ਅੰਮ੍ਰਿਤਸਰ, 30 ਜੂਨ (ਪੰਜਾਬ ਪੋਸਟ ਬਿਊਰੋ) – ਬਾਬਾ ਬੰਦਾ ਸਿੰਘ ਬਹਾਦਰ ਜੀ ਦੀ ਸ਼ਹਾਦਤ ਸ਼ਤਾਬਦੀ ਮਨਾਉਂਦਿਆਂ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜਨਰਲ ਸਕੱਤਰ ਮਨਜਿੰਦਰ ਸਿੰਘ ਸਿਰਸਾ ਵਲੋਂ ਤਕਨੀਕੀ ਵਿਧੀ ਨਾਲ ਬਾਬਾ ਬੰਦਾ ਸਿੰਘ ਬਹਾਦਰ ਜੀ ਦੀ ਵਾਰਤਾਲਾਪ ਪ੍ਰਧਾਨ ਮੰਤਰੀ ਨਾਲ ਕਰਵਾਏ ਜਾਣ ਦਾ ਐਲਾਨ ਕੀਤਾ ਗਿਆ ਹੈ, ਜੋ ਕਿ ਸਰਾਸਰ ਸਿੱਖੀ ਸਿਧਾਂਤਾਂ ਦੇ ਉਲਟ ਹੈ ਅਤੇ ਮਹਾਨ ਸ਼ਹੀਦਾਂ ਦੇ ਰੁਤਬੇ ਨੂੰ ਰੋਲਣ ਵਾਲੀ ਕਾਰਵਾਈ ਹੈ।ਇਸ ਨਾਲ ਸਿੱਖ ਪੰਥ ਦੇ ਹਿਰਦੇ ਵਲੂੰਧਰੇ ਗਏ ਹਨ।ਇਸ ਤੋਂ ਪਹਿਲਾਂ ਵੀ ਸਿਰਸਾ ਵਲੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਅਤੇ ਸਿੱਖ ਸੰਗਤਾਂ ਦੇ ਭਾਰੀ ਇਕੱਠ ਵਿਚ ਇਕ ਨਾਮਧਾਰੀ ਸੰਪਰਦਾ ਦੇ ਵਿਅਕਤੀ ਨੂੰ ਸਤਿਗੁਰੂ ਕਹਿ ਕੇ ਸੰਬੋਧਨ ਕੀਤਾ ਗਿਆ ਸੀ।ਜਿਸ ਲਈ ਇਸ ਨੂੰ ਭਾਰੀ ਵਿਰੋਧ ਦਾ ਸਾਹਮਣਾ ਕਰਨਾ ਪਿਆ ਸੀ।ਪੰਥਕ ਤਾਲਮੇਲ ਸੰਗਠਨ ਦੇ ਕਨਵੀਨਰ ਗਿਆਨੀ ਕੇਵਲ ਸਿੰਘ ਸਾਬਕਾ ਜਥੇਦਾਰ ਤਖਤ ਸ੍ਰੀ ਦਮਦਮਾ ਸਾਹਿਬ ਅਤੇ ਸੰਸਥਾਵਾਂ ਦੇ ਸਾਂਝੇ ਸੰਗਠਨ ਦੀ ਕੋਰ ਕਮੇਟੀ ਮੈਂਬਰਾਨ ਜਸਵਿੰਦਰ ਸਿੰਘ ਐਡਵੋਕੇਟ ਅਕਾਲ ਪੁਰਖ ਕੀ ਫੌਜ, ਹਰਜੀਤ ਸਿੰਘ ਸੰਪਾਦਕ ਸਿੱਖ ਫੁਲਵਾੜੀ ਸਿੱਖ ਮਿਸ਼ਨਰੀ ਕਾਲਜ, ਪਰਮਿੰਦਰਪਾਲ ਸਿੰਘ ਖਾਲਸਾ ਸੁਰਿੰਦਰਪਾਲ ਸਿੰਘ ਗੋਲਡੀ ਸਿੱਖ ਸੇਵਕ ਸੁਸਾਇਟੀ ਇੰਟਰਨੈਸ਼ਨਲ, ਰਾਣਾ ਇੰਦਰਜੀਤ ਸਿੰਘ ਗੁਰਮਤਿ ਗਿਆਨ ਮਿਸ਼ਨਰੀ ਕਾਲਜ, ਖੁਸ਼ਹਾਲ ਸਿੰਘ ਕੇਂਦਰੀ ਸ੍ਰੀ ਗੁਰੂ ਸਿੰਘ ਸਭਾ, ਸੁਰਿੰਦਰਜੀਤ ਸਿੰਘ ਪਾਲ ਕੇਸ ਸੰਭਾਲ ਪ੍ਰਚਾਰ ਸੰਸਥਾ, ਅਮਰਜੀਤ ਸਿੰਘ ਸਾਹਿਬਜ਼ਾਦਾ ਜੁਝਾਰ ਸਿੰਘ ਮਿਸ਼ਨਰੀ ਕਾਲਜ, ਸਰਮੁਖ ਸਿੰਘ ਗੁਰਮਤਿ ਪ੍ਰਚਾਰ ਟਰੱਸਟ, ਮਹਿੰਦਰ ਸਿੰਘ ਭਾਈ ਘਨੱਈਆ ਸੇਵਾ ਦਲ, ਕੁਲਵੰਤ ਸਿੰਘ ਸਿੱਖ ਫਰੰਟ, ਰਸ਼ਪਾਲ ਸਿੰਘ ਸ਼ੁਭ ਕਰਮਨ ਸੁਸਾਇਟੀ, ਜਸਬੀਰ ਸਿੰਘ ਸੁਖਮਨੀ ਸਾਹਿਬ ਸੁਸਾਇਟੀਆਂ, ਸੁਲੋਚਨਬੀਰ ਸਿੰਘ ਵਿਰਸਾ ਫਾਊਂਡੇਸ਼ਨ ਅਤੇ ਕਰਤਾਰ ਸਿੰਘ ਗਿੱਲ ਇੰਟਰਨੈਸ਼ਨਲ ਸਿੱਖ ਕਨਫੈਡਰੇਸ਼ਨ ਨੇ ਉਕਤ ਵਿਚਾਰ ਪ੍ਰਗਟਾਉਂਦਿਆਂ ਕਿਹਾ ਹੈ ਕਿ ਆਏ ਦਿਨ ਸਿੱਖੀ ਸਿਧਾਂਤਾਂ ਦੇ ਉਲਟ ਹੋ ਰਹੀ ਕਾਰਗੁਜ਼ਾਰੀ ਨਾਲ ਇਸ ਵਿਅਕਤੀ ਅਤੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਉਪਰ ਕਈ ਸ਼ੰਕੇ ਪੈਦਾ ਹੋ ਰਹੇ ਹਨ। ਕਮੇਟੀ ਪ੍ਰਧਾਨ ਮਨਜੀਤ ਸਿੰਘ ਜੀ.ਕੇ ਜੋ ਕਿ ਜਥੇਦਾਰ ਸੰਤੋਖ ਸਿੰਘ ਦੇ ਸਪੁੱਤਰ ਹਨ ਅਤੇ ਪੰਥ ਦਰਦੀ ਪਿਛੋਕੜ ਰੱਖਦੇ ਹਨ, ਉਹਨਾਂ ਦੀ ਅਗਵਾਈ ਵਿਚ ਹੋ ਰਹੀਆਂ ਕਾਲੀਆਂ ਕਰਤੂਤਾਂ ਨੇ ਕੌਮ ਨੂੰ ਭਾਰੀ ਨਿਰਾਸ਼ ਕਰ ਦਿੱਤਾ ਹੈ, ਕਿਉਂਕਿ ਚਾਪਲੂਸੀ ਦੇ ਸਭ ਹੱਦ ਬੰਨੇ ਟੱਪੇ ਜਾ ਚੁੱਕੇ ਹਨ।ਆਗੂਆਂ ਨੇ ਕਿਹਾ ਕਿ ਬਿਨਾਂ ਸ਼ੱਕ ਕੌਮ ਦੀ ਖਾਮੋਸ਼ੀ ਅਤੇ ਅਵੇਸਲੇਪਨ ਕਾਰਣ ਗੁਰਦੁਆਰਿਆਂ ਉੱਪਰ ਸਿਆਸਤ ਕਾਬਜ਼ ਹੋ ਚੁੱਕੀ ਹੈ।ਪਰ ਇਹ ਭਰਮ ਭੁਲੇਖਾ ਕੱਢ ਦੇਣਾ ਚਾਹੀਦਾ ਹੈ ਕਿ ਕੌਮ ਕੋਲ ਤਖਤਾਂ ਤੇ ਜਥੇਦਾਰ ਨਹੀਂ ਹਨ ਅਤੇ ਕੌਮ ਮਰ ਚੁੱਕੀ ਹੈ। ਕੌਮ ਜ਼ਿਊਂਦੀ ਹੈ ਅਤੇ ਕੌਮ ਦੀ ਅਗਵਾਈ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਕਰ ਰਹੇ ਹਨ।ਖਾਲਸਾ ਪੰਥ ਨਾ ਤਾਂ ਕਿਸੇ ਦੀ ਡਿਕਟੇਟਰਸ਼ਿਪ ਨੂੰ ਪ੍ਰਵਾਨ ਕਰੇਗਾ ਅਤੇ ਨਾ ਹੀ ਸਿੱਖੀ ਅਸੂਲਾਂ ਦੇ ਘਾਣ ਦੀਆਂ ਕਾਰਵਾਈਆਂ ਨੂੰ ਸਹਿਣ ਕਰੇਗਾ।
Check Also
ਗੁਰੂ ਨਾਨਕ ਦੇਵ ਯੂਨੀਵਰਸਿਟੀ ਕਾਲਜ ਵੇਰਕਾ ਵਿਖੇ ਬੂਟੇ ਲਗਾ ਕੇ ਦਿੱਤਾ ਵਾਤਾਵਰਣ ਨੂੰ ਸੰਭਾਲਣ ਦਾ ਸੰਦੇਸ਼
ਅੰਮ੍ਰਿਤਸਰ, 30 ਜੁਲਾਈ (ਸੁਖਬੀਰ ਸਿੰਘ ਖੁਰਮਣੀਆਂ) – ਵਾਈਸ ਚਾਂਸਲਰ ਪ੍ਰੋ. ਕਰਮਜੀਤ ਸਿੰਘ ਦੇ ਵਿਸ਼ੇਸ਼ ਉਦਮ …
Punjab Post Daily Online Newspaper & Print Media