Monday, July 8, 2024

ਬਿਸਵਾ ਜ਼ਮੀਨ ਦੀ ਮਾਲਕੀਅਤ ਨੂੰ ਲੈ ਕੇ ਦੋ ਸਕੇ ਭਰਾਵਾਂ ਵਿਚਕਾਰ ਖ਼ੂਨੀ ਝੜਪ

PPN0606201602
ਮਾਲੇਰਕੋਟਲਾ, 6 ਜੂਨ (ਹਰਮਿੰਦਰ ਸਿੰਘ ਭੱਟ) ਨੇੜਲੇ ਪਿੰਡ ਕੰਗਣਵਾਲ ਵਿਖੇ ਇੱਕ ਬਿਸਵਾ ਜ਼ਮੀਨ ਦੀ ਮਾਲਕੀਅਤ ਨੂੰ ਲੈ ਕੇ ਦੋ ਸਕੇ ਭਰਾਵਾਂ ਵਿਚਕਾਰ ਪਿਛਲੇ ਕਾਫੀ ਸਮੇਂ ਤੋਂ ਚੱਲਿਆ ਆ ਰਿਹਾ ਵਿਵਾਦ ਉਸ ਸਮੇਂ ਗੰਭੀਰ ਰੂਪ ਧਾਰਨ ਕਰ ਗਿਆ ਜਦੋਂ ਲੰਘੀ ਰਾਤ ਇੱਕ ਭਰਾ ਦੇ ਪੁੱਤਰ ਨੇ ਕਥਿਤ ਹਥਿਆਰਾਂ ਨਾਲ ਲੈਸ ਆਪਣੇ ਦਰਜਣ ਦੇ ਕਰੀਬ ਸਾਥੀਆਂ ਸਮੇਤ ਆਪਣੇ ਚਾਚੇ ਅਕਬਰ ਮੁਹੰਮਦ ਉਰਫ ਬਿੱਲਾ ਦੇ ਘਰ ਪੁੱਜ ਕੇ ਉਕਤ ਵਿਵਾਦਤ ਜ਼ਮੀਨ ‘ਤੇ ਕਥਿਤ ਕਬਜ਼ਾ ਕਰਨ ਲਈ ਦੀਵਾਰ ਬਣਾਉਣੀ ਸ਼ੁਰੂ ਕਰ ਦਿੱਤੀ। ਜਿਸ ਦਾ ਵਿਰੋਧ ਕਰਨ ‘ਤੇ ਉਨ੍ਹਾਂ ਹੈਂਡੀਕੈਪਟ ਅਕਬਰ ਮੁਹੰਮਦ ਸਮੇਤ ਉਸ ਦੇ ਬਾਕੀ ਪਰਿਵਾਰਕ ਮੈਂਬਰਾਂ ਦੀ ਕੁੱਟਮਾਰ ਕੀਤੀ। ਜਿਸ ਕਾਰਨ ਅਕਬਰ ਮੁਹੰਮਦ, ਉਸਦੀ ਪਤਨੀ ਜਾਹਿਦਾ ਪ੍ਰਵੀਨ ਅਤੇ ਉਨ੍ਹਾਂ ਦੀ 9 ਵੀਂ ਕਲਾਸ ‘ਚ ਪੜ੍ਹਦੀ 14 ਸਾਲਾ ਬੇਟੀ ਫਿਰੋਜ਼ਾ ਪ੍ਰਵੀਨ ਜ਼ਖਮੀ ਹੋ ਗਈ। ਜਿੰਨ੍ਹਾਂ ਨੂੰ ਮੌਕੇ ‘ਤੇ ਪੁੱਜੇ ਰਿਸ਼ਤੇਦਾਰਾਂ ਬਹਾਦਰ ਖਾਂ ਅਤੇ ਉਸਦੇ ਪੁੱਤਰ ਮੁਹੰਮਦ ਰਸ਼ੀਦ ਨੇ ਚੁੱਕ ਕੇ ਇਲਾਜ ਲਈ ਸਿਵਲ ਹਸਪਤਾਲ ਮਾਲੇਰਕੋਟਲਾ ਵਿਖੇ ਦਾਖਲ ਕਰਵਾਇਆ। ਹਸਪਤਾਲ ‘ਚ ਜ਼ੇਰੇ ਇਲਾਜ਼ ਅਕਬਰ ਮੁਹੰਮਦ ਨੇ ਪੱਤਰਕਾਰਾਂ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਪਿਛਲੇ ਕਰੀਬ 25 ਸਾਲਾਂ ਤੋਂ ਉਸਦੇ ਕਬਜ਼ੇ ਵਿਚਲੀ ਚਾਚੇ ਵੱਲੋਂ ਦਿੱਤੀ ਹੋਈ 1 ਵਿਸਵਾ ਜ਼ਮੀਨ ਨੂੰ ਉਸਦਾ ਵੱਡਾ ਭਰਾ ਗੁਲਜ਼ਾਰ ਮੁਹੰਮਦ ਕਥਿਤ ਆਪਣੀ ਦੱਸ ਕੇ ਹਥਿਆਉਣਾ ਚਾਹੁੰਦਾ ਹੈ। ਜਿਸ ਸਬੰਧੀ ਮਾਮਲਾ ਅਹਿਮਦਗੜ੍ਹ ਦੇ ਜੰਡਾਲੀ ਥਾਣੇ ‘ਚ ਵੀ ਵਿਚਾਰ ਅਧੀਨ ਚੱਲ ਰਿਹਾ ਹੈ, ਪਰੰਤੂ ਲੰਘੀ ਰਾਤ 9 ਵਜੇ ਦੇ ਕਰੀਬ ਤਿੰਨ ਗੱਡੀਆਂ ‘ਚ ਦਰਜਣ ਦੇ ਕਰੀਬ ਸਾਥੀਆਂ ਸਮੇਤ ਹਥਿਆਰਾਂ ਨਾਲ ਲੈਸ ਹੋ ਕੇ ਆਏ ਉਸਦੇ ਭਤੀਜੇ ਇਮਰਾਨ ਖਾਂ ਨੇ ਸਾਡੀ ਉਕਤ ਇੱਕ ਵਿਸਵਾ ਜ਼ਮੀਨ ‘ਤੇ ਕਥਿਤ ਕਬਜ਼ਾ ਕਰਨ ਲਈ ਦੀਵਾਰ ਬਣਾਉਣੀ ਸ਼ੁਰੂ ਕਰ ਦਿੱਤੀ। ਜਿਸਦਾ ਸਾਡੇ ਵੱਲੋਂ ਵਿਰੋਧ ਕਰਨ ‘ਤੇ ਉਨ੍ਹਾਂ ਨੇ ਮੇਰੇ ਅਤੇ ਮੇਰੇ ਬਾਕੀ ਪਰਿਵਾਰਕ ਮੈਂਬਰਾਂ ‘ਤੇ ਰਾਡਾਂ ਤੇ ਲਾਠੀਆਂ ਨਾਲ ਹਮਲਾ ਕਰ ਦਿੱਤਾ। ਇਸ ਹਮਲੇ ‘ਚ ਮੇਰੀ 14 ਸਾਲਾਂ ਬੇਟੀ ਫਿਰੋਜਾ ਦੇ ਸਿਰ ‘ਚ ਰਾਡ ਲੱਗਣ ਕਾਰਨ ਜਿਥੇ ਉਹ ਗੰਭੀਰ ਜਖਮੀ ਹੋ ਗਈ ਉਥੇ ਮੇਰੇ ਅਤੇ ਮੇਰੀ ਪਤਨੀ ਜਾਹਿਦਾ ਦੇ ਵੀ ਕਾਫੀ ਸੱਟਾਂ ਲੱਗੀਆਂ। ਅਕਬਰ ਮੁਹੰਮਦ ਨੇ ਪੁਲਿਸ ‘ਤੇ ਉਨ੍ਹਾਂ ਦੀ ਕੋਈ ਸੁਣਵਾਈ ਨਾ ਕਰਨ ਦਾ ਦੋਸ਼ ਲਾਉਂਦਿਆਂ ਕਿਹਾ ਕਿ ਮੌਕੇ ‘ਤੇ ਹੀ ਪੁਲਿਸ ਨੂੰ ਸੂਚਿਤ ਕੀਤੇ ਜਾਣ ਦੇ ਬਾਵਜੂਦ ਵੀ ਪੁਲਿਸ ਮੌਕੇ ‘ਤੇ ਨਹੀਂ ਪੁੱਜੀ। ਉਨ੍ਹਾਂ ਉਚ ਪ੍ਰਸ਼ਾਸਨਿਕ ਅਧਿਕਾਰੀਆਂ ਅੱਗੇ ਇਨਸਾਫ ਦੀ ਗੁਹਾਰ ਲਾਉਂਦਿਆਂ ਕਿਹਾ ਕਿ ਸਾਡੇ ‘ਤੇ ਹਮਲਾ ਕਰਨ ਵਾਲੇ ਹਮਲਾਵਰਾਂ ਖਿਲਾਫ ਬਣਦੀ ਕਾਨੂੰਨੀ ਕਾਰਵਾਈ ਕਰਕੇ ਸਾਨੂੰ ਇਨਸਾਫ ਦਿੱਤਾ ਜਾਵੇ।

Check Also

ਤੁੰਗ ਢਾਬ ਡਰੇਨ ਦੀ ਚੱਲ ਰਹੀ ਸਫਾਈ ਕਾਰਜ਼ਾਂ ਦਾ ਕੈਬਨਿਟ ਮੰਤਰੀ ਧਾਲੀਵਾਲ ਨੇ ਲਿਆ ਜਾਇਜ਼ਾ

ਅੰਮ੍ਰਿਤਸਰ, 7 ਜੁਲਾਈ (ਸੁਖਬੀਰ ਸਿੰਘ) – ਪੰਜਾਬ ਦੇ ਕੈਬਨਿਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਵੇਰਕਾ …

Leave a Reply