Monday, October 12, 2026

ਪੰਜਾਬ ਸਰਕਾਰ ਨੇ ਕਿਸਾਨਾਂ ਨੂੰ 40 ਹਜ਼ਾਰ ਕਰੋੜ ਦੀ ਬਿਜਲੀ ਮੁਫ਼ਤ ਦਿੱਤੀ-ਬਾਦਲ

ਜਗਦੇਵ ਕਲਾਂ ਵਿਖੇ 66 ਕੇ. ਵੀ ਬਿਜਲੀ ਗਰਿੱਡ ਦਾ ਕੀਤਾ ਉਦਘਾਟਨ

PPN2906201601

ਅੰਮ੍ਰਿਤਸਰ, 29 ਜੂਨ (ਜਗਦੀਪ ਸਿੰਘ ਸੱਗੂ) – ਪੰਜਾਬ ਸਰਕਾਰ ਵੱਲੋਂ ਸੂਬੇ ਦੇ ਕਿਸਾਨਾਂ ਨੂੰ ਮੋਟਰਾਂ ਲਈ ਕਰੀਬ 40 ਹਜ਼ਾਰ ਕਰੋੜ ਰੁਪਏ ਦੀ ਬਿਜਲੀ ਮੁਫ਼ਤ ਮੁਹੱਈਆ ਕਰਵਾਈ ਗਈ ਹੈ ਅਤੇ ਹਰੇਕ ਸਾਲ ਬਿਜਲੀ ਵਿਭਾਗ ਨੂੰ 5000 ਕਰੋੜ ਰੁਪਏ ਸਬਸਿਡੀ ਵਜੋਂ ਅਦਾ ਕੀਤੇ ਜਾ ਰਹੇ ਹਨ। ਇਹ ਪ੍ਰਗਟਾਵਾ ਮੁੱਖ ਮੰਤਰੀ ਸ. ਪਰਕਾਸ਼ ਸਿੰਘ ਬਾਦਲ ਨੇ ਰਾਜਾਸਾਂਸੀ ਹਲਕੇ ਦੇ ਪਿੰਡ ਜਗਦੇਵ ਕਲਾਂ ਵਿਖੇ 4 ਕਰੋੜ ਦੀ ਲਾਗਤ ਨਾਲ ਸਥਾਪਿਤ ਕੀਤੇ 66 ਕੇ. ਵੀ ਬਿਜਲੀ ਗਰਿੱਡ ਦਾ ਉਦਘਾਟਨ ਕਰਨ ਮੌਕੇ ਕੀਤਾ। ਉਨ੍ਹਾਂ ਕਿਹਾ ਕਿ ਅਕਾਲੀ-ਭਾਜਪਾ ਸਰਕਾਰ ਹੀ ਅਜਿਹੀ ਸਰਕਾਰ ਹੈ, ਜਿਸ ਨੇ ਗ਼ਰੀਬਾਂ ਅਤੇ ਕਿਸਾਨਾਂ ਦੀ ਬਾਂਹ ਫੜੀ ਹੈ ਅਤੇ ਉਨ੍ਹਾਂ ਦੀਆਂ ਸੁੱਖ-ਸਹੂਲਤਾਂ ਦਾ ਧਿਆਨ ਰੱਖਿਆ ਹੈ। ਸ. ਬਾਦਲ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਕਿਸਾਨਾਂ ਦੀ ਤਰ੍ਹਾਂ ਗ਼ਰੀਬ ਤਬਕੇ ਨੂੰ ਵੀ ਬਿਜਲੀ ਦੇ 200 ਯੂਨਿਟ ਮੁਆਫ਼ ਕੀਤੇ ਗਏ ਹਨ।
ਸ. ਬਾਦਲ ਨੇ ਕਿਹਾ ਕਿ ਪੰਜਾਬ ਇਸ ਵੇਲੇ ਵਾਧੂ ਬਿਜਲੀ ਵਾਲਾ ਸੂਬਾ ਬਣ ਚੁੱਕਾ ਹੈ ਜੋ ਕਿ ਇਕ ਬਹੁਤ ਵੱਡੀ ਪ੍ਰਾਪਤੀ ਹੈ। ਉਨ੍ਹਾਂ ਕਿਹਾ ਕਿ 24 ਘੰਟੇ ਬਿਜਲੀ ਸਪਲਾਈ ਲਈ ਘਰੇਲੂ ਅਤੇ ਖੇਤੀ ਫੀਡਰਾਂ ਦੇ ਵਖਰੇਵੇਂ ਲਈ 2391 ਪਿੰਡਾਂ ਵਿਚ 11 ਕੇ. ਵੀ ਫੀਡਰ ਸਥਾਪਿਤ ਕੀਤੇ ਗਏ ਹਨ ਜਿਸ ਤਹਿਤ 11540 ਕਰੋੜ ਰੁਪਏ ਖ਼ਰਚ ਕੀਤੇ ਗਏ ਹਨ। ਉਨ੍ਹਾਂ ਕਿਹਾ ਕਿ ਨੈਸ਼ਨਲ ਗਰੀਨ ਟ੍ਰਿਬਿਊਨਲ ਦੇ ਹੁਕਮਾਂ ਤੋਂ ਬਾਅਦ ਬਕਾਇਆ ਪਏ 42 ਹਜ਼ਾਰ ਦੇ ਕਰੀਬ ਟਿਊਬਵੈੱਲ ਕੁਨੈਕਸ਼ਨ ਜਾਰੀ ਕੀਤੇ ਗਏ ਹਨ। ਉਨ੍ਹਾਂ ਇਹ ਵੀ ਦੱਸਿਆ ਕਿ ਨਵੀਂ ਟਿਊਬਵੈੱਲ ਨੀਤੀ ਤਹਿਤ 117 ਹਲਕਿਆਂ ਲਈ 14 ਹਜ਼ਾਰ ਤੋਂ ਵੱਧ ਕੁਨੈਕਸ਼ਨ ਦਿੱਤੇ ਗਏ ਹਨ।  ਜ਼ਿਕਰਯੋਗ ਹੈ ਕਿ ਇਸ ਗਰਿੱਡ ਨਾਲ ਅੱਠ ਪਿੰਡਾਂ ਜਗਦੇਵ ਕਲਾਂ, ਮੱਲੂ ਨੰਗਲ, ਸੰਤੂ ਨੰਗਲ, ਕੰਦੋਵਾਲੀ, ਚੇਤਨਪੁਰਾ, ਮੰਝਪੁਰ, ਪਠਾਨ ਨੰਗਲ ਅਤੇ ਲੁਹਾਰਕਾ ਦੇ ਲੋਕਾਂ ਨੂੰ ਵੀ ਬਿਜਲੀ ਸਪਲਾਈ ਮਿਲੇਗੀ। ਇਸ ਤੋਂ ਇਲਾਵਾ ਲੋਡ ਘਟਣ ਕਾਰਨ ਕੋਟਲੀ ਸੱਕਿਆਂ ਵਾਲੀ ਅਤੇ ਲਸ਼ਕਰੀ ਨੰਗਲ ਨੂੰ ਲਾਹਾ ਮਿਲੇਗਾ। ਇਸ ਮੌਕੇ ਪੀ. ਐਸ. ਪੀ. ਸੀ ਐਲ ਦੇ ਮੁੱਖ ਇੰਜੀਨੀਅਰ ਬਾਰਡਰ ਜ਼ੋਨ ਸ. ਜਗਜੀਤ ਸਿੰਘ ਸੁੱਚੂ, ਡਿਪਟੀ ਚੀਫ ਸ੍ਰੀ ਪ੍ਰਦੀਪ ਕੁਮਾਰ ਸੈਣੀ, ਐਕਸੀਅਨ ਮਨਿੰਦਰਪਾਲ ਸਿੰਘ, ਐਸ. ਡੀ. ਓ ਸ. ਅਮਰਿੰਦਰ ਪਾਲ ਸਿੰਘ ਅਤੇ ਹੋਰ ਸ਼ਖਸੀਅਤਾਂ ਹਾਜ਼ਰ ਸਨ।

Check Also

`ਮੇਰਾ ਘਰ ਮੇਰਾ ਮਾਣ’ ਯੋਜਨਾ ਤਹਿਤ ਕੈਬਨਿਟ ਮੰਤਰੀ ਈ.ਟੀ.ਓ ਨੇ ਲਾਲ ਡੋਰੇ ਅਧੀਨ ਆਉਂਦੀਆਂ ਜਾਇਦਾਦਾਂ ਦੇ ਮਾਲਕਾਂ ਨੂੰ ਵੰਡੇ ਮਾਲਕੀ ਕਾਰਡ

ਅੰਮ੍ਰਿਤਸਰ, 11 ਅਕਤੂਬਰ (ਜਗਦੀਪ ਸਿੰਘ) – ‘ਮੇਰਾ ਘਰ ਮੇਰਾ ਮਾਣ’ ਯੋਜਨਾ ਤਹਿਤ ਲੋਕ ਨਿਰਮਾਣ ਮੰਤਰੀ …

Leave a Reply