
ਬਠਿੰਡਾ, 3 ਜੂਨ (ਜਸਵਿੰਦਰ ਸਿੰਘ ਜੱਸੀ, ਅਵਤਾਰ ਸਿੰਘ ਕੈਂਥ)- ਗੁਰਦੁਆਰਾ ਤਖ਼ਤ ਸ੍ਰੀ ਸੱਚਖੰਡ ਸ੍ਰੀ ਹਜ਼ੂਰ ਸਾਹਿਬ ਦੇ ਬੋਰਡ ਪ੍ਰਧਾਨ ਤਾਰਾ ਸਿੰਘ ਅਤੇ ਸਮੂਹ ਮੈਂਬਰ ਸਾਹਿਬਾਨ ਦੀ ਪਰਜੋਰ ਮੰਗ ਅਧੀਨ ਨੇਕ ਦਿਲ ਇਨਸਾਨ ਅਤੇ ਆਪਣੇ ਕੰਮ ਵਿੱਚ ਨਿਪੰਨ ਗਿਣੇ ਜਾਂਦੇ ਤਜ਼ਰਬੇਕਾਰ ਅਫਸ਼ਰ ਦਵਿੰਦਰਪਾਲ ਸਿੰਘ ਚਾਵਲਾ ਵਾਸੀ ਮੋਹਾਲੀ ਨੂੰ ਗੁਰਦੁਆਰਾ ਬੋਰਡ ਤਖ਼ਤ ਸੱਚਖੰਡ ਸ੍ਰੀ ਹਜ਼ੂਰ ਸਾਹਿਬ ਦਾ ਆਫ਼ਿਸਰ ਆਨ ਸਪੈਸ਼ਲ ਡਿਊਟੀ ਮਹਾਂਰਾਸ਼ਟਰ ਸਰਕਾਰ ਵਲੋਂ ਨਿਯੁੱਕਤ ਕੀਤਾ ਗਿਆ ਹੈ। ਇਹ ਚਾਰਜ ਉਨ੍ਹਾਂ ਵਲੋਂ ਸੰਭਾਲ ਲਿਆ ਗਿਆ ਹੈ। ਇਥੇ ਜ਼ਿਕਰਯੋਗ ਇਹ ਹੈ ਕਿ ਸ: ਚਾਵਲਾ ਜੋ ਕਿ ਪੰਜਾਬ ਐਂਡ ਸਿੰਧ ਬੈਂਕ ਤੋਂ ਡਿਪਟੀ ਜਨਰਲ ਮੈਨੇਜਰ ਦੇ ਅਹੁਦੇ ਤੋਂ ਰਿਟਾਇਰ ਹੋਏ ਹਨ। ਬੋਰਡ ਸ੍ਰੀ ਹਜ਼ੂਰ ਸਾਹਿਬ ਵਿਖੇ ਮਈ 2006 ਤੋਂ ਲੈ ਕੇ ਅਕਤੂਬਰ 2013 ਤੱਕ ਡੈਪੁਟੇਸ਼ਨ ਤੇ ਸੁਪਰਡੈਂਟ ਦੇ ਅਹੁਦੇ ਤੇ ਤਾਇਨਾਤ ਰਹੇ ਹਨ। ਇਸ ਮੌਕੇ ਸ: ਤਾਰਾ ਸਿੰਘ ਪ੍ਰਧਾਨ ਨੇ ਕਿਹਾ ਕਿ ਸ: ਡੀ ਪੀ ਸਿੰਘ ਚਾਵਲਾ ਅਜਿਹੇ ਇਨਸਾਨ ਹਨ ਜੋ ਕਿ ਇਮਾਨਦਾਰ ਅਤੇ ਬਾ-ਆਲਾ ਤਜ਼ਰਬੇਕਾਰ ਅਫਸ਼ਰ ਵੀ ਹਨ, ਜਿਨ੍ਹਾਂ ਦੀ ਪਰਜੋਰ ਕੋਸ਼ਿਸ਼ ਰਾਹੀਂ ਪਿਛਲੇ ਸਮੇਂ ਤੋਂ ਸ੍ਰੀ ਤਖ਼ਤ ਸਾਹਿਬ ਵਿਖੇ ਬਹੁਤ ਹੀ ਸੁੰਦਰ ਢੰਗ ਨਾਲ ਕਾਰਜ ਕੀਤੇ ਗਏ ਅਤੇ 300 ਸਾਲਾਂ ਗੁਰਤਗੱਦੀ ਸਮਾਗਮ ਅਤੇ ਹੋਰ ਕਾਰਜ ਸਿਰੇ ਚੜ੍ਹੇ। ਇਸੇ ਲਈ ਚਾਵਲਾ ਨੂੰ ਦੁਬਾਰਾ ਗੁਰੂ ਘਰ ਦੀਆਂ ਸੇਵਾਵਾਂ ਲਈ ਨਿਯੁਕਤ ਕੀਤਾ ਗਿਆ ਹੈ।ਡੀ.ਪੀ ਸਿੰਘ ਚਾਵਲਾ ਦਾ ਭਾਈ ਥਾਨ ਸਿੰਘ ਸੁਪਰਡੈਂਟ, ਪੰਡਾਰੀ ਨਾਥ ਬੋਕਾਰੇ ਅਤੇ ਸਮੂਹ ਨਾਨਕਸਾਈਂ ਫਾਉਡੇਸ਼ਨ, ਹਰਜੀਤ ਸਿੰਘ ਕੜੇਵਾਲ, ਨਾਰਇਣ ਸੇਤ, ਮੋਹਨ ਸਿੰਘ ਗਾਡੀਵਾਲੇ, ਸੁਖਵਿੰਦਰ ਸਿੰਘ ਹੁੰਦਲ, ਪ੍ਰਿਤਪਾਲ ਸਿੰਘ ਗ੍ਰੰਥੀ, ਤੁਲਸੀਦਾਸ ਭੁਸੇਵਰ, ਡੀ ਕੇ ਪਾਟਿਲ, ਸਰਦਾਰ ਖਾਹਿਰਾ ਅਤੇ ਨਾਂਦੇੜ ਵਾਸੀਆਂ ਨੇ ਸਰਦਾਰ ਚਾਵਲਾ ਨੂੰ ਜਿਥੇ ਵਧਾਈ ਦਿੱਤੀ ਉਥੇ ਹੀ ਉਨ੍ਹਾਂ ਦਾ ਵਿਸ਼ੇਸ਼ ਤੌਰ ‘ਤੇ ਸੁਆਗਤ ਕੀਤਾ ਗਿਆ।ਇਨ੍ਹਾਂ ਤੋਂ ਇਲਾਵਾ ਸੰਤ ਨਰਿੰਦਰ ਸਿੰਘ ਜੀ, ਸੰਤ ਬਲਵਿੰਦਰ ਸਿੰਘ ਬਾਬਾ ਨਿਧਾਨ ਸਿੰਘ ਲੰਗਰ ਵਾਲਿਆਂ ਨੇ ਆਪਣਾ ਅਸੀਰਵਾਦ ਦਿੱਤਾ। ਬਠਿੰਡਾ ਤੋਂ ਸ੍ਰੀ ਸੁਖਮਨੀ ਸਾਹਿਬ ਸੇਵਾ ਸੁਸਾਇਟੀ ਦੇ ਮੁੱਖ ਸੇਵਾਦਾਰ ਭਾਈ ਅਵਤਾਰ ਸਿੰਘ ਕੈਂਥ, ਬਟਾਲਾ ਤੋਂ ਰੁਪਿੰਦਰ ਸਿੰਘ ਸ਼ਾਮਪੁਰਾ ਜੀ ਨੇ ਆਪਣੇ ਵਲੋਂ ਮੁਬਾਰਕਵਾਦ ਦਿੱਤੀ ਹੈ।
Punjab Post Daily Online Newspaper & Print Media