Tuesday, August 11, 2026

ਐਸ. ਸੀ ਕਮਿਸ਼ਨ ਨੇ ਦੌਰੇ ਮੌਕੇ ਜੇਲ ਸੁਪਰਡੈਂਟ ਤੇ ਜੀ.ਐਮ ਇੰਡਸਟਰੀ ਦੀ ਗੈਰ ਹਾਜ਼ਰੀ ‘ਤੇ ਕੀਤੀ ਖਿਚਾਈ!

ਪਠਾਨਕੋਟ, 30 ਜੂਨ (ਪੰਜਾਬ ਪੋਸਟ ਬਿਊਰੋ) – ਪੰਜਾਬ ਰਾਜ ਅਨੁਸੂਚਿਤ ਜਾਤੀਆਂ ਕਮਿਸ਼ਨ ਦੇ ਮੈਂਬਰ ਡਾ: ਤਰਸੇਮ ਸਿੰਘ ਸਿਆਲਕਾ ਨੇ ਅੱਜ ਇਥੇ ਦੂਸਰੇ ਪੜਾਅ ਦੇ ਦੌਰੇ ਦੌਰਾਨ ਜ਼ਿਲ੍ਹੇ ਭਰ ਦੇ ਵੱਖ ਵੱਖ ਵਿਭਾਗਾਂ ਦੇ ਅਧਿਕਾਰੀਆਂ ਨਾਲ ਮੀਟਿੰਗ ਕੀਤੀ।ਜ਼ਿਲ੍ਹਾ ਭਲਾਈ ਅਫਸਰ ਪਠਾਨਕੋਟ ਸੁਖਵਿੰਦਰ ਸਿੰਘ ਘੁੰਮਣ ਦੀ ਨਿਗਰਾਨੀ ਹੇਠ ਸਵੀਮਿੰਗ ਪੂਲ ਦੇ ਮੀਟਿੰਗ ਹਾਲ ਵਿਖੇ ਹਾਜ਼ਰ ਅਫਸਰਾਂ ਨਾਲ ਮੀਟਿੰਗ ‘ਚ ਉਨਾ੍ਹਂ ਨੇ ਅਫਸਰ ਸਾਹਿਬਾਨਾ ਨੂੰ ਹਦਾਇਤ ਕੀਤੀ ਕਿ ਕਮਿਸ਼ਨ ਵਲੋਂ ਜਿਸ ਵੀ ਅਫਸਰ ਨੂੰ ਸੱਦਿਆ ਜਾਵੇ ਉਸ ਅਫਸਰ ਦੀ ਹਾਜਰੀ ਜ਼ਰੂਰੀ ਹੋਣੀ ਚਾਹੀਦੀ ਹੈ।ਉਨਾਂ ਨੇ ਜੇਲ੍ਹ ਸੁਪਰਡੰਟ ਪਠਾਨਕੋਟ ਅਤੇ ਜੀ.ਐਮ ਇੰਡਸਟਰੀ ਵਲੋਂ ਗੈਰ ਹਾਜ਼ਰ ਹੋਣ ਤੇ ਨੋਟਿਸ ਲੈਂਦਿਆਂ ਚੇਤਾਵਨੀ ਦਿੱਤੀ ਹੈ ਕਿ ਜੇਕਰ ਉਕਤ ਅਧਿਕਾਰੀ ਇਥੇ ਅਗਲੀ ਹੋਣ ਵਾਲੀ ਸੁਣਵਾਈ ਮੌਕੇ ਗੈਰ ਹਾਜ਼ਰ ਰਹੇ ਤਾਂ ਕਮਿਸ਼ਨ ਪੰਜਾਬ ਨੂੰ ਇੰਨਾ੍ਹਂ ਖਿਲਾਫ ਬਣਦੀ ਕਾਰਵਾਈ ਲਈ ਰੀਪੋਰਟ ਭੇਜੇਗਾ।ਇਸ ਮੌਕੇ ਉਨਾ੍ਹਂ ਨੇ ਜੇਲ੍ਹ ਸੁਪਰਡੰਟ ਨੂੰ ਹਦਾਇਤ ਕੀਤੀ ਹੈ ਕਿ ਉਹ ਜੇਲ੍ਹ ਵਿੱਚ ਸਜਾਵਾਂ ਭੁਗਤ ਚੁੱਕੇ ਅਨੁਸੂਚਿਤ ਜਾਤੀ ਭਾਈਚਾਰੇ ਦੇ ਲੋਕਾਂ ਦੀ ਸੂਚੀ ਤਿਆਰ ਕਰਨ ਅਤੇ ਦਲਿਤ ਕੈਦੀਆਂ/ਹਵਾਲਾਤੀਆਂ ਦੇ ਕੇਸਾਂ ਦੀ ਰੀਪੋਰਟ 11 ਜੁਲਾਈ ਨੂੰ ਲੈ ਕੇ ਕਮਿਸ਼ਨ ਦੇ ਪੇਸ਼ ਹੋਣ।
ਇਸੇ ਤਰ੍ਹਾਂ ਉਨਾਂ ਨੇ ਇੰਡਸਟਰੀ ਜੀਐਮ ਅਤੇ ਲੇਬਰ ਕਮਿਸ਼ਨਰ ਨੂੰ ਹਦਾਇਤ ਕੀਤੀ ਹੈ ਕਿ ਆਪੋ ਆਪਣੇ ਵਿਭਾਗ ਦੀ ਰੀਪੋਰਟ ਤਿਆਰ ਕਰਕੇ ਕਮਿਸ਼ਨ ਦੇ ਪੇਸ਼ ਕਰਨ ਜਿਸ ਵਿੱਚ ਦਲਿਤ ਕਾਮਿਆਂ ਨੂੰ ਦਿੱਤੀ ਜਾਂਦੀ ਰਿਆਇਤ ਅਤੇ ਸਹੂਲਤ ਦੀ ਜਾਣਕਾਰੀ ਦੇਣ।ਪੁਲੀਸ ਵਿਭਾਗ ਦੇ ਮੌਜੂਦ ਡੀਐਸਪੀ ਹਰਦੀਪ ਕੁਮਾਰ ਨੂੰ ਹਦਾਇਤ ਕੀਤੀ ਹੈ ਕਿ ਜ਼ਿਲ੍ਹੇ ਵਿਚਲੇ ਵੱਖ ਵੱਖ ਥਾਂਣਿਆਂ ‘ਚ ਐਸਸੀਐਸਟੀ ਐਕਟ ਦੀ ਧਾਰਾ 1989 ਤਹਿਤ ਦਰਜ ਮੁਕੱਦਮਿਆਂ ਦੀ ਸਥਿਤੀ ਬਾਰੇ ਥਾਣਾ ਮੁੱਖੀ ਰੀਪੋਰਟ ਲ਼ੇ ਕੇ ਆਪ ਪੇਸ਼ ਹੋਣ।ਉਨਾਂ ਨੇ ਪੁਲੀਸ ਵਿਭਾਗ ਤਾੜਨਾ ਕੀਤੀ ਹੈ ਕਿ ਐਫ ਆਈ ਆਰ ਦਰਜ ਕਰਨ ਮੌਕੇ ਜਾਤ ਦਾ ਵੇਰਵਾ ਦੇਣ ਤੋਂ ਗੁਰੇਜ਼ ਕੀਤਾ ਜਾਵੇ ਅਤੇ ਤਸਦੀਕ ਵੇਲੇ ਪਿੰਡ ਤੋਂ ਪੜਤਾਲ ਕਰਵਾਈ ਜਾਵੇ।ਸਿਵਲ ਪ੍ਰਸਾਸ਼ਨ ਨੂੰ ਵੀ ਹਦਾਇਤ ਕੀਤੀ ਹੈ ਕਿ ਜਾਤੀ ਸਾਰਟੀਫੀਕੇਟ ਬਣਾਉਂਣ ਵੇਲੇ ਮੱਜ੍ਹਬੀ ਦੇ ਨਾਲ ਸਿੱਖ ਜ਼ਰੂਰ ਲਿਖਿਆ ਜਾਵੇ ਅਤੇ ਜਾਤੀ ਤਬਦੀਲ ਕਰਨ ਵਾਲੇ ਦੀ ਸ਼ਨਾਖਤ ਲਈ ਪਟਵਾਰੀ ਅਤੇ ਤਹਿਸੀਲਦਾਰ ਤੋਂ ਪੜਤਾਲ ਕਰਵਾਉਂਣ ਉਪਰੰਤ ਹੀ ਸਰਟੀਫੀਕੇਟ ਜਾਰੀ ਕੀਤਾ ਜਾਵੇ।
ਸਿਖਿਆ ਅਧਿਕਾਰੀ ਕੋਲੋਂ ਜੁਲਾਈ ਨੂੰ ਰੀਪੋਰਟ ਤਲਬ ਕੀਤੀ ਹੈ ਜਿਸ ਵਿੱਚ ਸਕੂਲਾਂ/ਕਾਲਜਾਂ ਅਤੇ ਨਿਜੀ ਵਿਦਿਅਕ ਸੰਸਥਾਂਵਾਂ ‘ਚ ਐਸਸੀ ਬੱਚਿਆਂ ਦੀ ਗਿਣਤੀ ਅਤੇ ਵਜੀਫਾ ਸਕੀਮ ਤਹਿਤ ਤਕਸੀਮ ਕੀਤੀ ਗਈ ਰਕਮ ਦਾ ਵੇਰਵਾ ਸਬੂਤ ਸਮੇਤ ਮੰਗਿਆ ਹੈ।ਅਗਲੀ ਪੇਸ਼ੀ ਮੌਕੇ ਸ਼ਿਕਾਇਤ ਕਰਤਾਵਾਂ ਦੀ ਹਾਜ਼ਰੀ ਯਕੀਨੀ ਬਣਾਉਂਣ ਲਈ ਪਿੰਡਾਂ ‘ਚ ਸਥਿਤ ਗੁਰਦੁਆਰਿਆਂ ‘ਚ ਅਨਾਊਂਸਮੈਂਟ ਕਰਵਾਉਂਣ ਆਂਗਨਵਾੜੀ ਵਰਕਰਾਂ ਅਤੇ ਦਰਜਾ ਚਾਰ ਕਰਮਚਾਰੀਆਂ ਤੋਂ ਸਹਿਯੋਗ ਲੈ ਕੇ ਕਮਿਸ਼ਨ ਦਾ ਸੱਦਾ ਘਰ ਘਰ ਪਹੁੰਚਾਇਆ ਜਾਵੇ ਤਾਂ ਕਿ 11 ਜੁਲਾਈ ਨੂੰ ਐਸਸੀ ਸਮੁਦਾਇ ਦੇ ਜ਼ਿਲ੍ਹਾ ਪ੍ਰੀਸ਼ਦ ਦੇ ਮੈਂਬਰ/ਬਲਾਕ ਸੰਮਤੀ ਮੈਂਬਰ/ਸਰਪੰਚ-ਪੰਚ ਅਤੇ ਪਾਰਟੀ ਦੇ ਐਸਸੀ ਵਿੰਗ ਦੇ ਆਹੁਦੇਦਾਰ ਹਾਜ਼ਰ ਹੋ ਸਕਣ।ਅੰਤ ਵਿੱਚ ਉਨਾਂ ਨੇ ਜ਼ਿਲ੍ਹਾ ਭਲਾਈ ਅਫਸਰ ਨੂੰ ਹਦਾਇਤ ਕੀਤੀ ਕਿ ਅੱਜ ਮਿਲੀਆਂ ਸ਼ਿਕਾਇਤਾਂ ਦੇ ਨਿਪਟਾਰੇ ਲਈ ਸਬੰਧਿਤ ਵਿਭਾਗਾਂ ਦੇ ਅਫਸਰ ਸਾਹਿਬਾਨਾ ਨਾਲ ਪੱਤਰ ਵਿਹਾਰ ਕਰਕੇ ਜਵਾਬ ਤਲਬੀ ਕੀਤੀ ਜਾਵੇ ਤਾਂ ਕਿ 11 ਜੁਲਾਈ ਨੂੰ ਅਫਸਰਾਂ ਦੀ ਪੁੱਛ ਪ੍ਰਤੀਤ ਕੀਤੀ ਜਾਵੇ। ਇਸ ਮੌਕੇ ਐਸਡੀਐਮ ਧਾਰ ਕਲਾਂ ਸ਼z ਗੁਰਜੀਤ ਸਿੰਘ,ਜ਼ਿਲ੍ਹਾ ਭਲਾਈ ਅਫਸਰ ਸ਼z ਸੁਖਵਿੰਦਰ ਸਿੰਘ ਘੁੰਮਣ, ਏਡੀਸੀ ਮਨਰੇਗਾ ਮੈਡਮ ਨਿਧੀ, ਡੀਐਸਐਸਓ ਰਜਿੰਦਰ ਸਿੰਘ,ਬੀਡੀਪੀਓ ਅਸ਼ੋਕ ਕੁਮਾਰ, ਡੀਐੈਫਐਸਸੀ ਮੰਗਲ ਦਾਸ, ਬਾਲ ਕਲਿਆਣ ਅਫਸਰ ਸੁਮਨ ਦੀਪ ਕੌਰ, ਲੇਬਰ ਇੰਸਪੈਕਟਰ ਮੈਡਮ ਪਰਮਜੀਤ ਕੌਰ,ਪ੍ਰਵੀਨ ਕੁਮਾਰੀ, ਐਸਸੀ ਕਾਰਪੋਰੇਸ਼ਨ ਸਰੋਜ ਬਾਲਾ, ਪੇਂਡੂ ਵਿਕਾਸ ਅਫਸਰ ਸੁਖਦੇਵ ਰਾਜ, ਭਲਾਈ ਵਿਭਾਗ ਵਲੋਂ ਸੀਨੀਅਰ ਸਹਾਇਕ ਆਸ਼ਾ ਰਾਣੀ ਅਤੇ ਮਿਸ ਸ਼ਿਪਰਾ,ਓਐਸਡੀ ਐਸਸੀ ਕਮਿਸ਼ਨ ਪੰਜਾਬ ਸਤਨਾਮ ਸਿੰਘ ਜੋਧਾ ਆਦਿ ਹਾਜਰ ਸਨ।

Check Also

ਖਾਲਸਾ ਕਾਲਜ ਗਵਰਨਿੰਗ ਕੌਂਸਲ ਨੇ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਦਾ ਪ੍ਰਕਾਸ਼ ਪੁਰਬ ਮਨਾਇਆ

ਅੰਮ੍ਰਿਤਸਰ, 9 ਅਗਸਤ  (ਸੁਖਬੀਰ ਸਿੰਘ ਖੁਰਮਣੀਆਂ)¸- ਖਾਲਸਾ ਕਾਲਜ ਗਵਰਨਿੰਗ ਕੌਂਸਲ ਵੱਲੋਂ ਅੱਜ ਅੱਠਵੀਂ ਪਾਤਸ਼ਾਹੀ ਸਾਹਿਬ …

Leave a Reply