Friday, April 17, 2026

ਸੋਸ਼ਲਿਸਟ ਪਾਰਟੀ ਨੇ ਮੁੱਖ ਮੰਤਰੀ ਵਲੋਂ ਸੰਗਤ ਦਰਸ਼ਨ ਦੌਰਾਨ ਅਰਬਾਂ ਰੁਪਏ ਵੰਡਣ ਨੂੰ ਦੱਸਿਆ ਗੈਰ ਸੰਵਿਧਾਨਿਕ

ਅੰਮ੍ਰਿਤਸਰ, 2 ਜੂਨ (ਪੰਜਾਬ ਪੋਸਟ ਬਿਊਰੋ)- ਮੁੱਖ ਮੰਤਰੀ ਪੰਜਾਬ ਸ੍ਰ. ਪ੍ਰਕਾਸ਼ ਸਿੰਘ ਬਾਦਲ ‘ਤੇ ਸੰਗਤ ਦਰਸ਼ਨ ਦੌਰਾਨ ਗ੍ਰਾਮ ਪੰਚਾਇਤਾਂ ਅਤੇ ਜਿਲਾ ਪ੍ਰੀਸ਼ਦਾਂ ਦੇ ਅਰਬਾਂ ਰੁਪਏ ਗੈਰ ਸੰਵਿਧਾਨਿਕ ਤੌਰ ‘ਤੇ ਵੰਡਣ ਦੇ ਦੋਸ਼ ਲਾਉਂਦਿਆ ਸੋਸ਼ਲਿਸਟ ਪਾਰਟੀ ਇੰਡੀਆ ਦੀ ਪੰਜਾਬ ਇਕਾਈ ਨੇ ਕਿਹਾ ਹੈ ਕਿ 73-74ਵੀਂ ਸੋਧ ਅਨੁਸਾਰ ਪ੍ਰਸਾਸ਼ਨ ਦੇ 29 ਵਿਭਾਗ ਗ੍ਰਾਮ ਪੰਚਾਇਤਾਂ ਤੇ ਜਿਲਾ ਪ੍ਰੀਸ਼ਦਾਂ ਨੂੰ ਨਾ ਸੌਂਪਣ ਖਿਲਾਫ ਪਾਰਟੀ ਜਲਦ ਹੀ ਸੰਘਰਸ਼ ਸ਼ੁਰੂ ਕਰੇਗੀ।ਸਥਾਨਕ ਹੋਟਲ ਵਿੱਚ ਇੱਕ ਪ੍ਰੈਸ ਕਾਨਫਰੰਸ ਦੌਰਾਨ ਪੱਤਰਕਾਰਾਂ ਨੂੰ ਸੰਬੋੋਧਿਤ ਕਰਦਿਆਂ ਸੋਸ਼ਲਿਸਟ ਪਾਰਟੀ ਇੰਡੀਆ ਦੇ ਕੌਮੀ ਮੀਤ ਪ੍ਰਧਾਨ ਬਲਵੰਤ ਸਿੰਘ ਖੇੜਾ ਅਤੇ ਸੂਬਾ ਪ੍ਰਧਾਨ ਹਰਿੰਦਰ ਸਿੰਘ ਮਾਨਸ਼ਾਈਆ ਨੇ ਅਕਾਲੀ ਭਾਜਪਾ, ਕਾਂਗਰਸ, ਆਪ ਅਤੇ ਕਮਿਊਨਿਸਟ ਪਾਰਟੀਆਂ ਨੂੰ ਚੋਣ ਮਨੋਰਥ ਪੱਤਰਾਂ ਵਿੱਚ ਇਸ ਸਬੰਧੀ ਆਪਣਾ ਪੱਖ ਸਪੱਸ਼ਟ ਕਰਨ ਲਈ ਕਿਹਾ ਹੈ।ਉਨਾਂ ਦੱਸਿਆ ਕਿ ਪਾਰਟੀ ਵਲੋਂ 9 ਜੁਲਾਈ ਨੂੰ ਹੁਸ਼ਿਆਰਪੁਰ ਵਿਖੇ ਦੋ ਖੰਭਾ ਰਾਜ ਸਥਾਪਨਾ ਦਿਵਸ ਕਰਵਾਇਆ ਜਾ ਰਿਹਾ ਹੈ ਜਿਸ ਵਿੱਚ ਸਾਬਕਾ ਚੀਫ ਜਸਟਿਸ ਰਜਿੰਦਰ ਸੱਚਰ ਤੇ ਉਘੇ ਕਾਨੂੰਨਦਾਨ ਪ੍ਰਸ਼ਾਂਤ ਭੂਸਨ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਣਗੇ।ਉਨਾਂ ਕਿਹਾ ਇਸ ਵਿਤਕਰੇ ਵਿਰੁੱਧ ਰਾਜਪਾਲ ਪੰਜਾਬ ਨੂੰ ਉਨਾਂ ਦਾ ਵਫਦ ਮਿਲ ਚੁੱਕਾ ਹੈ ਅਤੇ ਪਾਰਟੀ ਨੇ ਮਾਨਯੌਗ ਪੰਜਾਬ ਹਰਿਆਣਾ ਹਾਈਕੋਰਟ ਵਿੱਚ ਪਟੀਸ਼ਨ ਵੀ ਪਾਉਣ ਦਾ ਫੈਸਲਾ ਕੀਤਾ ਹੈ।
ਸ੍ਰ. ਖੇੜਾ ਨੇ ਕਿਹਾ ਕਿ ਮਾਨਯੋਗ ਦਿੱਲੀ ਹਾਈਕੋਰਟ ਵਿੱਚ ਸ਼੍ਰੋਮਣੀ ਅਕਾਲੀ ਦਲ ਦੀ ਮਾਨਤਾ ਰੱਦ ਕਰਨ ਸਬੰਧੀ ਪਾਈ ਪਟੀਸ਼ਨ ਦਾ ਫੈਸਲਾ ਆਉਣ ‘ਤੇ ਸ਼੍ਰੋਮਣੀ ਅਕਾਲੀ ਦਲ ਪੰਥ ਦੇ ਨਾਮ ਦੀ ਦੁਰਵਰਤੋਂ ਨਹੀਂ ਕਰ ਸਕੇਗਾ, ਜਿਸ ਦੀ ਸੁਣਵਾਈ 12 ਅਗਸਤ ਨੂੰ ਹੋ ਰਹੀ ਹੈ।ਉਨਾਂ ਨੇ ਦੱਸਿਆ ਕਿ ਇਸ ਮਾਮਲੇ ਸਬੰਧੀ ਹੁਸ਼ਿਆਰਪੁਰ ਦੀ ਮਾਨਯੋਗ ਅਦਾਲਤ ਨੇ 14 ਜੂਨ ਨੂੰ ਅਕਾਲੀ ਦਲ ਦੇ ਸਕੱਤਰ ਚਰਨਜੀਤ ਸਿੰਘ ਬਰਾੜ ਨੂੰ ਸਾਰੇ ਰਿਕਾਰਡ ਸਮੇਤ ਬੁਲਾਇਆ ਹੈ।ਬਲਵੰਤ ਸਿੰਘ ਖੇੜਾ ਅਤੇ ਹਰਿੰਦਰ ਸਿੰਘ ਨੇ ਚੀਫ ਖਾਲਸਾ ਦੀਵਾਨ ਚੈਰੀਟੇਬਲ ਸੁਸਾਇਟੀ ‘ਤੇ ਸਬੂਤਾਂ ਸਮੇਤ ਦੋਸ਼ ਲਾਇਆ ਕਿ ਉਹ ਪ੍ਰਧਾਨ ਚਰਨਜੀਤ ਸਿੰਘ ਚੱਢਾ ਵਲੋਂ ਜਾਰੀ ਪੱਤਰ ਦੇ ਅਧਾਰ ‘ਤੇ 45 ਸ੍ਰੀ ਗੁਰੂ ਹਰਕ੍ਰਿਸ਼ਨ ਸਕੂਲਾਂ ਦੇ ਤਕਰੀਬਨ ਸੱਠ ਹਜਾਰ ਵਿਦਿਆਰਥੀਆਂ ਪਾਸੋਂ ਵਿਕਾਸ ਫੰਡ ਦੇ ਨਾਮ ‘ਤੇ ਕਰੋੜਾਂ ਰੁਪਏ ਵਸੂਲ ਰਹੀ ਹੈ।ਉਨਾਂ ਦੱਸਿਆ ਕਿ ਸਿਖਿਆ ਅਧਿਕਾਰ ਮੰਚ ਹੁਸ਼ਿਆਰਪੁਰ ਨੇ ਇਸ ਖਿਲਾਫ ਸੰਘਰਸ਼ ਕਰਕੇ ਮਾਨਯੋਗ ਹਾਈਕੋਰਟ ਵਲੋਂ ਸਥਾਪਿਤ ਫੀਸ ਰੈਗੂਲੇਟਰੀ ਕਮੇਟੀ ਦੇ ਚੇਅਰਮੈਨ ਜਸਟਿਸ ਅਮਰਦੱਤ ਸ਼ਰਮਾ ਨੂੰ ਸ਼ਿਕਾਇਤ ਦਿੱਤੀ ਸੀ, ਜਿਸ ਨੇ ਉਕਤ ਸੰਸਥਾ ਦੇ ਸਾਰੇ ਸਕੂਲਾਂ ਦੇ ਵੇਰਵੇ ਮੰਗੇ ਹਨ।ਇਸ ਮੌਕੇ ਮੰਚ ਦੇ ਪ੍ਰਧਾਨ ਲਖਵਿੰਦਰ ਸਿੰਘ ਤੇ ਜਨਰਲ ਸਕੱਤਰ ਹਰਪ੍ਰੀਤ ਸਿੰਘ ਲਾਲੀ ਵੀ ਮੌਜੂਦ ਸਨ।

Check Also

ਖ਼ਾਲਸਾ ਪਬਲਿਕ ਸਕੂਲ ਅਤੇ ਇੰਟਰਨੈਸ਼ਨਲ ਪਬਲਿਕ ਸਕੂਲ ਦਾ 10ਵੀਂ ਦਾ ਸੀ.ਬੀ.ਐਸ.ਈ ਨਤੀਜ਼ਾ ਸ਼ਾਨਦਾਰ

ਵਿਦਿਆਰਥੀ ਦੇਵਾਂਸ਼ ਅਰੋੜਾ ਨੇ 99.6 ਅੰਕ ਨਾਲ ਪਹਿਲਾਂ ਸਥਾਨ ਹਾਸਲ ਕੀਤਾ – ਪ੍ਰਿੰ: ਅਮਰਜੀਤ ਸਿੰਘ …

Leave a Reply