Friday, March 6, 2026

ਰਾਹੁਲ ਗਾਂਧੀ ਬਣਨਗੇ ਕਾਂਗਰਸ ਦੇ ਪਤਨ ਦਾ ਕਾਰਨ -ਮਜੀਠੀਆ

ਪਿੰਡ ਅਬਦਾਲ ਦੇ ਵਿਕਾਸ ਕਾਰਜਾਂ ਲਈ 1.25 ਕਰੋੜ ਦੀ ਗਰਾਂਟ ਦਿਤੀ

PPN0306201617
ਜੈਂਤੀਪੁਰ, 3 ਜੂਨ (ਪੰਜਾਬ ਪੋਸਟ ਬਿਊਰੋ) – ਮਾਲ ਤੇ ਲੋਕ ਸੰਪਰਕ ਮੰਤਰੀ ਪੰਜਾਬ ਸ. ਬਿਕਰਮ ਸਿੰਘ ਮਜੀਠੀਆ ਨੇ ਕਿਹਾ ਕਿ ਭਾਰਤ ਕਾਂਗਰਸ ਮੁਕਤ ਹੋਣ ਜਾ ਰਿਹਾ ਹੈ ਅਤੇ ਸਿਆਸਤ ਵਿੱਚ ਨਾਦਾਨ ਰਾਹੁਲ ਗਾਂਧੀ ਹੀ ਕਾਂਗਰਸ ਦੇ ਪਤਨ ਦਾ ਕਾਰਨ ਬਣੇਗਾ। ਉਨ੍ਹਾਂ ਕਿਹਾ ਕਿ ਰਾਹੁਲ ਦੀ ਜਿੰਨੀ ਜਲਦੀ ਕਾਂਗਰਸ ਪ੍ਰਧਾਨ ਵਜੋਂ ਤਾਜਪੋਸ਼ੀ ਹੋਵੇਗੀ ਓਨੀ ਹੀ ਜਲਦੀ ਕਾਂਗਰਸ ਦਾ ਖ਼ਾਤਮਾ ਹੋਵੇਗਾ।
ਸ. ਮਜੀਠੀਆ ਅੱਜ ਇੱਥੇ ਮਜੀਠਾ ਹਲਕੇ ਦੇ ਪਿੰਡ ਅਬਦਾਲ ਵਿਖੇ ਵਿਕਾਸ ਕਾਰਜਾਂ ਲਈ 1.25 ਕਰੋੜ ਰੁਪਏ ਦੀ ਗਰਾਂਟ ਦੇ ਚੈੱਕ ਦੇਣ ਅਤੇ ਵਿਕਾਸ ਪ੍ਰਾਜੈਕਟਾਂ ਦੇ ਨੀਂਹ ਪੱਥਰ ਰੱਖਣ ਆਏ ਸਨ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਰਾਹੁਲ ਦੀ ਤਰਫੋਂ ਸੂਝ ਸਿਆਣਪ ਵਾਲੀ ਰਾਜਸੀ ਸਮਰੱਥਾ ਦੀ ਕੀਤੀ ਗਈ ਨੁਮਾਇਸ਼ ਅੱਜ ਤਕ ਦੇਖਣ ਨੂੰ ਨਹੀਂ ਮਿਲੀ।ਇਸ ਦੇ ਉਲਟ ਪੰਜਾਬ ਕਾਂਗਰਸ ਦੇ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਸਮੇਤ ਕਾਂਗਰਸ ਦੀ ਕਈ ਸੀਨੀਅਰ ਲੀਡਰਾਂ ਵੱਲੋਂ ਰਾਹੁਲ ਗਾਂਧੀ ਦੀ ਨਾ-ਕਾਬਲੀਅਤ ਅਤੇ ਸਿਆਸੀ ਅਨਾੜੀ ਪੁਣੇ ਨੂੰ ਲੈ ਕੇ ਅਨੇਕਾਂ ਵਾਰ ਟਿੱਪਣੀਆਂ ਕਰ ਚੁੱਕੇ ਹਨ । ਕਾਂਗਰਸ ਛੱਡ ਕੇ ਗਏ ਦਰਜਨਾਂ ਸੀਨੀਅਰ ਆਗੂਆਂ ਅਤੇ ਆਸਾਮ ਦੇ ਆਗੂ ਹੇਮੰਤ ਬਿਸਵਾਸ ਨੇ ਵੀ ਕਾਂਗਰਸ ਦੀ ਹਾਰ ਦਾ ਕਾਰਨ ਰਾਹੁਲ ਗਾਂਧੀ ਨੂੰ ਦੱਸਿਆ ਹੈ। ਉਨ੍ਹਾਂ ਕਿਹਾ ਕਿ ਹਿੰਦੁਸਤਾਨ ਜਲਦ ਹੀ ਕਾਂਗਰਸ ਮੁਕਤ ਬਣਨ ਜਾ ਰਿਹਾ ਹੈ ਅਤੇ ਕਾਂਗਰਸ ਹੁਣ ਕੇਵਲ 5 ਸੂਬਿਆਂ ਅਤੇ ਲੋਕ ਸਭਾ ਦੇ 44 ਮੈਂਬਰਾਂ ਤੱਕ ਹੀ ਸਿਮਟ ਕੇ ਰਹਿ ਗਈ ਹੈ। ਉਨ੍ਹਾਂ ਕਿਹਾ ਕਿ ਅਕਾਲੀ-ਭਾਜਪਾ ਸਰਕਾਰ ਵੱਲੋਂ ਪਿਛਲੇ 9 ਸਾਲਾਂ ਵਿੱਚ ਕਰਵਾਇਆ ਗਿਆ ਸੂਬੇ ਦਾ ਵਿਕਾਸ ਮੂੰਹੋਂ ਬੋਲਦਾ ਹੈ, ਜਿਸ ਕਾਰਨ 2017 ਵਿੱਚ ਲਗਾਤਾਰ ਤੀਸਰੀ ਵਾਰ ਪੰਜਾਬੀਆਂ ਦੇ ਹਿੱਤਾਂ ਦੀ ਰਖਵਾਲੀ ਵਾਲੀ ਗੱਠਜੋੜ ਦੀ ਸਰਕਾਰ ਬਣੇਗੀ।
ਇਸ ਮੌਕੇ ਸਾਬਕਾ ਵਿਧਾਇਕ ਸ. ਰਣਜੀਤ ਸਿੰਘ ਵਰਿਆਮ ਨੰਗਲ ਨੇ ਕਿਹਾ ਕਿ ਅਕਾਲੀ-ਭਾਜਪਾ ਸਰਕਾਰ ਵੱਲੋਂ ਚਲਾਈਆਂ ਗਈਆਂ ਲੋਕ ਪੱਖੀ ਨੀਤੀਆਂ ਅਤੇ ਵਿਕਾਸ ਕਾਰਜਾਂ ਕਾਰਨ ਲੋਕ ਪੂਰੀ ਤਰ੍ਹਾਂ ਇਸ ਨਾਲ ਜੁੜੇ ਹੋਏ ਹਨ।ਇਸ ਮੌਕੇ ਸ. ਮਜੀਠੀਆ ਨੇ ਪਿੰਡ ਅਬਦਾਲ ਦੇ ਡੇਰਿਆਂ ਦੇ ਰਸਤੇ ਪੱਕੇ ਕਰਨ ਅਤੇ ਕੰਕਰੀਟ ਦੀਆਂ ਗਲੀਆਂ-ਨਾਲੀਆਂ ਬਣਾਉਣ ਦੇ ਵਿਕਾਸ ਕਾਰਜਾਂ ਦੇ ਨੀਂਹ ਪੱਥਰ ਰੱਖੇ। ਉਨ੍ਹਾਂ ਡੇਰਿਆਂ ਦੇ ਰਸਤੇ ਪੱਕੇ ਕਰਨ ਲਈ 55 ਲੱਖ, ਕੰਕਰੀਟ ਦੀਆਂ ਗਲੀਆਂ ਲਈ 54 ਲੱਖ, ਨਿਕਾਸੀ ਨਾਲੇ ਲਈ 6 ਲੱਖ, ਗੁਰੂ ਘਰਾਂ ਲਈ 2 ਲੱਖ, ਖੇਡ ਕਲੱਬ ਲਈ 50 ਹਜ਼ਾਰ, ਪੀਰ ਦੀ ਜਗ੍ਹਾ ਲਈ 50 ਹਜ਼ਾਰ, ਜੰਞ-ਘਰ ਲਈ 50 ਹਜ਼ਾਰ, ਸ਼ਮਸ਼ਾਨਘਾਟਾਂ ਲਈ 3 ਲੱਖ ਦੀ ਗਰਾਂਟ ਦਿੱਤੀ। ਉਨ੍ਹਾਂ ਕਿਹਾ ਕਿ ਉਨ੍ਹਾਂ ਟਿਊਬਵੈੱਲਾਂ ਦੇ 90 ਫੀਸਦੀ ਕੁਨੈਕਸ਼ਨ ਮਨਜ਼ੂਰ ਕਰਵਾ ਦਿੱਤੇ ਹਨ, ਜਿਨ੍ਹਾਂ ਵਿੱਚ ਪਿਛਲੇ 23 ਸਾਲਾਂ ਤੋਂ ਫਸੇ ਹੋਏ ਕੁਨੈਕਸ਼ਨ ਵੀ ਸ਼ਾਮਿਲ ਹਨ। ਉਨ੍ਹਾਂ ਕਿਹਾ ਕਿ ਰਹਿੰਦੇ ਕੁਨੈਕਸ਼ਨ ਜਲਦ ਮਨਜ਼ੂਰ ਕਰਵਾਏ ਜਾਣਗੇ।
ਉਪਰੰਤ ਸ. ਮਜੀਠੀਆ ਭੋਆ ਪਿੰਡ ਵਿਖੇ ਬੀਤੇ ਦਿਨੀਂ ਅਕਾਲ ਚਲਾਣਾ ਕਰ ਗਏ ਸਾਬਕਾ ਸਰਪੰਚ ਸ. ਸੀਤਲ ਸਿੰਘ ਦੀ ਅੰਤਿਮ ਅਰਦਾਸ ਵਿੱਚ ਵੀ ਸ਼ਾਮਿਲ ਹੋਕੇ ਉਹਨਾਂ ਨੂੰ ਸ਼ਰਧਾਂਜਲੀ ਭੇਟ ਕੀਤੀ। ਉਹਨਾਂ ਦੱਸਿਆ ਕਿ ਸ: ਸੀਤਲ ਸਿੰਘ ਨੇ 33 ਸਾਲ ਸਰਪੰਚੀ ਕੀਤੀ ਅਤੇ ਅਕਾਲੀ ਮੋਰਚਿਆਂ ਦੌਰਾਨ ਜੇਲ੍ਹਾਂ ਵੀ ਕੱਟੀਆਂ। ਇਸ ਮੌਕੇ ਯੂਥ ਅਕਾਲੀ ਦਲ ਮਾਝਾ ਜ਼ੋਨ ਦੇ ਸਕੱਤਰ ਜਨਰਲ ਸ. ਤਲਬੀਰ ਸਿੰਘ ਗਿੱਲ, ਮੇਜਰ ਸ਼ਿਵੀ, ਪ੍ਰੋ: ਸਰਚਾਂਦ ਸਿੰਘ, ਚੇਅਰਮੈਨ ਪੰਜਾਬ ਰਾਜ ਪ੍ਰਵਾਸੀ ਭਲਾਈ ਬੋਰਡ ਸ੍ਰੀ ਆਰ. ਸੀ ਯਾਦਵ, ਸ. ਜਸਪਾਲ ਸਿੰਘ ਭੋਆ ਸਰਪੰਚ, ਸਰਪੰਚ ਸਤਨਾਮ ਸਿੰਘ ਅਬਦਾਲ, ਸਰਪੰਚ ਮਨਦੀਪ ਸਿੰਘ ਸ਼ਹਿਜ਼ਾਦਾ, ਡਾ: ਬਲਕਾਰ ਸਿੰਘ, ਹੀਰਾ ਸਿੰਘ, ਅਮਰਜੀਤ ਸਿੰਘ, ਸੁਖਵਿੰਦਰ ਸਿੰਘ, ਲੱਖਾ ਸਿੰਘ, ਨੰਦ ਸਿੰਘ, ਤਰਸੇਮ ਸਿੰਘ ਸੋਧੀ, ਪਿੰਕੇ ਕੋਟ, ਅੰਗਰੇਜ ਸਿੰਘ, ਹਰਭਜਨ ਸਿੰਘ ਕੋਟ, ਸ੍ਰੀ ਮਹੇਸ਼ ਵਰਮਾ, ਸਰਪੰਚ ਸ. ਮਹਿੰਦਰਪਾਲ ਸਿੰਘ, ਸ. ਬਖਸ਼ੀਸ਼ ਸਿੰਘ ਅਤੇ ਹੋਰ ਸ਼ਖਸੀਅਤਾਂ ਹਾਜ਼ਰ ਸਨ।

Check Also

ਖਾਲਸਾ ਕਾਲਜ ਗਰਲਜ਼ ਸੀ: ਸੈਕੰ: ਸਕੂਲ ਦੀ ਵਿਦਿਆਰਥਣ ਨੇ ਨਗਦ ਇਨਾਮ ਪ੍ਰਾਪਤ ਕੀਤਾ

ਅੰਮ੍ਰਿਤਸਰ, 5 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਗਵਰਨਿੰਗ ਕੌਸਲ ਅਧੀਨ ਖਾਲਸਾ ਕਾਲਜ ਗਰਲਜ਼ …

Leave a Reply