ਬਠਿੰਡਾ, 22 ਜੂਨ (ਜਸਵਿੰਦਰ ਸਿੰਘ ਜੱਸੀ, ਅਵਤਾਰ ਸਿੰਘ ਕੈਂਥ) – ਪੰਜਾਬ ਅਨ-ਟੇਡਿਡ ਟੈਕਨੀਕਲ ਇੰਸਟੀਚਿਊਸ਼ਨ ਐਸੋਸੀਏਸ਼ਨ ਦੇ ਮੈਂਬਰਾਂ ਨਾਲ ਮਹਾਰਾਜਾ ਰਣਜੀਤ ਸਿੰਘ ਪੰਜਾਬ ਟੈਕਨੀਕਲ ਯੂਨੀਵਰਸਿਟੀ, ਬਠਿੰਡਾ ਦੇ ਮਾਨਯੋਗ ਵਾਇਸ ਚਾਂਸਲਰ ਦੀ ਪ੍ਰਧਾਨਗੀ ਹੇਠ ਮੀਟਿੰਗ ਹੋਈ।ਡਾ. ਜਸਬੀਰ ਸਿੰਘ ਹੁੰਦਲ, ਰਜਿਸਟਰਾਰ, ਡਾ. ਅਸ਼ੋਕ ਕੁਮਾਰ ਗੋਇਲ, ਡਾਇਰੈਕਟਰ ਕਾਲਜ ਡਿਵੈਲਪਮੈਂਟ, ਦਵਿੰਦਰਪਾਲ ਸਿੰਘ, ਡਾਇਰੈਕਟਰ ਦੇਸ਼ ਭਗਤ ਫਾਉਂਡੇਸ਼ਨ ਗਰੁੱਪ ਆਫ਼ ਇੰਸਟੀਚਿਊਸ਼ਨਜ਼, ਮੋਗਾ, ਪਰਵੀਨ ਗਰਗ, ਚੇਅਰਮੈਨ, ਆਈ.ਐਸ.ਐਫ, ਮੋਗਾ, ਲਖਵੀਰ ਸਿੰਘ ਗਿੱਲ, ਚੇਅਰਮੈਨ, ਨਾਰਥ ਵੈਸਟ ਗਰੁੱਪ ਆਫ਼ ਇੰਸਟੀਚਿਊਸ਼ਨਜ਼, ਢੁੱਡੀਕੇ, ਮੋਗਾ, ਗੁਰਤੇਜ ਸਿੰਘ ਬਰਾੜ, ਚੇਅਰਮੈਨ, ਅਕਲੀਆ ਗਰੁੱਪ ਆਫ਼ ਇੰਸਟੀਚਿਊਸ਼ਨਜ਼, ਗੋਨਿਆਣਾ ਮੰਡੀ, ਬਠਿੰਡਾ, ਸਿਵਮ ਵਿਸ਼ਿਸਟ, ਫਿਰੋਜ਼ਪੁਰ ਗਰੁੱਪ ਆਫ਼ ਕਾਲਜਿਜ, ਫਿਰੋਜਪੁਰ ਅਤੇ ਕ੍ਰਿਸ਼ਨ ਕੁਮਾਰ ਕੌੜਾ, ਚੇਅਰਮੈਨ, ਲਾਲਾ ਲਾਜਪਤ ਰਾਏ ਗਰੁੱਪ ਆਫ਼ ਇੰਸਟੀਚਿਊਸ਼ਨਜ਼, ਮੋਗਾ ਨਾਲ ਯੂਨੀਵਰਸਿਟੀ ਨੂੰ ਸੰਚਾਰੂ ਢੰਗ ਨਾਲ ਚਲਾਉਣ ਅਤੇ ਵੱਧ ਤੋਂ ਵੱਧ ਦਾਖ਼ਲੇ ਕਰਨ ਸਬੰਧੀ ਵਿਚਾਰ ਵਟਾਦਰਾਂ ਕੀਤਾ ਗਿਆ। ਵਾਇਸ ਚਾਂਸਲਰ ਦੁਆਰਾ ਦੱਸਿਆ ਗਿਆ ਕਿ ਮਹਾਰਾਜਾ ਰਣਜੀਤ ਸਿੰਘ ਪੰਜਾਬ ਟੈਕਨੀਕਲ ਯੂਨੀਵਰਸਿਟੀ, ਬਠਿੰਡਾ ਦੇ ਨਾਲ ਪੰਜਾਬ ਦੇ 11 ਜਿਲ੍ਹਿਆਂ ਦੇ ਕਾਲਜ ਅਧਿਕਾਰ ਖੇਤਰ ਵਿੱਚ ਆਉਂਦੇ ਹਨ ਬਠਿੰਡਾ, ਮਾਨਸਾ, ਸੰਗਰੂਰ, ਪਟਿਆਲਾ, ਫਰੀਦਕੋਟ, ਮੋਗਾ, ਫ਼ਾਜ਼ਿਲਕਾ, ਸ੍ਰੀ ਮੁਕਤਸਰ ਸਾਹਿਬ, ਸ੍ਰੀ ਫਤਹਿਗੜ੍ਹ ਸਾਹਿਬ, ਫਿਰੋਜ਼ਪੁਰ, ਬਰਨਾਲਾ।
ਮਾਨਯੋਗ ਵਾਇਸ ਚਾਂਸਲਰ ਨੇ ਕਾਲਜਾਂ ਦੀਆਂ ਦੁੱਖ-ਤਕਲੀਫ਼ਾਂ ਨੂੰ ਬੜੇ ਧਿਆਨ ਨਾਲ ਸੁਣਿਆ ਅਤੇ ਹਰੇਕ ਮੰਗ ਨੂੰ ਵਧੀਆ ਢੰਗ ਨਾਲ ਹੱਲ ਕਰਨ ਦਾ ਵਿਸ਼ਵਾਸ਼ ਦਿਵਾਇਆ।ਉਹਨਾਂ ਨੇ ਜਾਣਕਾਰੀ ਦਿੱਤੀ ਕਿ ਯੂਨੀਵਰਸਿਟੀ ਕਾਲਜਾਂ ਲਈ ਦਾਖ਼ਲਾ ਕਰਨ ਵਾਸਤੇ ਬਿਹਾਰ, ਜੰਮੂ ਅਤੇ ਸ੍ਰੀ ਨਗਰ ਵਿੱਚ ਕੌਂਸਲਿੰਗ ਕਰੇਗੀ।ਯੂਨੀਵਰਸਿਟੀ ਅਧੀਨ ਆਉਂਦੇ ਕਾਲਜਾਂ ਵਿੱਚ ਪੜ੍ਹਦੇ ਵਿਦਿਆਰਥੀਆਂ ਦੀ ਵਧੀਆ ਪਲੇਸਮੈਂਟ ਕਰਵਾਉਣ ਲਈ ਵਚਨਬੱਧ ਹੈ।ਯੂਨੀਵਰਸਿਟੀ ਵੱਲੋਂ ਪਹਿਲਾਂ ਵੀ ਜਾਬ ਫੇਅਰ ਦਾ ਆਯੋਜਨ ਕੀਤਾ ਗਿਆ ਸੀ ਜਿਸ ਵਿੱਚ 1000 ਤੋਂ ਵੱਧ ਵਿਦਿਆਰਥੀਆਂ ਨੂੰ ਨੌਕਰੀਆਂ ਦਿੱਤੀਆਂ ਗਈਆਂ ਜਿਸ ਵਿੱਚ ਦੇਸ਼-ਵਿਦੇਸ਼ ਦੀਆਂ ਨਾਮਵਰ ਕੰਪਨੀਆਂ ਸ਼ਾਮਲ ਹੋਈਆਂ।ਇਸ ਤਰ੍ਹਾਂ ਅੱਗੇ ਤੋਂ ਵੀ ਨਾਮਵਰ ਕੰਪਨੀਆਂ ਨੂੰ ਬੁਲਾ ਕੇ ਵਿਦਿਆਰਥੀਆਂ ਨੂੰ ਨੌਕਰੀਆਂ ਦੇਣ ਲਈ ਸਹਿਯੋਗ ਕਰੇਗੀ।ਵਾਇਸ ਚਾਂਸਲਰ ਦੁਆਰਾ ਜਾਣਕਾਰੀ ਦਿੰਦਿਆ ਕਿਹਾ ਕਿ ਵਿਦਿਆਰਥੀਆਂ ਨੂੰ ਨੌਕਰੀਆਂ ਦਿਵਾਉਣ ਲਈ ਪਲੇਸਮੈਂਟ ਸੈੱਲ ਖੋਲ੍ਹਿਆ ਜਾ ਰਿਹਾ ਹੈ ਜਿਸ ਦਾ ਇਕ ਦਫ਼ਤਰ ਦਿੱਲੀ ਵਿਖੇ ਖੋਲ੍ਹਿਆ ਜਾਵੇਗਾ ਜਿੱਥੇ ਵਿਦਿਆਰਥੀ ਨੌਕਰੀ ਪ੍ਰਾਪਤ ਕਰਨ ਲਈ ਰਜਿਸਟਰੇਸ਼ਨ ਕਰਵਾ ਸਕਣਗੇ। ਮ.ਰ.ਸ ਪੰਜਾਬ ਟੈਕਨੀਕਲ ਯੂਨੀਵਰਸਿਟੀ ਦਾ ਮੁੱਖ ਮੰਤਵ ਕੁਆਲਟੀ ਐਜੂਕੇਸ਼ਨ ਦੇਣਾ ਹੈ।ਪੰਜਾਬ ਸਰਕਾਰ ਦੇ ਹੁਕਮਾਂ ਅਨੁਸਾਰ ਇਸ ਯੂਨੀਵਰਸਿਟੀ ਦਾ ਗਠਨ ਐਜੂਕੇਸ਼ਨ ਦਾ ਮਿਆਰ ਉੱਚਾ ਚੁੱਕਣ ਦੇ ਮੰਤਵ ਨਾਲ ਕੀਤਾ ਗਿਆ ਹੈ।ਵੱਖ-ਵੱਖ ਕਾਲਜਾਂ ਤੋਂ ਆਏ ਪ੍ਰਤੀਨਿਧੀਆਂ ਨੇ ਮਾਨਯੋਗ ਵਾਇਸ ਚਾਂਸਲਰ ਸਾਹਿਬ ਨੂੰ ਕੁਆਲਟੀ ਐਜੂਕੇਸ਼ਨ ਅਤੇ ਹਰੇਕ ਤਰੀਕੇ ਨਾਲ ਪੂਰਨ ਸਹਿਯੋਗ ਦੇਣ ਦਾ ਭਰੋਸਾ ਦਿੱਤਾ।
Punjab Post Daily Online Newspaper & Print Media