ਬਠਿੰਡਾ, 29 ਜੂਨ (ਜਸਵਿੰਦਰ ਸਿੰਘ ਜੱਸੀ, ਅਵਤਾਰ ਸਿੰਘ ਕੈਂਥ) – ਪੰਜਾਬ ਦੇ ਕਾਲੇ ਦੌਰ ਵਿੱਚ ਮਾਝੇ ਹਲਕੇ ਵਿੱਚ ਖਾਸ ਕਰਕੇ ਗੁਰਦਾਸਪੁਰ ਜ਼ਿਲੇ ਵਿੱਚ ਹਿੰਦੂ ਭਾਈਚਾਰੇ ਲਈ ਢਾਲ ਬਣੇ ਖਾੜਕੂ ਭਾਈ ਜੁਗਰਾਜ ਸਿੰਘ ਤੂਫ਼ਾਨ ਦੀ ਜਿੰਦਗੀ ‘ਤੇ ਅਧਾਰਤ ਬਣੀ ਫ਼ਿਲਮ ‘ਤੂਫ਼ਾਨ ਸਿੰਘ’ ਫ਼ਿਲਮ ‘ਮਾਲਕਾਂ’ ਦੀਆਂ ਆਪਹੁਦਰੀਆਂ ਕਾਰਣ ਵਿਵਾਦਾਂ ਵਿੱਚ ਘਿਰ ਗਈ ਹੈ।ਫਿਲਮ ਬਣਾਉਣ ਵਾਲੇ ਦਿਲਬਾਗ ਸਿੰਘ ਉਰਫ ਬਾਬਾ ਉਰਫ ਖਾਲਸਾ ਦਾਅਵਾ ਕਰ ਰਹੇ ਹਨ ਕਿ ਫਿਲਮ ਸੰਬੰਧੀ ਸਾਰੀ ਖੋਜ ਉਨ੍ਹਾਂ ਨੇ ਖੁਦ ਤੇ ਉਨ੍ਹਾਂ ਦੇ ਫਰਜ਼ੰਦ ਬਘੇਲ ਸਿੰਘ ਨੇ ਕੀਤੀ ਹੈ। ਜਦਕਿ ਪੱਤਰਕਾਰ ਬਲਜਿੰਦਰ ਕੋਟਭਾਰਾ ਤੇ ਅਮਨਦੀਪ ਹਾਂਸ ਨੇ ਕਈ ਸਬੂਤ ਦੇ ਕੇ ਦਾਅਵਾ ਕੀਤਾ ਹੈ ਕਿ ਸਾਰੀ ਖੋਜ, ਸਾਰੀਆਂ ਜ਼ਰੂਰੀ ਇੰਟਰਵਿਊ, ਸਾਰੇ ਦਸਤਾਵੇਜ਼ ਉਨ੍ਹਾਂ ਡੇਢ ਸਾਲ ਮਿਹਨਤ ਕਰਕੇ ਇਕੱਠੇ ਕੀਤੇ, ਤੇ ਇਵਜ਼ ਵਿੱਚ ਦਿਲਬਾਗ ਸਿੰਘ ਨੇ ਮਿਹਨਤਾਨਾ ਦੇਣਾ ਤਾਂ ਦੂਰ ਉਨ੍ਹਾਂ ਦੇ ਨਾਮ ਦਾ ਜ਼ਿਕਰ ਤੱਕ ਵੀ ਇਸ ਮਹੱਤਵਪੂਰਨ ਕਾਰਜ ਲਈ ਨਹੀਂ ਕੀਤਾ ਗਿਆ।
ਫ਼ਿਲਮ ਦੇ ਖ਼ੋਜ ਕਰਤਾਵਾਂ ਰਾਹੀਂ ਸ਼ਹੀਦ ਜੁਗਰਾਜ ਸਿੰਘ ਤੂਫ਼ਾਨ ਦੀ ਵੱਡੀ ਭੈਣ ਬੀਬੀ ਅਮਰਜੀਤ ਕੌਰ ਤੇ ਪੁੱਤਰੀ ਸਿਮਰਨਜੀਤ ਕੌਰ ਤੇ ‘ਰਾਇਲ ਫ਼ਿਲਮ ਲਿਮਟਿਡ ਯੂ. ਕੇ’ ਵੱਲੋਂ ਨਿਰਦੇਸ਼ਕ ਦੇ ਫ਼ਰਜੰਦ ਬਘੇਲ ਸਿੰਘ ਨਾਲ 22 ਅਪ੍ਰੈਲ 2014 ਨੂੰ ਹੋਏ ਸਮਝੌਤੇ ਵਾਲੇ ਹਲਫ਼ੀਆ ਬਿਆਨ ਦੀ ਕਾਪੀ ਪੱਤਰਕਾਰਾਂ ਨੂੰ ਦਿੱਤੀ ਗਈ, ਇਸ ਹਲਫ਼ੀਆ ਬਿਆਨ ‘ਤੇ ਵੀ ਸਮਝੌਤੇ ਸਮੇਂ ਗਵਾਹ ਦੇ ਤੌਰ ‘ਤੇ ਖ਼ੋਜ ਕਰਤਾਵਾਂ ਬਲਜਿੰਦਰ ਕੋਟਭਾਰਾ ਤੇ ਅਮਨਦੀਪ ਹਾਂਸ ਦੇ ਦਸਤਖ਼ਤ ਮੌਜੂਦ ਹਨ। ਖ਼ੋਜ ਕਰਤਾਵਾਂ ਨੇ ਖ਼ੋਜ ਨਾਲ ਸਬੰਧਤ ਹੋਰ ਅਹਿਮ ਦਸਤਾਵੇਜ਼ਾਂ ਦੀਆਂ ਕਾਪੀਆਂ ਦਿੰਦਿਆਂ ਫ਼ਿਲਮ ਦੀ ਖ਼ੋਜ ਸਬੰਧੀ ਦਾਅਵੇ ਕਰਨ ਵਾਲੇ ਨਿਰਦੇਸ਼ਕ ਨੂੰ ਸਵਾਲ ਕੀਤਾ ਕਿ ਉਹ ਇਹ ਸਾਰੇ ਦਸ਼ਤਾਵੇਜ਼ ਕਿੱਥੋਂ ਤੇ ਕਿਵੇਂ ਪ੍ਰਾਪਤ ਕੀਤੇ। ਜਦੋਂ ਕਿ ਖ਼ੋਜ ਕਰਤਾਵਾਂ ਨੇ ਲਗਾਤਾਰ ਸਖ਼ਤ ਮਿਹਨਤ ਮਗਰੋਂ ਤੇ ਥਾਂ ਥਾਂ ਦਿਨ ਰਾਤ ਇਕ ਕਰਕੇ ਘੁੰਮ ਘੁੰਮ ਕੇ ਇਹ ਦਸਤਾਵੇਜ਼ ਲੱਭੇ ਸਨ।
‘ਤੂਫ਼ਾਨ ਸਿੰਘ’ ਫ਼ਿਲਮ ਦੇ ਖ਼ੋਜ ਕਰਤਾਵਾਂ ਅਮਨਦੀਪ ਹਾਂਸ ਤੇ ਬਲਜਿੰਦਰ ਕੋਟਭਾਰਾ ਨੇ ਉਨ੍ਹਾਂ ਦੇ ਸਹਿਯੋਗ ਨਾਲ ਜਲੰਧਰ ਵਿੱਚ 6 ਦਸੰਬਰ 2014 ਨੂੰ ਇਸ ਫ਼ਿਲਮ ਨੂੰ ਸ਼ੁਰੂ ਕਰਨ ਸਬੰਧੀ ਕਰਵਾਈ ਗਈ ਪ੍ਰੈਸ ਕਾਨਫ਼ਰੰਸ ਦੀਆਂ ਖ਼ਬਰਾਂ ਦੀਆਂ ਕਾਪੀਆਂ ਵੀ ਪੱਤਰਕਾਰਾਂ ਨੂੰ ਸਬੂਤ ਦੇ ਤੌਰ ‘ਤੇ ਦਿੱਤੀਆਂ। ਉਨ੍ਹਾਂ ਕਿਹਾ ਕਿ ਸ਼ਹੀਦ ਦੇ ਪਰਿਵਾਰ ਨਾਲ ਵੀ ‘ਰਾਇਲ ਫ਼ਿਲਮਜ਼’ ਵੱਲੋਂ ਧੋਖਾ ਕੀਤਾ ਗਿਆ ਹੈ, ਜਰੂਰਤ ਪੈਣ ‘ਤੇ ਖ਼ੋਜਕਰਤਾ ਬਤੌਰ ਗਵਾਹ ਪਰਿਵਾਰ ਦੇ ਹੱਕ ਵਿੱਚ ਭੁਗਤਣਗੇ, ਸ਼ਹੀਦ ਤੂਫ਼ਾਨ ਤੇ ਉਨ੍ਹਾਂ ਦੇ ਪਰਿਵਾਰ ਦਾ ਅਪਮਾਨ ਬਰਦਾਸ਼ਤ ਨਹੀਂ ਕੀਤਾ ਜਾਵੇਗਾ।
ਖ਼ੋਜ ਕਰਤਾਵਾਂ ਨੇ ਇਹ ਵੀ ਦੱਸਿਆ ਕਿ ਹਲਫ਼ੀਆ ਬਿਆਨ ਦੀ ਤੀਜੀ ਲਾਈਨ ਵਿੱਚ ਸਾਫ਼ ਲਿਖਿਆ ਕਿ ਫ਼ਿਲਮ ਪਹਿਲਾਂ ਪਰਿਵਾਰ ਨੂੰ ਦਿਖਾਉਣ ਮਗਰੋਂ ਹੀ ਜਾਰੀ ਕੀਤੀ ਜਾਵੇਗੀ, ਪਰ ਦਿਲਬਾਗ ਸਿੰਘ ਆਪ ਹੁਦਰੀਆਂ ਕਾਰਵਾਈਆਂ ਕਰਦਿਆਂ ਪਰਿਵਾਰ ਨੂੰ ਬਿਨ੍ਹਾ ਦਿਖਾਏ ਹੀ ਫ਼ਿਲਮ ਰਿਲੀਜ਼ ਕਰਨ ਜਾ ਰਿਹਾ ਹੈ, ਫਿਲਮ ਵਿੱਚ ਇਤਰਾਜਯੋਗ ਦ੍ਰਿਸ਼ਾਂ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ ਜੋ ਕਿ ਸ਼ਹੀਦ ਭਾਈ ਤੂਫ਼ਾਨ ਤੇ ਉਸ ਦੇ ਪਰਿਵਾਰ ਦਾ ਅਪਮਾਨ ਹੈ ਜੋ ਕਿ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਅਮਨਦੀਪ ਹਾਂਸ ਤੇ ਬਲਜਿੰਦਰ ਕੋਟਭਾਰਾ ਨੇ ਇਹ ਵੀ ਦੋਸ਼ ਲਗਾਏ ਕਿ ਦਿਲਬਾਗ ਸਿੰਘ ਕਾਰਸਤਾਨੀ ਕਰਦੇ ਹੋਇਆ ਸ਼ਹੀਦ ਦੇ ਪਰਿਵਾਰ ਦੁਆਲੇ ਅਜਿਹਾ ਸਾਜ਼ਿਸ਼ਾਂ ਦਾ ਘੇਰਾ ਵਗਲ ਦਿੱਤਾ ਕਿ ਉਨ੍ਹਾਂ ਨੂੰ ਇਕੱਲਾ ਕਰ ਦਿੱਤਾ ਤੇ ਗਵਾਹਾਂ ਨੂੰ ਦੂਰ ਕਰਕੇ ਮਨ ਮਰਜ਼ੀਆਂ ਕੀਤੀਆਂ ਜਾਣ ਪਰ ਖ਼ੋਜ ਕਰਤਾਵਾਂ ਨੇ ਕਿਹਾ ਕਿ ਇਸ ਮਸਲੇ ‘ਤੇ ਹਲਫ਼ੀਆ ਬਿਆਨ ਵਿੱਚ ਗਵਾਹੀ ਦੇ ਤੌਰ ‘ਤੇ ਪਰਿਵਾਰ ਨਾਲ ਖੜੇ ਹਨ।
Check Also
ਚੇਅਰਮੈਨ ਰਿੰਟੂ ਨੇ ਉਤਰੀ ਵਿਧਾਨ ਸਭਾ ਹਲਕੇ ‘ਚ ਵਿਕਾਸ ਕਾਰਜ਼ਾਂ ਦਾ ਕੀਤਾ ਉਦਘਾਟਨ
ਅੰਮ੍ਰਿਤਸਰ, 11 ਅਪ੍ਰੈਲ (ਸੁਖਬੀਰ ਸਿੰਘ) – ਵਿਧਾਨ ਸਭਾ ਹਲਕੇ ਅੰਮ੍ਰਿਤਸਰ ਉੱਤਰੀ ਦੇ ਆਮ ਆਦਮੀ ਪਾਰਟੀ …
Punjab Post Daily Online Newspaper & Print Media