Tuesday, June 16, 2026

ਮੰਤਰੀ ਜੋਸ਼ੀ ਵਲੋਂ ਮੈਡੀਕਲ ਕਾਲਜ ਵਿਚ 104 ਕਰੋੜ ਰੁਪਏ ਦੇ ਵਿਕਾਸ ਕੰਮਾਂ ਦੇ ਉਦਘਾਟਨ

PPN3005201611

ਅੰਮ੍ਰਿਤਸਰ, 30 ਮਈ (ਜਗਦੀਪ ਸਿੰਘ ਸੱਗੂ) – ਮੈਡੀਕਲ ਸਿੱਖਿਆ ਅਤੇ ਖੋਜ ਮੰਤਰੀ ਸ੍ਰੀ ਅਨਿਲ ਜੋਸ਼ੀ ਨੇ ਸਰਕਾਰੀ ਡਾਕਟਰਾਂ ਨੂੰ ਅਪੀਲ ਕਰਦੇ ਕਿਹਾ ਕਿ ਪੰਜਾਬ ਸਰਕਾਰ ਆਮ ਲੋਕਾਂ ਨੂੰ ਬਿਹਤਰ ਸਿਹਤ ਸੇਵਾਵਾਂ ਦੇਣ ਲਈ ਅੱਡੀ-ਚੋਟੀ ਦਾ ਜ਼ੋਰ ਲਗਾ ਰਹੀ ਹੈ ਅਤੇ ਅਰਬਾਂ ਰੁਪਏ ਖਰਚ ਕਰ ਰਹੀ ਹੈ, ਪਰ ਇਹ ਸਾਰਾ ਕੁੱਝ ਤਾਂ ਹੀ ਅਸਰਦਾਰ ਹੋ ਸਕਦਾ ਹੈ, ਜੇਕਰ ਸਰਕਾਰੀ ਹਸਪਤਾਲ ਵਿਚ ਇਲਾਜ ਲਈ ਪਹੁੰਚੇ ਮਰੀਜ਼ ਨੂੰ ਡਾਕਟਰ ਅਤੇ ਹੋਰ ਅਮਲਾ ਸਹੀ ਢੰਗ ਨਾਲ ਪੇਸ਼ ਆਵੇ। ਉਹ ਅੱਜ ਸਥਾਨਕ ਮੈਡੀਕਲ ਕਾਲਜ ਵਿਚ ਲਗਭਗ 104 ਕਰੋੜ ਰੁਪਏ ਨਾਲ ਹੋਣ ਵਾਲੇ ਵਿਕਾਸ ਕੰਮਾਂ ਦੀ ਸ਼ੁਰੂਆਤ ਕਰਨ ਆਏ ਸਨ, ਜਿਸ ਵਿਚ 700 ਵਿਦਿਆਰਥੀਆਂ ਦੀ ਸਮਰੱਥਾ ਵਾਲੇ 4 ਹੋਸਟਲ, ਲੈਬ, ਕਲਾਸ ਰੂਮ, ਖੇਡ ਕੰਪਲੈਕਸ, ਪ੍ਰਬੰਧਕੀ ਬਲਾਕ ਅਤੇ ਮਲਟੀ ਲੈਵਲ ਪਾਰਕਿੰਗ ਆਦਿ ਸ਼ਾਮਿਲ ਹਨ।
ਸ੍ਰੀ ਜੋਸ਼ੀ ਨੇ ਕਿਹਾ ਕਿ ਪੰਜਾਬ ਸਰਕਾਰ ਦੀਆਂ ਕੋਸ਼ਿਸ਼ਾਂ ਸਦਕਾ ਇਸ ਮੈਡੀਕਲ ਕਾਲਜ ਵਿਚ ਐਮ ਬੀ ਬੀ ਐਸ ਦੀਆਂ 50 ਸੀਟਾਂ ਦਾ ਵਾਧਾ ਹੋਇਆ ਹੈ ਅਤੇ ਹੁਣ ਇਸ ਲੋੜ ਤੋਂ ਕਿਤੇ ਵੱਧ ਮੁੱਢਲਾ ਢਾਂਚਾ ਵਿਕਸਤ ਕੀਤਾ ਜਾ ਰਿਹਾ ਹੈ। ਉਨਾਂ ਕਿਹਾ ਕਿ ਅੰਮ੍ਰਿਤਸਰ ਦੇ ਇਸ ਇਤਹਾਸਕ ਮੈਡੀਕਲ ਕਾਲਜ ਵਿਚ ਕਿਸੇ ਕਿਸਮ ਦੀ ਕੋਈ ਘਾਟ ਨਹੀਂ ਆਉਣ ਦਿੱਤੀ ਜਾਵੇਗੀ।
ਇਸ ਮੌਕੇ ਮੈਡੀਕਲ ਕਾਲਜ ਦੇ ਅਮਲੇ ਨੂੰ ਸੰਬੋਧਨ ਕਰਦੇ ਸ੍ਰੀ ਜੋਸ਼ੀ ਨੇ ਕਿਹਾ ਕਿ ਲੋੜਵੰਦ ਆਦਮੀ, ਜਿਸ ਵਿਚ ਜ਼ਿਆਦਾਤਰ ਗਰੀਬ ਲੋਕ ਸ਼ਾਮਿਲ ਹਨ, ਉਹ ਸਰਕਾਰੀ ਹਸਪਤਾਲਾਂ ਵਿਚ ਇਲਾਜ ਲਈ ਆਉਂਦੇ ਹਨ। ਸਰਕਾਰ ਨੇ ਇੱਥੇ ਉਨਾਂ ਦੀ ਲੋੜ ਲਈ ਵਧੀਆ ਲੈਬ, ਚੰਗੇ ਡਾਕਟਰ, 200 ਦੇ ਕਰੀਬ ਮੁਫ਼ਤ ਦਵਾਈਆਂ ਅਤੇ ਹੋਰ ਸਾਰਾ ਕੁਝ ਦਿੱਤਾ ਹੈ, ਪਰ ਫਿਰ ਵੀ ਮਰੀਜ਼ ਨੂੰ ਉਹ ਸਹੂਲਤਾਂ ਨਹੀਂ ਮਿਲਦੀਆਂ ਅਤੇ ਇੱਥੇ ਅਕਸਰ ਡਾਕਟਰਾਂ ਵੱਲੋਂ ਮਰੀਜ਼ਾਂ ਦੀ ਸੋਸ਼ਣ ਕਰਨ ਦੀਆਂ ਖ਼ਬਰਾਂ ਸੁਣਨ ਨੂੰ ਮਿਲਦੀਆਂ ਰਹਿੰਦੀਆਂ ਹਨ। ਸ੍ਰੀ ਜੋਸ਼ੀ ਨੇ ਕਿਹਾ ਕਿ ਇਸ ਹਸਪਤਾਲ ਦੇ ਨਾਲ ਦਾ ਢਾਂਚਾ, ਡਾਕਟਰ, ਲੈਬਾਂ ਜਾਂ ਹੋਰ ਸਹੂਲਤਾਂ ਪੰਜਾਬ ਦੇ ਕਿਸੇ ਵੀ ਨਿੱਜੀ ਹਸਪਤਾਲ ਕੋਲ ਨਹੀਂ, ਪਰ ਫਿਰ ਵੀ ਲੋਕ ਨਿੱਜੀ ਹਸਪਤਾਲਾਂ ‘ਤੇ ਵੱਧ ਵਿਸਵਾਸ਼ ਕਰਦੇ ਹਨ ਅਤੇ ਉਥੇ ਪੈਸੇ ਖਰਚਣ ਨੂੰ ਤਰਜੀਹ ਦਿੰਦੇ ਹਨ। ਇਹ ਸਭ ਕੁੱਝ ਡਾਕਟਰਾਂ ਅਤੇ ਹੋਰ ਅਮਲੇ ਦੀਆਂ ਕਮੀਆਂ ਕਾਰਨ ਹੋ ਰਿਹਾ ਹੈ, ਜਿਸ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਉਨਾਂ ਸੈਕਟਰੀ ਹੁਸਨ ਲਾਲ, ਪ੍ਰਿੰਸੀਪਲ ਅਤੇ ਮੈਡੀਕਲ ਸੁਪਰਡੈਂਟ ਨੂੰ ਕਿਹਾ ਕਿ ਉਹ ਇਸ ਮਸਲੇ ਨੂੰ ਹਰ ਹਾਲਤ ਹੱਲ ਕਰਨ। ਇਸ ਮੌਕੇ ਸੰਬੋਧਨ ਕਰਦੇ ਸੈਕਟਰੀ ਮੈਡੀਕਲ ਸਿੱਖਿਆ ਅਤੇ ਖੋਜ ਸ੍ਰੀ ਹੁਸਨ ਲਾਲ ਨੇ ਕਿਹਾ ਕਿ ਅੰਮ੍ਰਿਤਸਰ ਮੈਡੀਕਲ ਕਾਲਜ ਦੀ ਕਾਇਆ-ਕਲਪ ਕਰਨ ਦਾ ਸਿਹਰਾ ਸ੍ਰੀ ਜੋਸ਼ੀ ਨੂੰ ਜਾਂਦਾ ਹੈ ਅਤੇ ਸਾਡੀ ਸਾਰਿਆਂ ਦੀ ਕੋਸ਼ਿਸ਼ ਹੋਣੀ ਚਾਹੀਦੀ ਹੈ ਕਿ ਅਸੀਂ ਵੀ ਇਨ੍ਹਾਂ ਦੀਆਂ ਆਸਾਂ ‘ਤੇ ਖਰੇ ਉਤਰੀਏ। ਇਸ ਮੌਕੇ ਹੋਰਨਾਂ ਤੋਂ ਇਲਾਵਾ ਪ੍ਰਿੰਸੀਪਲ ਡਾ. ਬੀ. ਐਸ ਬੱਲ, ਮੈਡਕਲ ਸੁਪਰਡੈਂਟ ਡਾ. ਰਾਮ ਸਰੂਪ ਅਤੇ ਫੈਕਲਟੀ ਦੇ ਹੋਰ ਮੈਂਬਰ ਹਾਜ਼ਰ ਸਨ।

Check Also

ਐਮ.ਪੀ ਗੁਰਜੀਤ ਸਿੰਘ ਔਜਲਾ ਨੇ ਅੰਮ੍ਰਿਤਸਰ-ਕਟੜਾ ਟ੍ਰੇਨ ਦੇ ਨਵੇਂ ਰੂਟ ਲਈ ਰੇਲ ਮੰਤਰੀ ਦਾ ਕੀਤਾ ਧੰਨਵਾਦ

ਅੰਮ੍ਰਿਤਸਰ, 15 ਜੂਨ (ਸੁਖਬੀਰ ਸਿੰਘ) – ਅੰਮ੍ਰਿਤਸਰ ਤੋਂ ਸੰਸਦ ਮੈਂਬਰ ਗੁਰਜੀਤ ਸਿੰਘ ਔਜਲਾ ਨੇ ਅੰਮ੍ਰਿਤਸਰ-ਕਟੜਾ …

Leave a Reply