ਬਠਿੰਡਾ, 21 ਜੂਨ (ਜਸਵਿੰਦਰ ਸਿੰਘ ਜੱਸੀ, ਅਵਤਾਰ ਸਿੰਘ ਕੈਂਥ) – ਬਠਿੰਡਾ ਦੀ ਅਨਾਜ ਮੰਡੀ ਵਿਚ ਸੂਬਾ ਭਰ ਤੋਂ ਵੱਡੀ ਗਿਣਤੀ ਵਿਚ ਪੁੱਜੇ ਮੈਡੀਕਲ ਪ੍ਰੈਕਟੀਸ਼ਨਰਾਂ ਨੇ ਸਰਕਾਰ ਵਿਰੁੱਧ ਮੋਰਚਾ ਖੋਲ੍ਹਦਿਆਂ ਸਰਕਾਰ ਦੀ ਪੋਲ ਖੋਲ ਸੁਬਾਈ ਰੈਲੀ ਕੀਤੀ।ਸਰਕਾਰ ਵੱਲੋਂ ਉਨ੍ਹਾਂ ਦੀਆਂ ਮੰਗਾਂ ਸਬੰਧੀ ਕੋਈ ਵੀ ਸੁਣਵਾਈ ਨਾ ਕਰਨ ਦੇ ਦੋਸ਼ ਲਗਾਉਦਿਆਂ ਜਥੇਬੰਦਕ ਆਗੂਆਂ ਨੇ ਰੋਸ ਮਾਰਚ ਕੱਢ ਕੇ ਸਰਕਾਰ ਖਿਲਾਫ਼ ਜੰਮ ਕੇ ਭੜਾਸ ਕੱਢੀ।ਵੱਡੀ ਗਿਣਤੀ ਵਿਚ ਪੁਲਿਸ ਫ਼ੋਰਸ ਨੇ ਰੈਲੀ ਵਾਲੇ ਥਾਂ ਤੇ ਘੇਰਾਬੰਦੀ ਕਰ ਰੱਖ਼ੀ ਸੀ।ਮੈਡੀਕਲ ਪ੍ਰੈਕਟੀਸ਼ਨਰਾਂ ਵਲੋਂ ਸ਼ਹਿਰ ਵਿਚ ਰੋਸ ਮਾਰਚ ਕੱਢੇ ਜਾਣ ਨੂੰ ਲੈ ਕੇ ਜਥੇਬੰਦਕ ਆਗੂਆਂ ਤੇ ਪੁਲਿਸ ਦਰਮਿਆਨ ਧੱਕਾਮੁੱਕੀ ਵੀ ਹੋਈ। ਪੁਲਿਸ ਨਾਲ ਜੋਰ ਅਜ਼ਮਾਇਸ਼ ਦੇ ਬਾਵਜੂਦ ਮੈਡੀਕਲ ਪ੍ਰੈਕਟੀਸਨਰ ਮਾਰਚ ਕੱਢਦੇ ਹੋਏ ਅੱਗੇ ਵੱਧ ਗਏ ਅਤੇ ਕੁੱਝ ਦੂਰੀ ‘ਤੇ ਜਾ ਕੇ ਮੌਕੇ ਤੇ ਪੁੱਜੇ ਤਹਿਸੀਲਦਾਰ ਲਖ਼ਵਿੰਦਰ ਸਿੰਘ ਨੂੰ ਮੰਗ ਪੱਤਰ ਸੌਪ ਕੇ ਮੁੱਖ ਮੰਤਰੀ ਨਾਲ ਇੱਕ ਹਫ਼ਤੇ ਅੰਦਰ ਜਥੇਬੰਦੀ ਨਾਲ ਮੀਟੰਗ ਦੀ ਮੰਗ ਕੀਤੀ।ਤਹਿਸੀਲਦਾਰ ਨੇ ਪ੍ਰਦਰਸ਼ਨਕਾਰੀ ਮੈਡੀਕਲ ਪ੍ਰੈਕਟੀਸ਼ਨਰਾਂ ਨੂੰ ਜਲਦੀ ਹੀ ਹਾਂ ਪੱਖ਼ੀ ਹੁੰਗਾਰੇ ਦਾ ਭਰੋਸਾ ਦਿੱਤਾ।
ਸੂਬਾ ਪ੍ਰਧਾਨ ਧੰਨਾ ਮੱਲ ਗੋਇਲ ਦੀ ਅਗੁਵਾਈ ਵਿਚ ਹੋਈ ਇਸ ਰੈਲੀ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਉਹ ਸੂਬੇ ਦੇ 80 ਫ਼ੀਸਦੀ ਤੋਂ ਵੱਧ ਲੋਕਾਂ ਨੂੰ ਸਸਤੀਆਂ ਸਿਹਤ ਸਹੂਲਤਾਂ ਪ੍ਰਦਾਨ ਕਰਵਾ ਰਹੇ ਹਨ ਜੋ ਕਿ ਮਹਿੰਗੇ ਪ੍ਰਾਈਵੇਟ ਹਸਪਤਾਲਾਂ ਵਿਚ ਆਪਣਾ ਇਲਾਜ਼ ਨਹੀ ਕਰਵਾ ਸਕਦੇ ਜਿੰਨ੍ਹਾਂ ਨੂੰ ਬਣਦੀਆਂ ਸਹੂਲਤਾ ਮੁਹੱਇਆ ਕਰਵਾਉਣਾ ਸਰਕਾਰ ਦਾ ਫ਼ਰਜ਼ ਹੈ, ਪਰ ਬਾਵਜੂਦ ਇਸ ਦੇ ਸਰਕਾਰ ਬਹਾਨੇ ਬਾਜ਼ੀਆਂ ਅਤੇ ਕਾਗਜ਼ੀ ਕਾਰਵਾਈਆਂ ਰਾਹੀਂ ਇਹ ਸੇਵਾਵਾਂ ਪ੍ਰਦਾਨ ਕਰਨ ਵਾਲੇ ਮੈਡੀਕਲ ਪ੍ਰੈਕਟੀਸ਼ਨਰਾਂ ਨੂੰ ਪ੍ਰੇਸ਼ਾਨ ਕਰ ਰਹੀ ਹੈ,ਜਿਸ ਕਰਕੇ ਉਨ੍ਹਾਂ ਨੂੰ ਮਜ਼ਬੂਰਨ ਇਸ ਪ੍ਰਕਾਰ ਦੇ ਰੋਸ ਪ੍ਰਦਰਸ਼ਨ ਕਰਨੇ ਪੈ ਰਹੇ ਹਨ।
ਸੂਬਾ ਜਨ. ਸਕੱਤਰ ਕੁਲਵੰਤ ਸਿੰਘ ਅਤੇ ਸੂਬਾ ਖ਼ਜਾਨਚੀ ਡਾ: ਐਚ.ਐਸ ਰਾਣੂ ਨੇ ਕਿਹਾ ਕਿ 2012 ਵਿਚ ਵਿਧਾਨ ਸਭਾ ਚੋਣਾਂ ਮੌਕੇ ਅਕਾਲੀ ਭਾਜਪਾ ਨੇ ਉਨ੍ਹਾਂ ਦਾ ਮਸਲਾ ਹੱਲ ਕਰਨ ਲਈ ਚੋਣ ਮੈਨੀਫ਼ੈਸਟੋ ਵਿਚ ਵੀ ਪਾਇਆ ਸੀ, ਪਰ ਸਰਕਾਰ ਨੇ ਇਸ ਸਬੰਧੀ ਕੁਝ ਨਹੀ ਕੀਤਾ।ਉਨ੍ਹਾਂ ਕਿਹਾ ਕਿ 1 ਲੱਖ਼ ਲੋਕਾਂ ਦੇ ਰੁਜ਼ਗਾਰ ਨਾਲ ਜੁੜੇ ਇਸ ਮਸਲੇ ਨੂੰ ਸਰਕਾਰ ਨੂੰ ਹੱਲ ਕਰਨਾ ਚਾਹੀਦਾ ਸੀ, ਪਰ ਉਲਟਾ ਦਿੱਤੇ ਭਰੋਸੇ ਦੇ ਬਾਵਜੂਦ ਵਿਧਾਨ ਸਭਾ ਵਿਚ ਮਤਾ ਪਾ ਕੇ ਮੈਡੀਕਲ ਪ੍ਰੈਕਟੀਸ਼ਨਰਾਂ ਨੂੰ ਬੰਦ ਕਰਵਾਉਣ ਲਈ ਖੁੱਜਲ ਖੁਆਰੀ ਕੀਤੀ ਜਾ ਰਹੀ ਹੈ।
ਸੀਨੀ: ਮੀਤ ਪ੍ਰਧਾਨ ਡਾ. ਕੇਵਲ ਕ੍ਰਿਸ਼ਨ ਸ਼ਰਮਾ, ਡਾ. ਜਸਵਿੰਦਰ ਭੋਗਲ, ਡਾ. ਜਗਦੇਵ ਚਹਿਲ ਅਤੇ ਡਾ. ਦੀਦਾਰ ਸਿੰਘ ਜੁਆਇੰਟ ਸੈਕਟਰੀ ਨੇ ਕਿਹਾ ਕਿ ਦੇਸ਼ ਦੀ 70 ਫ਼ੀਸਦੀ ਅਬਾਦੀ ਆਰਥਿਕ ਤੰਗੀ ਨਾਲ ਜੂਝ ਰਹੀ ਹੈ, ਬਾਵਜੂਦ ਇਸ ਦੇ ਸਰਕਾਰਾਂ ਉਨ੍ਹਾਂ ਦੇ ਹੱਕ ਖੋਹਣ ਨੂੰ ਲੱਗੀਆਂ ਹੋਈਆਂ ਹਨ।ਆਗੂਆਂ ਮੰਗ ਕੀਤੀ ਕਿ ਸਰਕਾਰ ਚਾਹੇ ਤਾਂ 1983 ਦੀਆਂ ਸਿਹਤ ਨੀਤੀਆਂ ਅਨੁਸਾਰ ਪੱਛਮੀ ਬੰਗਾਲ ਦੀ ਤਰਜ ‘ਤੇ ਮੈਡੀਕਲ ਪ੍ਰੈਕਟੀਸ਼ਨਰਾਂ ਦਾ ਮਸਲਾ ਹੱਲ ਕੀਤਾ ਜਾ ਸਕਦਾ ਹੈ, ਜਿਸ ਨੂੰ ਹੱਲ ਕੀਤਾ ਜਾਵੇ।ਇਸ ਮੌਕੇ ਵੱਖ-ਵੱਖ ਭਰਾਤਰੀ ਜਥੇਬੰਦੀਆਂ ਜਿੰਨ੍ਹਾਂ ਵਿਚ ਬੀਕੇ.ਯੂ ਉਗਰਾਹਾਂ ਦੇ ਆਗੂ ਸ਼ਿੰਗਾਰਾ ਸਿੰਘ ਮਾਨ, ਬੀ.ਕੇ.ਯੂ ਡਕੌਂਦਾ ਤੋਂ ਸੂਬਾ ਮੀਤ ਪ੍ਰਧਾਨ ਗੁਰਦੀਪ ਸਿੰਘ, ਪੇਂਡੂ ਮਜ਼ਦੂਰ ਯੂਨੀਅਨ ਦੇ ਅਮਰਜੀਤ ਹਨੀ ਨੇ ਵੀ ਆਪਣੀ ਹਿਮਾਇਤ ਦਿੰਦੇ ਹੋਏ ਧਰਨੇ ਨੂੰ ਸੰਬੋਧਨ ਕੀਤਾ।
ਮੈਡੀਕਲ ਪ੍ਰੈਕਟੀਸ਼ਨਰ ਐਸੋਸੀਏਸ਼ਨ ਦੇ ਸੂਬਾ ਪ੍ਰੈਸ ਸਕੱਤਰ ਡਾ. ਮਲਕੀਤ ਥਿੰਦ ਅਤੇ ਹਰਿਆਣਾ ਤੋਂ ਪਹੁੰਚੇ ਹਰਿਆਣਾ ਰਾਜ ਚਕਿਤਸਾ ਅਨੁਭਵੀ ਸੰਗਠਨ ਦੇ ਸੂਬਾ ਪ੍ਰਧਾਨ ਨੇ ਇਸ ਮਸਲੇ ਨੂੰ ਹੱਲ ਕਰਵਾਉਣ ਲਈ ਸਭ ਨੂੰ ਇਕਜੁੱਟ ਹੋ ਕੇ ਸੰਘਰਸ਼ ਕਰਨ ਦੀ ਅਪੀਲ ਕੀਤੀ।ਸੂਬਾ ਜੁਆਇੰਟ ਸਕੱਤਰ, ਡਾ. ਸੀ.ਆਰ ਸ਼ੰਕਰ ਫ਼ਾਜਿਲਕਾ, ਡਾ. ਹਰਦੇਵ ਸ਼ਰਮਾ ਪ੍ਰਧਾਨ ਜ਼ਿਲ੍ਹਾ ਬਠਿੰਡਾ, ਡਾ. ਹਰਭਜਨ ਲਾਲ ਪ੍ਰਧਾਨ ਜ਼ਿਲ੍ਹਾ ਫਿਰੋਜਪੁਰ, ਸੁਰਜੀਤ ਸਿੰਘ ਲੁਧਿਆਣਾ, ਡਾ. ਗੁਰਮੇਲ ਮਾਛੀਕੇ ਮੋਗਾ, ਅਮਰਜੀਤ ਕੁੱਕੂ, ਬਲਬੀਰ ਬਰੇਟਾ, ਸਰਬਜੀਤ ਕੌਰ ਭੱਟੀ ਪ੍ਰਧਾਨ ਜਿਲ੍ਹਾ ਮਹਿਲਾ ਵਿੰਗ, ਡਾ. ਆਤਮਾ ਸਿੰਘ ਜ਼ੀਰਾ, ਡਾ. ਤਾਰਾ ਚੰਦ ਪ੍ਰਧਾਨ ਜ਼ਿਲ੍ਹਾ ਮਾਨਸਾ, ਡਾ. ਰਾਜ ਕਿਸ਼ਨ ਫ਼ਾਜਿਲਕਾ, ਡਾ. ਅੰਗਰੇਜ ਸੰਧੂ, ਡਾ. ਕ੍ਰਿਸ਼ਨ ਸਿੱਧੂ, ਡਾ. ਰਾਕੇਸ਼ ਮਹਿਤਾ ਪ੍ਰਧਾਨ ਤਲਵੰਡੀ ਭਾਈ ਅਤੇ ਹੋਰ ਵੱਡੀ ਗਿਣਤੀ ਵਿਚ ਲੀਡਰਸ਼ਿਪ ਹਾਜਰ ਸੀ। ਅੰਤ ਵਿਚ ਸੂਬਾ ਪ੍ਰਧਾਨ ਨੇ ਸਰਕਾਰ ਨੂੰੂ ਚੇਤਾਵਨੀ ਦਿੰਦਿਆਂ ਕਿਹਾ ਕਿ ਆਉਣ ਵਾਲੇ ਸਮੇਂ ਵਿਚ ਜੇਕਰ ਸਰਕਾਰ ਨੇ ਮੈਡੀਕਲ ਪ੍ਰੈਕਟੀਸ਼ਨਰਾਂ ਦਾ ਮਸਲਾ ਹੱਲ ਨਾ ਕੀਤਾ ਤਾਂ ਜੁਲਾਈ ਮਹੀਨੇ ਦੇ ਆਖ਼ਰੀ ਹਫ਼ਤੇ ਵਿਚ ਸਿਹਤ ਮੰਤਰੀ ਦੇ ਹਲਕੇ ਵਿਚ ਰੈਲੀ ਕੀਤੀ ਜਾਵੇਗੀ।
Check Also
ਡੀ.ਏ.ਵੀ ਪਬਲਿਕ ਸਕੂਲ ਵਿਖੇ ਲਿੰਗ ਸੰਵੇਦਨਸ਼ੀਲਤਾ ਵਰਕਸ਼ਾਪ ਦਾ ਆਯੋਜਨ
ਅੰਮ੍ਰਿਤਸਰ, 14 ਮਾਰਚ (ਜਗਦੀਪ ਸਿੰਘ) – ਆਰੀਆ ਰਤਨ ਡਾ. ਪੂਨਮ ਸੂਰੀ ਪਦਮ ਸ੍ਰੀ ਪੁਰਸਕਾਰ ਜੇਤੂ …
Punjab Post Daily Online Newspaper & Print Media