Monday, February 23, 2026

ਤਖਤਾਂ ਦੇ ਜਥੇਦਾਰਾਂ ਨੇ ਵਰਜੀਨੀਆਂ ਵਿਖੇ ਮਰਿਯਾਦਾ ਤੋਂ ਉਲਟ ਅੰਮ੍ਰਿਤ ਸੰਚਾਰ ਕਰਨ ਵਾਲੇ ਪੰਜ ਖ਼ਾਲਸਾ ਪੰਥ ਵਿਚੋਂ ਛੇਕੇ

ਸ਼ਹੀਦੀ ਦਿਹਾੜਾ ਸਮਾਗਮ ਸਿੱਖ ਸੰਗਤਾਂ ਤੇ ਜਥੇਬੰਦੀਆਂ ਅਮਨ-ਸਾਂਤੀ ਨਾਲ ਮਨਾਉਣ- ਜਥੇਦਾਰ

Giani-Gurbachan-Singh1

ਅੰਮ੍ਰਿਤਸਰ, 4 ਜੂਨ (ਪੰਜਾਬ ਪੋਸਟ ਬਿਊਰੋ)- ਅੱਜ ਮਿਤੀ 22 ਜੇਠ ਸੰਮਤ ਨਾਨਕਸ਼ਾਹੀ 548 ਮੁਤਾਬਿਕ 4 ਜੂਨ 2016 ਨੂੰ ਦਫ਼ਤਰ ਸਕੱਤਰੇਤ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਪੰਜ ਤਖ਼ਤ ਸਾਹਿਬਾਨਾਂ ਦੇ ਜਥੇਦਾਰਾਂ ਦੀ ਇਕੱਤਰਤਾ ਹੋਈ।ਜਿਸ ਵਿਚ ਭਾਈ ਬਲਬੀਰ ਸਿੰਘ ਸਾਬਕਾ ਹਜੂਰੀ ਰਾਗੀ ਸ੍ਰੀ ਦਰਬਾਰ ਸਾਹਿਬ ਜੋ ਪਿਛਲੇ ਸਮੇਂ ਡੰਮੀ, ਪਖੰਡੀ, ਪੰਥ-ਦੋਖੀ ਆਸ਼ੂਤੋਸ਼ ਦੇ ਸਾਹਮਣੇ ਬੈਠ ਕੇ ਉਸ ਦੀ ਵਡਿਆਈ ਕਰਦਿਆਂ ਗੁਰਬਾਣੀ ਦੇ ਸ਼ਬਦ ਗਾਇਨ ਬੱਜ਼ਰ ਗਲਤੀ ਕੀਤੀ ਅਤੇ ਸਿੱਖ ਪੰਥ ਦੇ ਮਾਣ ਤੇ ਮਰਿਯਾਦਾ ਨੂੰ ਠੇਸ ਪਹੁੰਚਾਈ।ਜਿਸ ‘ਤੇ ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਇਹਨਾਂ ‘ਤੇ ਕਾਰਵਾਈ ਕਰਕੇ ਕਮੇਟੀ ਬਣਾਈ ਗਈ।ਜਿਸ ਨੇ ਸਾਰੇ ਕੇਸ ਦੀ ਘੋਖ ਪੜਤਾਲ ਕਰਕੇ ਆਪਣੀ ਰਿਪੋਰਟ ਭੇਜੀ ਹੈ।ਸਬ-ਕਮੇਟੀ ਦੀ ਰਿਪੋਰਟ ਦੇ ਅਧਾਰ ਪੁਰ ਇਹਨਾਂ ਦੇ ਮੁਆਫੀਨਾਮੇ ਨੂੰ ਪ੍ਰਵਾਨ ਕਰਦਿਆਂ ਹੋਇਆਂ ਧਾਰਮਿਕ ਸੇਵਾ ਲਾਈ ਜਾਂਦੀ ਹੈ ਕਿ ਇਹ ਆਪ ਇੱਕ ਸਹਿਜਪਾਠ ਕਰਨ ਜਾਂ ਸੁਨਣ ਅਤੇ ਦਸ ਦਿਨ ਗੁਰੁੂ ਦੇ ਲੰਗਰ ਵਿਚ ਬਰਤਨਾਂ ਦੀ ਸੇਵਾ ਕਰਨ।ਉਪਰੰਤ 100 ਰੁਪਏ ਦੀ ਦੇਗ, 100 ਰੁਪਇਆ ਗੁਰੂ ਦੀ ਗੋਲਕ ਵਿਚ ਪਾ ਕੇ ਖਿਮਾਂ ਜਾਚਨਾ ਦੀ ਅਰਦਾਸ ਕਰਾਉਣ।ਸੇਵਾ ਪੂਰੀ ਹੋਣ ‘ਤੇ ਰਿਪੋਰਟ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਭੇਜਣ।
ਅੱਜ ਮਿਤੀ 22 ਜੇਠ ਸੰਮਤ ਨਾਨਕਸ਼ਾਹੀ 548 ਮੁਤਾਬਿਕ 4 ਜੂਨ 2016 ਨੂੰ ਦਫ਼ਤਰ ਸਕੱਤਰੇਤ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਪੰਜ ਤਖ਼ਤ ਸਾਹਿਬਾਨਾਂ ਦੇ ਜਥੇਦਾਰਾਂ ਦੀ ਇਕੱਤਰਤਾ ਹੋਈ। ਜਿਸ ਵਿਚ ਲੰਬਾ ਵਿਚਾਰ-ਵਟਾਂਦਰਾ ਕਰਨ ਉਪਰੰਤ ਫੈਸਲਾ ਕੀਤਾ ਗਿਆ।ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਸ੍ਰੀ ਅਨੰਦਪੁਰ ਸਾਹਿਬ ਜੀ ਦੇ ਪਾਵਨ ਅਸਥਾਨ ‘ਤੇ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ 1699 ਦੀ ਵੈਸਾਖੀ ਨੂੰ ਜੋ ਖ਼ਾਲਸਾ ਪੰਥ ਦੀ ਸਾਜਨਾ ਕਰਨ ਸਮੇਂ ਅੰਮ੍ਰਿਤ-ਸੰਚਾਰ ਦੀ ਮਰਿਯਾਦਾ ਆਰੰਭ ਕੀਤੀ, ਜਿਸ ਉਪਰ ਸਮੁੱਚਾ ਖ਼ਾਲਸਾ ਪੰਥ ਸਦੀਆਂ ਤੋਂ ਪਹਿਰਾ ਦੇ ਕੇ ਅੰਮ੍ਰਿਤ-ਸੰਚਾਰ ਦੀ ਸੇਵਾ ਨਿਭਾਅ ਰਿਹਾ ਹੈ। ਪਰ ਕਿਸੇ ਡੂੰਘੀ ਸਾਜਿਸ਼ ਤਹਿਤ ਵਰਜੀਨੀਆਂ (ਅਮਰੀਕਾ) ਵਿਖੇ 15 ਅਪ੍ਰੈਲ 2016 ਨੂੰ ਪੰਥ ਦੋਖੀਆਂ ਨੇ ਇਸ ਪੰਥਕ ਮਰਿਯਾਦਾ ਤੋਂ ਉਲਟ ਜਾ ਕੇ ਅੰਮ੍ਰਿਤ-ਸੰਚਾਰ ਨਾਮ ਪੁਰ ਸੰਗਤਾਂ ਨੂੰ ਗੁਮਰਾਹ ਕਰਨ ਦੀ ਕੋਝੀ ਸ਼ਰਾਰਤ ਕੀਤੀ, ਜਿਸ ਨਾਲ ਦੇਸ਼-ਵਿਦੇਸ਼ ਦੀਆਂ ਸੰਗਤਾਂ ਦੇ ਮਨਾਂ ਨੂੰ ਗਹਿਰੀ ਠੇਸ ਪਹੁੰਚੀ।ਸੰਗਤਾਂ ਵੱਲੋਂ ਪੁੱਜੀਆਂ ਸ਼ਿਕਾਇਤਾਂ ਦੇ ਅਧਾਰਪੁਰ ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਇਸ ਸੰਜੀਦਾ ਮਸਲੇ ਪੁਰ ਵਿਚਾਰ ਕਰਕੇ ਦੋਸ਼ੀਆਂ ਨੂੰ ਅੱਜ ਮਿਤੀ 22 ਜੇਠ ਸੰਮਤ ਨਾਨਕਸ਼ਾਹੀ 548 ਮੁਤਾਬਿਕ 4 ਜੂਨ 2016 ਤੱਕ ਸ੍ਰੀ ਅਕਾਲ ਤਖ਼ਤ ਸਾਹਿਬ ਜੀ ਵਿਖੇ ਤਲਬ ਕੀਤਾ ਸੀ। ਭਾਈ ਸੁਰਿੰਦਰ ਸਿੰਘ ਨੇ ਸਿੱਖ ਗੁਰਦੁਆਰਾ ਵਸ਼ਿੰਗਟਨ ਡੀ ਸੀ ਵਿਖੇ ਸੰਗਤ ਵਿਚ ਹਾਜ਼ਰ ਹੋ ਕੇ ਮੁਆਫੀ ਮੰਗੀ ਹੈ ਅਤੇ ਮੁਆਫੀਨਾਮਾ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਭੇਜਿਆ।ਇਸ ਲਈ ਸੁਰਿੰਦਰ ਸਿੰਘ ਨਾਮ ਦਾ ਵਿਅਕਤੀ 30 ਜੂਨ ਤੱਕ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਹਾਜ਼ਰ ਹੋ ਕੇ ਆਪਣਾ ਸਪੱਸ਼ਟੀਕਰਨ ਦੇਵੇ।ਨਾ ਹਾਜ਼ਰ ਹੋਣ ਦੀ ਸੂਰਤ ਵਿਚ ਜੋ ਇਸ ਨਾਲ ਸਬੰਧਤ ਵਿਅਕਤੀਆਂ ਪ੍ਰਤੀ ਜੋ ਹੁਕਮਨਾਮਾ ਜਾਰੀ ਕੀਤਾ ਗਿਆ ਹੈ ਉਹ ਸੁਰਿੰਦਰ ਸਿੰਘ ਉਪਰ ਵੀ ਲਾਗੂ ਹੋ ਜਾਵੇਗਾ। ਰਜਿੰਦਰ ਸਿੰਘ ਨੇ ਆਪਣੀ ਈ-ਮੇਲ ਭੇਜੀ ਹੈ ਕਿ ਮੈਂ ਪੰਜ ਪਿਆਰਿਆਂ ਵਿਚ ਸ਼ਾਮਿਲ ਨਹੀਂ ਸੀ ਪਰ ਇਸ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਤਾਬਿਆ ਬੈਠ ਕੇ ਗ੍ਰੰਥੀ ਸਿੰਘ ਦੀ ਡਿਊਟੀ ਨਿਭਾਈ ਸੀ ਜਿਸ ਲਈ ਇਹ ਬਰਾਬਰ ਦਾ ਦੋਸ਼ੀ ਹੈ।ਪੰਜ ਤਖ਼ਤ ਸਾਹਿਬਾਨਾਂ ਦੇ ਜਥੇਦਾਰ, ਸਿੰਘ ਸਾਹਿਬਾਨ ਨੇ ਦੀਰਘ ਵਿਚਾਰਾਂ ਕਰਨ ਉਪਰੰਤ ਇਹ ਫੈਸਲਾ ਲਿਆ ਹੈ ਕਿ ਇਹ ਕੁਲਦੀਪ ਸਿੰਘ, ਗੁਰਦੀਪ ਸਿੰਘ, ਅਮਰਜੀਤ ਸਿੰਘ, ਰਜਿੰਦਰ ਸਿੰਘ, ਅਮਰਜੀਤ ਸਿੰਘ (ਨਰੂਲਾ) ਸਿੱਖੀ ਦੇ ਕੱਟੜ ਦੁਸ਼ਮਨ ਹਨ। ਇਨ੍ਹਾਂ ਨੂੰ ਖ਼ਾਲਸਾ ਪੰਥ ਵਿਚੋਂ ਛੇਕਿਆ ਜਾਂਦਾ ਹੈ।ਇਨ੍ਹਾਂ ਨਾਲ ਸੰਸਾਰ ਭਰ ਵਿਚ ਰਹਿੰਦੀਆਂ ਹਰੇਕ ਗੁਰੂ ਨਾਨਕ ਨਾਮ ਲੇਵਾ ਸਿੱਖ ਸੰਗਤ ਰੋਟੀ-ਬੇਟੀ ਦੀ ਕੋਈ ਸਾਂਝ ਨਾ ਰੱਖਣ ਅਤੇ ਇਨ੍ਹਾਂ ਨਾਲ ਧਾਰਮਿਕ, ਆਰਥਿਕ, ਸਮਾਜਿਕ, ਰਾਜਨੀਤਕ ਆਦਿ ਕਿਸੇ ਤਰ੍ਹਾਂ ਦਾ ਵੀ ਕੋਈ ਮੇਲ-ਮਿਲਾਪ ਨਾ ਰੱਖਿਆ ਜਾਵੇ।ਇਨ੍ਹਾਂ ਨਾਲ ਸਾਂਝ ਰੱਖਣ ਵਾਲਾ ਪੰਥ ਦੋਖੀ ਤਨਖਾਹੀਆ ਸਮਝਿਆ ਜਾਵੇਗਾ।ਇਹ ਸ੍ਰੀ ਅਕਾਲ ਤਖ਼ਤ ਸਾਹਿਬ ਦਾ ਹੁਕਮਨਾਮਾ ਹੈ ਜੋ ਮੰਨੇਗਾ ਉਸਦਾ ਲੋਕ-ਪ੍ਰਲੋਕ ਦੋਹੀਂ ਥਾਂਈ ਭਲਾ ਹੋਵੇਗਾ।
ਅੱਜ ਮਿਤੀ 22 ਜੇਠ ਸੰਮਤ ਨਾਨਕਸ਼ਾਹੀ 548 ਮੁਤਾਬਿਕ 4 ਜੂਨ 2016 ਨੂੰ ਦਫ਼ਤਰ ਸਕੱਤਰੇਤ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਪੰਜ ਤਖ਼ਤ ਸਾਹਿਬਾਨਾਂ ਦੇ ਜਥੇਦਾਰਾਂ ਦੀ ਇਕੱਤਰਤਾ ਹੋਈ। ਜਿਸ ਵਿਚ ਵੱਖ ਵੱਖ ਚੈਨਲਾਂ ‘ਤੇ ਚੱਲ ਰਹੇ ਗੁਰਬਾਣੀ ਮੂਲ-ਪਾਠ ਪ੍ਰਸਾਰਣ ਨੂੰ ਲੈ ਕੇ ਸੰਗਤਾਂ ਵੱਲੋਂ ਸ਼ਿਕਾਇਤਾਂ ਆ ਰਹੀਆਂ ਹਨ ਕਿ ਗੁਰਬਾਣੀ ਮੂਲ ਪਾਠ ਵਿਚੋਂ ਆਪਣੇ ਵੱਲੋਂ ਲਗਾ-ਮਾਤਰਾ ਦੀ ਵਾਧ ਘਾਟ ਕੀਤੀ ਜਾ ਰਹੀ ਹੈ ਜੋ ਕਿ ਗੁਰਬਾਣੀ ਦੇ ਸਤਿਕਾਰ ਵਿਚ ਘੋਰ ਅਵੱਗਿਆ ਹੈ। ਇਸ ਲਈ ਪੰਜ ਤਖ਼ਤ ਸਾਹਿਬਾਨਾਂ ਦੇ ਜਥੇਦਾਰ, ਸਿੰਘ ਸਾਹਿਬਾਨ ਵੱਲੋਂ ਦੀਰਘ ਵਿਚਾਰ ਕਰਨ ਉਪਰੰਤ ਸਖ਼ਤ ਹਦਾਇਤ ਕੀਤੀ ਜਾਂਦੀ ਹੈ ਕਿ ਕੋਈ ਵੀ ਸੰਸਥਾ, ਚੈਨਲ, ਅਖ਼ਬਾਰ, ਲਿਟਰੇਚਰ ਆਦਿ ਵਿਚ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਮੂਲ ਰੂਪ ਦੇ ਪਾਠ ਵਿਚ ਕੋਈ ਲਗਾ-ਮਾਤਰ (ਬਿੰਦੀ, ਟਿੱਪੀ, ਕੌਮਾਂ, ਬਿਸ਼ਰਾਮ) ਆਦਿ ਦੀ ਵਾਧ-ਘਾਟ ਨਾ ਕਰੇ।ਇਸ ‘ਤੇ ਸਮੁੱਚੀਆਂ ਸਿੱਖ ਸੰਗਤਾਂ ਸਖ਼ਤੀ ਨਾਲ ਪਹਿਰਾ ਦੇਣ।
ਅੱਜ ਦੀ ਇਕੱਤਰਤਾ ਵਿਚ ਪੰਜ ਜਥੇਦਾਰਾਂ ਵੱਲੋਂ 6 ਜੂਨ ਨੂੰ ਆ ਰਹੇ ਸ਼ਹੀਦੀ ਦਿਹਾੜੇ ਸਬੰਧੀ ਬੋਲਦਿਆਂ ਕਿਹਾ ਕਿ ਸ੍ਰੀ ਹਰਿਮੰਦਰ ਸਾਹਿਬ ਸ੍ਰੀ ਦਰਬਾਰ ਸਾਹਿਬ ਸਰਬ ਸਾਂਝੀਵਾਲਤਾ ਦਾ ਪ੍ਰਤੀਕ ਹੈ, ਜਿਥੇ ਹਰ ਮਜ਼ਹਬ ਦੇ ਲੋਕ ਨਤਮਸਤਕ ਹੋਣ ਲਈ ਆਉਂਦੇ ਹਨ।ਇਸ ਲਈ ਸ਼ਹੀਦੀ ਦਿਹਾੜਾ ਸਮਾਗਮ ਸਮੁੱਚੀਆਂ ਸਿੱਖ ਸੰਗਤਾਂ ਅਤੇ ਜਥੇਬੰਦੀਆਂ ਵੱਲੋਂ ਅਮਨ-ਸਾਂਤੀ ਅਤੇ ਸਾਂਝੀਵਾਲਤਾ ਨਾਲ ਮਨਾਇਆ ਜਾਵੇ।ਜਿਸ ਨਾਲ ਪੂਰੀ ਦੁਨੀਆਂ ਵਿਚ ਸੰਦੇਸ਼ ਜਾ ਸਕੇ ਕਿ ਸਿੱਖ ਕੌਮ ਆਪਣੇ ਸ਼ਹੀਦਾਂ ਪ੍ਰਤੀ ਸਮਰਪਿਤ ਹੈ ਅਤੇ ਇਕਜੁੱਟ ਹੈ।

Check Also

ਖਾਲਸਾ ਕਾਲਜ ਵੱਲੋਂ ‘ਨਵੀਨਤਾ ਅਤੇ ਉਦਯਮਿਤਾ ਆਊਟਰੀਚ’ ਪ੍ਰੋਗਰਾਮ ਕਰਵਾਇਆ ਗਿਆ

ਅੰਮ੍ਰਿਤਸਰ, 22 ਫਰਵਰੀ (ਸੁਖਬੀਰ ਸਿੰਘ ਖੁਰਮਣੀਆਂ ) – ਖ਼ਾਲਸਾ ਕਾਲਜ ਦੇ ਗਣਿਤ ਵਿਭਾਗ ਵੱਲੋਂ ਇੰਸਟੀਚਿਊਸ਼ਨਜ਼ …

Leave a Reply