Friday, April 10, 2026

 ਖਾਲਸਾ ਸੀ: ਸੈਕੰ: ਸਕੂਲ ਵਿਖੇ ਕਰਵਾਇਆ ਅਰਦਾਸ ਦਿਵਸ ਤੇ ਦਸਤਾਰਬੰਦੀ

PPN3005201612

ਅੰਮ੍ਰਿਤਸਰ, 30 ਮਈ (ਸੁਖਬੀਰ ਸਿੰਘ ਖੁਰਮਨੀਆ)- ਅਜੋਕੀ ਨੌਜਵਾਨ ਪੀੜ੍ਹੀ ਅਨੇਕਾਂ ਸਮਾਜਿਕ ਕੁਰੀਤੀਆਂ ਵਿੱਚ ਗਲਤਾਨ ਹੋ ਕੇ ਅਜਿਹੇ ਮਾਰਗ ‘ਤੇ ਤੁਰ ਰਹੀ ਹੈ, ਜਿਸ ਦਾ ਰਾਹ ਸਿਰਫ਼ ਜ਼ਿੰਦਗੀ ਵਿੱਚ ਸਰਵਨਾਸ਼ ਨੂੰ ਜਾਂਦਾ ਹੈ। ਜਿਸ ਲਈ ਸਮਾਜ ਵਿੱਚ ਸਰਗਰਮ ਕਈ ਸਮਾਜਿਕ, ਧਾਰਮਿਕ ਅਤੇ ਵਿੱਦਿਅਕ ਸੰਸਥਾਵਾਂ ਨੂੰ ਦੇਸ਼ ਦੀ ਖੁਸ਼ਹਾਲੀ ਅਤੇ ਸਮਾਜ ਨੂੰ ਸੇਧ ਦੇਣ ਲਈ ਰਲ ਕੇ ਹੰਭਲਾ ਮਾਰਨ ਦੀ ਜਰੂਰਤ ਹੈ ਤਾਂ ਜੋ ਨੌਜਵਾਨਾਂ ਨੂੰ ਪਤਿਤਪੁਣੇ, ਕੇਸ ਕਤਲ ਕਰਵਾਉਣ ਤੇ ਦਿਸ਼ਾ ਤੋਂ ਭਟਕ ਚੁੱਕੇ ਬੱਚਿਆਂ ਨੂੰ ਬਚਾਇਆ ਜਾ ਸਕੇ। ਇਹ ਵਿਚਾਰ ਖਾਲਸਾ ਕਾਲਜ ਸੀਨੀਅਰ ਸੈਕੰਡਰੀ ਸਕੂਲ ਵਿਖੇ ਨਵੇਂ ਸ਼ੈਸ਼ਨ ਦੀ ਆਰੰਭਤਾ ਮੌਕੇ ਸ੍ਰੀ ਸੁਖਮਨੀ ਸਾਹਿਬ ਦੇ ਪਾਠ ਉਪਰੰਤ ਖ਼ਾਲਸਾ ਕਾਲਜ ਗਵਰਨਿੰਗ ਕੌਂਸਲ ਦੇ ਆਨਰੇਰੀ ਸਕੱਤਰ ਸ: ਰਜਿੰਦਰ ਮੋਹਨ ਸਿੰਘ ਛੀਨਾ ਨੇ ਫੈਲੀਆਂ ਸਮਾਜਿਕ ਕੁਰੀਤੀਆਂ ਤੋਂ ਜਾਗਰੂਕ ਕਰਦੇ ਸਮੇਂ ਵਿਦਿਆਰਥੀਆਂ ਨੂੰ ਪ੍ਰੇਰਿਤ ਕਰਨ ਮੌਕੇ ਕਹੇ।
ਇਸ ਤੋਂ ਪਹਿਲਾਂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਗ੍ਰੰਥੀ ਸਿੰਘ ਸਾਹਿਬ ਗਿਆਨੀ ਰਘੂਬੀਰ ਸਿੰਘ ਵੱਲੋਂ ਹੁਕਮਨਾਮਾ ਲਿਆ ਤੇ ਕਾਲਜ ਦੇ ਵਿਦਿਆਰਥੀਆਂ ਦੁਆਰਾ ਇਲਾਹੀ ਬਾਣੀ ਦਾ ਕੀਰਤਨ ਗਾਇਨ ਕਰਕੇ ਹਾਜ਼ਰ ਸੰਗਤਾਂ ਨੂੰ ਗੁਰੂ ਚਰਨਾਂ ਨਾਲ ਜੋੜਿਆ ਗਿਆ।ਇਸ ਮੌਕੇ ਸ: ਛੀਨਾ ਨੇ ਸਕੂਲ ਵਿੱਚ ਪੜ੍ਹ ਰਹੇ ਸੈਂਟਰਲ ਖ਼ਾਲਸਾ ਯਤੀਮਖਾਨੇ, ਪੁਤਲੀਘਰ ਦੇ ਸੂਰਮੇ ਸਿੰਘ ਵਿਦਿਆਰਥੀਆਂ ਜੋ ਕਿ ਅੱਖਾਂ ਦੀ ਜੋਤ ਤੋਂ ਵਾਂਝੇ ਹਨ, ਦੇ ਇਲਾਜ ਸਬੰਧੀ ਐਲਾਨ ਕਰਦਿਆਂ ਕਿਹਾ ਕਿ ਜੇਕਰ ਇਸ ਸਬੰਧੀ ਇਲਾਜ ਸੰਭਵ ਹੈ ਤਾਂ ਮਾਹਿਰ ਡਾਕਟਰਾਂ ਨਾਲ ਸਲਾਹ-ਮਸ਼ਵਰਾ ਕਰਕੇ ਉਨ੍ਹਾਂ ਨੂੰ ਅੱਖਾਂ ਦੀ ਰੌਸ਼ਨੀ ਦਿਵਾਉਣ ਲਈ ਮੈਨੇਜ਼ਮੈਂਟ ਵੱਲੋਂ ਨਿਮਾਣਾ ਜਿਹਾ ਹੀਲਾ ਕੀਤਾ ਜਾਵੇਗਾ। ਜਿਸ ਸਬੰਧੀ ਉਨ੍ਹਾਂ ਸਕੂਲ ਪ੍ਰਿੰਸੀਪਲ ਸ: ਨਿਰਮਲ ਸਿੰਘ ਭੰਗੂ ਨੂੰ ਯੋਗ ਅਧਿਆਪਕਾਂ ਨੂੰ ਜ਼ਿੰਮੇਵਾਰੀ ਸੌਂਪਣ ਲਈ ਹਦਾਇਤ ਵੀ ਕੀਤੀ।
ਸਮਾਗਮ ਮੌਕੇ ਸਿੰਘ ਸਾਹਿਬ ਨੇ ਵਿਦਿਆਰਥੀਆਂ ਨੂੰ ਧਰਮ ਵਿੱਚ ਪ੍ਰਪੱਕ ਹੋਣ ਲਈ ਪ੍ਰੇਰਿਤ ਕਰਦਿਆਂ ਕੇਸਾਂ ਦੀ ਸੰਭਾਲ ਅਤੇ ਦਸਤਾਰ ਦੀ ਮਹੱਤਤਾ ਸਬੰਧੀ ਜਾਣੂ ਕਰਵਾਇਆ। ਉਨ੍ਹਾਂ ਕਿਹਾ ਕਿ ਦਸਤਾਰ ਸਾਡੀ ਸ਼ਾਨ ਹੈ ਅਤੇ ਦਸਤਾਰ ਸਜਾਉਣ ਵਾਲਾ ਸਿਰ ਕਿਸੇ ਬਾਦਸ਼ਾਹ ਅੱਗੇ ਝੁਕਦਾ ਨਹੀਂ ਅਤੇ ਕ੍ਰਿਪਾਨ ਮਜ਼ਲੂਮਾਂ ਦੀ ਰਾਖੀ ਕਰਨ ਵਾਸਤੇ ਹੈ। ਇਸ ਮੌਕੇ ਸ਼੍ਰੋਮਣੀ ਕਮੇਟੀ ਮੈਂਬਰ ਐਡਵੋਕੇਟ ਡਾ. ਭਗਵੰਤਪਾਲ ਸਿੰਘ ਸਿਆਲਕਾ ਨੇ ਹਾਜ਼ਰ ਸਖਸ਼ੀਅਤਾਂ ਦਾ ਧੰਨਵਾਦ ਕਰਦਿਆਂ ਸਿਰਮੌਰ ਵਿੱਦਿਅਕ ਸੰਸਥਾ ਖ਼ਾਲਸਾ ਕਾਲਜ ਦੀ ਸਮਾਜ ਵਿੱਚ ਮੌਜ਼ੂਦ ਉੱਚ ਸਖਸ਼ੀਅਤਾਂ ਬਾਰੇ ਜਾਣੂ ਕਰਵਾਉਂਦਿਆਂ ਕਾਲਜ ਦੀ ਦੇਨ ਦੱਸਿਆ।
ਇਸ ਮੌਕੇ ਸਿੰਘ ਸਾਹਿਬ, ਸ: ਛੀਨਾ ਅਤੇ ਸ: ਸਿਆਲਕਾ ਵੱਲੋਂ ਵਿਦਿਆਰਥੀਆਂ ਨੂੰ ਮੈਡਲ ਤੇ ਸਿਰੋਪਾਓ ਭੇਂਟ ਕਰਕੇ ਸਨਮਾਨਿਤ ਕੀਤਾ ਗਿਆ।ਇਸ ਮੌਕੇ ਉਨ੍ਹਾਂ ਨਾਲ ਮੈਂਬਰ ਲਖਵਿੰਦਰ ਸਿੰਘ ਢਿੱਲੋਂ, ਖ਼ਾਲਸਾ ਕਾਲਜ ਪ੍ਰਿੰਸੀਪਲ ਡਾ. ਮਹਿਲ ਸਿੰਘ ਤੋਂ ਇਲਾਵਾ ਇੰਦਰਜੀਤ ਸਿੰਘ ਗੋਗੋਆਣੀ, ਸ: ਸ਼ਰਨਜੀਤ ਸਿੰਘ, ਸ: ਮੋਹਬਤਪਾਲ ਸਿੰਘ, ਹਰਜੀਤ ਸਿੰਘ ਫਰਾਸ਼ ਸ੍ਰੀ ਅਕਾਲ ਤਖ਼ਤ ਸਾਹਿਬ, ਸ: ਕੁਲਦੀਪ ਸਿੰਘ ਕਾਹਲੋਂ ਆਦਿ ਹਾਜ਼ਰ ਸਨ।
ਆਖਿਰ ‘ਤੇ ਪ੍ਰਿੰ: ਭੰਗੂ ਸਮਾਗਮ ਵਿੱਚ ਪੁੱਜੀਆਂ ਸਮੂਹ ਸਖਸ਼ੀਅਤਾਂ ਦਾ ਧੰਨਵਾਦ ਕਰਦਿਆਂ ਵਿਦਿਆਰਥੀਆਂ ‘ਤੇ ਆਸ ਪ੍ਰਗਾਉਂਦਿਆਂ ਕਿਹਾ ਕਿ ਉਹ ਆਉਂਦੇ ਸਾਲ ਦਾ ਨਤੀਜਾ ਸ਼ਾਨਦਾਰ ਲੈ ਕੇ ਆਉਣ ਕਿਉਂਕਿ ਸੰਸਥਾ ਨੇ ਤੁਹਾਨੂੰ ਗਿਆਨ ਦਾ ਖਜਾਨਾ ਦੇਣ ਦਾ ਭਰਪੂਰ ਯਤਨ ਕੀਤਾ ਹੈ। ਇਸ ਮੌਕੇ ਕੇਸ ਦੀ ਸੰਭਾਲ ਰੱਖਣ ਵਾਲੇ ਵਿਦਿਆਰਥੀਆਂ ਦੀ ਦਸਤਾਰਬੰਦੀ ਸਿੰਘ ਸਾਹਿਬ ਅਤੇ ਸ: ਛੀਨਾ ਵੱਲੋਂ ਕੀਤੀ ਗਈ।

Check Also

ਖਾਲਸਾ ਕਾਲਜ ਨਰਸਿੰਗ ਦੇ ਵਿਦਿਆਰਥੀਆਂ ਨੇ ਫਲਾਵਰ ਸ਼ੋਅ ’ਚ ਹਾਸਲ ਕੀਤਾ ਸ਼ਾਨਦਾਰ ਸਥਾਨ

ਅੰਮ੍ਰਿਤਸਰ, 10 ਅਪ੍ਰੈਲ (ਸੁਖਬੀਰ ਸਿੰਘ ਖੁਰਮਣੀਆਂ) – ਖ਼ਾਲਸਾ ਕਾਲਜ ਆਫ਼ ਨਰਸਿੰਗ ਦੇ ਵਿਦਿਆਰਥੀਆਂ ਨੇ ਖ਼ਾਲਸਾ …

Leave a Reply