਨ, ਬੇਮੌਸਮੀ ਬਾਰਿਸ਼ਾਂ ਕਾਰਨ ਅਤੇ ਅੰਤਰ ਰਾਸ਼ਟਰੀ ਮੰਡੀ ਵਿੱਚ ਰੂੰ ਦਾ ਭਾਅ ਘਟਣ ਕਾਰਨ ਕਿਸਾਨਾਂ ਨੂੰ ਨਰਮੇ ਦਾ ਭਾਅ ਪ੍ਰਤੀ ਕੁਇੰਟਲ ਘੱਟ ਮਿਲਣ ਕਾਰਨ ਇਸ ਫ਼ਸਲ ਥੱਲੇ ਰਕਬਾ ਘਟ ਰਿਹਾ ਹੈ, ਇਸ ਬਦਲੀ ਹੋਈ ਸਥਿਤੀ ਅਤੇ ਸੰਦਰਭ ਵਿੱਚ ਨਰਮੇ ਦੀ ਫ਼ਸਲ ਦੀਆਂ ਉਪਰੋਕਤ ਸਮੱਸਿਆਵਾਂ ਨੂੰ ਦੂਰ ਕਰਕੇ ਨਵੀਆਂ ਉਚਾਈਆਂ ਤੇ ਲਿਜਾਣ ਲਈ ਅਤੇ ਕਿਸਾਨਾਂ ਦੀ ਆਰਥਿਕਤਾ ਨੂੰ ਹੁਲਾਰਾ ਦੇਣ ਲਈ ਖੇਤੀਬਾੜੀ ਵਿਭਾਗ ਜ਼ਿਲ੍ਹੇ ਵਿੱਚ ਨਰਮੇ ਦੀ ਖੇਤੀ ਦੇ ਮਸ਼ੀਨੀਕਰਨ ਨੂੰ ਪ੍ਰਫੁਲਿਤ ਕਰਨ ਜਾ ਰਿਹਾ ਹੈ। ਇਸ ਲਈ ਜ਼ਿਲ੍ਹੇ ਵਿਚ ਨਿਊਮੈਟਿਕ ਪਲਾਂਟਰ ਨਾਲ ਬੀ.ਟੀ. ਨਰਮੇ ਦੀ ਬਿਜਾਈ ਜ਼ੋਰਾਂ ਸ਼ੋਰਾਂ ਨਾਲ ਕਰਵਾਈ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਇਸ ਸਕੀਮ ਤਹਿਤ ਜ਼ਿਲ੍ਹੇ ਦੇ ਅਬੋਹਰ ਅਤੇ ਖੂਈਆਂ ਸਰਵਰ ਬਲਾਕਾਂ ਵਿਚ 1000 ਏਕੜ ਵਿੱਚ ਬੀ.ਟੀ. ਨਰਮੇ ਦੀ ਨਵੀਨਤਮ ਤਕਨੀਕ ਨਾਲ ਬਿਜਾਈ ਕੀਤੀ ਜਾ ਰਹੀ ਹੈ।
ਇਸ ਸਬੰਧੀ ਹੋਰ ਜਾਣਕਾਰੀ ਦਿੰਦਿਆਂ ਜ਼ਿਲ੍ਹੇ ਦੇ ਮੁੱਖ ਖੇਤੀਬਾੜੀ ਅਫ਼ਸਰ ਡਾ: ਪਰਮਜੀਤ ਸਿੰਘ ਨੇ ਦੱਸਿਆ ਕਿ ਇਸ ਨਵੀਂ ਤਕਨੀਕ ਤਹਿਤ ਨਿਊਮੈਟਿਕ ਪਲਾਂਟਰ ਨਾਂਅ ਦੀ ਮਸ਼ੀਨ ਨਾਲ ਬੀਜਿਆ ਬੀ.ਟੀ. ਨਰਮਾ ਮੀਂਹ ਨਾਲ ਕਰੰਡ ਨਹੀਂ ਹੁੰਦਾ, ਨਰਮੇ ਦੇ ਪ੍ਰਤੀ ਏਕੜ ਝਾੜ ਵਿਚ 20 ਤੋਂ 30 ਪ੍ਰਤੀਸ਼ਤ ਵਾਧਾ ਹੁੰਦਾ ਹੈ ਅਤੇ ਲੇਬਰ ਦੀ ਸਮੱਸਿਆ ਦਾ ਮੁਕੰਮਲ ਹੱਲ ਹੋ ਜਾਂਦਾ ਹੈ ਕਿਉਕਿ ਇਸ ਤਕਨੀਕ ਨਾਲ ਬੀਜੇ ਗਏ ਨਰਮੇ ਦੀ ਚੁਗਾਈ ਵੀ ਵਿਦੇਸ਼ੀ ਮਸ਼ੀਨਾਂ ਨਾਲ ਕੀਤੀ ਜਾਵੇਗੀ ਜੋ ਇੱਕ ਏਕੜ ਨਰਮੇ ਦੀ ਚੁਗਾਈ ਨੂੰ ਤਕਰੀਬਨ 70 ਤੋਂ 80 ਮਿੰਟਾਂ ਵਿੱਚ ਕਰਨ ਦੀ ਸਮਰੱਥਾ ਰੱਖਦੀ ਹੈ । ਉਨ੍ਹਾਂ ਕਿਹਾ ਕਿ ਉਪਰੋਕਤ ਸਕੀਮ ਤਹਿਤ ਬੀ.ਟੀ. ਨਰਮੇ ਦੇ 5 ਪੈਕੇਟ ਵਿਭਾਗ ਵਲੋਂ ਅਤੇ 2 ਪੈਕੇਟ ਕਿਸਾਨ ਵਲੋਂ ਦਿੱਤੇ ਜਾਣਗੇ।ਇਸ ਤਰਾਂ ਬੀ.ਟੀ ਨਰਮੇ ਦੇ 7 ਪੈਕਟ (450ਗ੍ਰਾਮ) ਪ੍ਰਤੀ ਏਕੜ ਪਾਉਣ ਨਾਲ ਖੇਤ ਵਿੱਚ ਨਰਮੇ ਦੇ ਬੂਟਿਆ ਦੀ ਗਿਣਤੀ ਤਕਰੀਬਨ 30000 ਹੋ ਜਾਂਦੀ ਹੈ, ਜਿਸ ਨਾਲ ਨਰਮਾਂ ਸੰਘਣਾ ਹੋਣ ਕਰਕੇ ਨਦੀਨ ਵੀ ਘੱਟ ਉੱਗਦੇ ਹਨ ਜਿਸ ਨਾਲ ਗੋਡੀ ਤੇ ਹੋਣ ਵਾਲਾ ਖਰਚਾ ਬਚਦਾ ਹੈ, ਨਰਮੇ ਨੂੰ ਸੀਲਣਾ ਵੀ ਘੱਟ ਪੈਦਾ ਹੈ ਅਤੇ ਸੰਘਣੇ ਨਰਮੇ ਨਾਲ ਜ਼ਮੀਨ ਤੇ ਛਾਂ ਰਹਿਣ ਕਾਰਨ ਨਰਮੇ ਨੂੰ ਪਾਣੀ ਦੀ ਵੀ ਘੱਟ ਜਰੂਰਤ ਪੈਦੀ ਹੈ। ਉਨ੍ਹਾਂ ਇਹ ਵੀ ਦੱਸਿਆ ਕਿ ਇਸ ਨਵੀਨਤਮ ਤਕਨੀਕ ਨਾਲ ਬੀਜੇ ਨਰਮੇ ਦੀ ਸ਼ੀਜਨ ਦੌਰਾਨ ਖੇਤੀਬਾੜੀ ਮਹਿਕਮੇ ਦੇ ਅਧਿਕਾਰੀ ਸਮੇ ਸਮੇਂ ਸਿਰ ਤਕਨੀਕੀ ਜਾਣਕਾਰੀ ਮੁਹੱਈਆ ਕਰਵਾਉਂਦੇ ਰਹਿਣਗੇ, ਕਿਉਕਿ ਇਸ ਨਰਮੇ ਦੀ ਚੁਗਾਈ ਮਸ਼ੀਨ ਨਾਲ ਹੋਣੀ ਹੈ ਇਸ ਲਈ ਨਰਮੇ ਦਾ ਕੱਦ ਕਿਸੇ ਹਾਲਤ ਵਿੱਚ ਵੀ 4 ਫੁੱਟ ਤੋਂ ਵੱਧ ਨਹੀਂ ਵਧਣ ਦਿੱਤਾ ਜਾਵੇਗਾ। ਜਿਸ ਵਾਸਤੇ ਤਕਰੀਬਨ 45 ਦਿਨਾਂ ਤੋ ਸ਼ੁਰੂ ਕਰਕੇ ਨਰਮੇ ਦਾ ਕੱਦ ਢੁੱਕਵਾਂ ਰੱਖਣ ਲਈ ਪੰਦਰਾਂ ਪੰਦਰਾਂ ਦਿਨਾਂ ਦੇ ਫਰਕ ਨਾਲ 4 ਛਿੜਕਾਅ ਸ਼ਟਾਂਸ਼ ਦਵਾਈ ਦੇ ਕੀਤੇ ਜਾਣਗੇ । ਉਨ੍ਹਾਂ ਕਿਹਾ ਕਿ ਇਸ ਤਕਨੀਕ ਨਾਲ ਬੀਜੇ ਨਰਮੇ ਦਾ ਅੰਦਾਜ਼ਨ ਝਾੜ 30 ਤੋਂ 40 ਮਣ ਪ੍ਰਤੀ ਏਕੜ ਆਉਣ ਦੀ ਪੂਰੀ ਪੂਰੀ ਸੰਭਾਵਨਾ ਮੌਜੂਦ ਹੈ।
Check Also
ਖਾਲਸਾ ਕਾਲਜ ਗਰਲਜ਼ ਸੀ: ਸੈਕੰ: ਸਕੂਲ ਦੀ ਵਿਦਿਆਰਥਣ ਨੇ ਨਗਦ ਇਨਾਮ ਪ੍ਰਾਪਤ ਕੀਤਾ
ਅੰਮ੍ਰਿਤਸਰ, 5 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਗਵਰਨਿੰਗ ਕੌਸਲ ਅਧੀਨ ਖਾਲਸਾ ਕਾਲਜ ਗਰਲਜ਼ …
Punjab Post Daily Online Newspaper & Print Media