Monday, March 16, 2026

ਖੇਤੀ ਵਿੱਚ ਬਦਲਾਵ ਲਿਆਉਣ ਲਈ ਵੈਬਸਾਇਟ ਤਿਆਰ ਕੀਤੀ

PPN1907201616

ਪਠਾਨਕੋਟ, 19 ਜੁਲਾਈ (ਪੰਜਾਬ ਪੋਸਟ ਬਿਊਰੋ)- ਪਠਾਨਕੋਟ ਜਿਲ੍ਹੇ ਅੰਦਰ ਖੇਤੀ ਵਿੱਚ ਬਦਲਾਵ ਲਿਆਉਣ ਲਈ ਖੇਤੀਬਾੜੀ ਨਾਲ ਸਬੰਧਤ ਵੈਬਸਾਇਟ ਤਿਆਰ ਕੀਤੀ ਜਾਵੇਗੀ, ਜਿਸ ਵਿੱਚ ਉਪਭੋਗਤਾ ਅਤੇ ਕਿਸਾਨਾਂ ਨੂੰ ਸ਼ਾਮਲ ਕੀਤਾ ਜਾਵੇਗਾ ਤਾਂ ਜੋਂ ਇਨ੍ਹਾਂ ਵਿੱਚ ਆਪਸੀ ਤਾਲਮੇਲ ਵੱਧ ਸਕੇ, ਇਸ ਤੋਂ ਇਲਾਵਾ ਵਿਸ਼ੇਸ਼ ਕੈਂਪ ਲਗਾ ਕੇ ਕਿਸਾਨਾਂ ਨੂੰ ਖੇਤੀਬਾੜੀ ਕਰਨ ਲਈ ਨਵੀਆਂ ਤਕਨੀਕਾਂ ਬਾਰੇ ਜਾਣੂ ਕਰਵਾਇਆ ਜਾਵੇਗਾ। ਇਹ ਜਾਣਕਾਰੀ ਸ੍ਰੀ ਅਮਿਤ ਕੁਮਾਰ ਡਿਪਟੀ ਕਮਿਸ਼ਨਰ ਨੇ ਸਥਾਨਕ ਸਵਿਮਿੰਗ ਪੂਲ ਕੰਪਲੈਕਸ ਦੇ ਮੀਟਿੰਗ ਹਾਲ ਵਿਖੇ ਜਿਲ੍ਹਾ ਖੇਤੀਬਾੜੀ ਉਤਪਾਦਨ ਕਮੇਟੀ ਦੀ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਦਿੱਤੀ।  ਇਸ ਮੀਟਿੰਗ ਵਿੱਚ ਹੋਰਨਾਂ ਤੋਂ ਇਲਾਵਾ ਸਰਵਸ੍ਰੀ ਸੁਰਿੰਦਰ ਸਿੰਘ ਵਧੀਕ ਡਿਪਟੀ ਕਮਿਸ਼ਨਰ(ਜ), ਗੁਰਪ੍ਰਤਾਪ ਸਿੰਘ ਨਾਗਰਾ ਵਧੀਕ ਡਿਪਟੀ ਕਮਿਸ਼ਨਰ (ਵਿਕਾਸ), ਗੁਰਜੀਤ ਸਿੰਘ ਐਸ.ਡੀ.ਐਮ. ਧਾਰਕਲਾਂ, ਕੁਲਦੀਪ ਸਿੰਘ ਜਿਲ੍ਹਾ ਵਿਕਾਸ ਤੇ ਪੰਚਾਇਤ ਅਫਸਰ, ਪਾਲ ਸਿੰਘ ਜਿਲ੍ਹਾ ਲੋਕ ਸੰਪਰਕ ਅਧਿਕਾਰੀ, ਪ੍ਰਦੀਪ ਕੁਮਾਰ ਡੀ.ਐਸ.ਪੀ.(ਹੈਡਕਵਾਟਰ),  ਡਾ. ਹਰਿੰਦਰ ਸਿੰਘ ਬੈਂਸ ਖੇਤੀਬਾੜੀ ਅਫਸਰ, ਹਰਪ੍ਰੀਤ ਸਿੰਘ ਅਤੇ ਜਗਦੀਪ ਸਿੰਘ ਡਿਪਟੀ ਪ੍ਰੋਜੈਕਟ ਅਫਸਰ ਆਤਮਾ, ਗੁਰਿੰਦਰ ਸਿੰਘ ਰੰਧਾਵਾ ਸਹਾਇਕ ਮੱਛੀ ਪਾਲਣ ਅਫਸਰ ਅਤੇ ਅਗਾਹਵਧੂ ਕਿਸਾਨ ਹਾਜ਼ਰ ਸਨ।
ਡਿਪਟੀ ਕਮਿਸ਼ਨਰ ਨੇ ਮੀਟਿੰਗ ਨੂੰ ਸੰਬੋਧਨ ਕਰਦਿਆਂ ਖੇਤੀਬਾੜੀ ਵਿਭਾਗ ਅਤੇ ਸਬੰਧਤ ਵਿਭਾਗਾਂ ਦੇ ਅਧਿਕਾਰੀਆਂ ਨੂੰ ਕਿਹਾ ਕਿ ਉਹ ਸਰਕਾਰ ਵੱਲੋਂ ਕਿਸਾਨਾਂ ਦੀ ਭਲਾਈ ਲਈ ਬਣਾਈਆਂ ਗਈਆਂ ਸਕੀਮਾਂ ਦਾ ਲਾਭ ਉਨ੍ਹਾਂ ਤੱਕ ਪਹੁੰਚਾਉਣ ਅਤੇ ਖੇਤੀਬਾੜੀ ਦੀਆਂ ਨਵੀਆਂ ਤਕਨੀਕਾਂ ਬਾਰੇ ਕਿਸਾਨਾਂ ਨੂੰ ਜਾਗਰੂਕ ਕਰਨ ਲਈ ਦੁਰ ਦੁਰਾਡੇ ਦੇ ਪਿੰਡਾਂ ਵਿੱਚ ਕਿਸਾਨ ਸਿਖਲਾਈ ਕੈਂਪ ਲਗਾਉਣ। ਉਨ੍ਹਾਂ ਕਿਹਾ ਕਿ ਇਸ ਤੋਂ ਇਲਾਵਾ ਕਿਸਾਨਾਂ ਨੂੰ ਫਸਲੀ ਚੱਕਰ ਵਿੱਚੋਂ ਬਾਹਰ ਕੱਢਣ ਲਈ ਅਤੇ ਹੋਰ ਨਵੀਆਂ ਫਸਲਾਂ ਦੀ ਪੈਦਾਵਾਰ ਕਰਨ ਲਈ ਵੀ ਜਾਗਰੁਕ ਕੀਤਾ ਜਾਵੇ ਤਾਂ ਜੋਂ ਖੇਤੀ ਦੇੇ ਖੇਤਰ ਅੰਦਰ ਜਿਲ੍ਹਾ ਪਠਾਨਕੋਟ ਵਿੱਚ ਵੀ ਬਦਲਾਵ ਲਿਆਂਉਂਦਾ ਜਾਵੇ।
ਡਾ. ਹਰਿੰਦਰ ਸਿੰਘ ਬੈਂਸ ਖੇਤੀਬਾੜੀ ਅਫਸਰ ਨੇ ਦੱਸਿਆ ਕਿ ਕਿਸਾਨਾਂ ਨੂੰ ਚਾਹੀਦਾ ਹੈ ਕਿ ਸਮੇਂ ਸਿਰ ਫਸਲ ਬੀਜਣ ਤੋਂ ਪਹਿਲਾ ਮਿੱਟੀ ਦੀ ਪਰਖ ਜਰੂਰ ਕਰਵਾਉਣ। ਉਨ੍ਹਾਂ ਦੱਸਿਆ ਕਿ ਮਿੱਟੀ ਪਰਖ ਕਾਰਡ ਦੀ ਮਿਆਦ ਤਿੰਨ ਸਾਲ ਹੁੰਦੀ ਹੈ ਅਤੇ ਕਿਸਾਨਾਂ ਨੂੰ ਮਿੱਟੀ ਪਰਖ ਕਰਵਾਉਣ ਲਈ ਵਿਭਾਗ ਵੱਲੋਂ ਪਿੰਡ ਪਿੰਡ ਕੈਂਪ ਲਗਾ ਕੇ ਜਾਗਰੂਕ ਕੀਤਾ ਜਾ ਰਿਹਾ ਹੈ। ਉਨ੍ਹਾਂ ਨੇ ਦੱਸਿਆ ਕਿ ਬੀਜਾਂ ਦੇ ਸੈਪਲ ਲੈਣ ਸਬੰਧੀ ਵਿਭਾਗ ਵੱਲੋਂ 30 ਪ੍ਰਤੀਸਤ ਅਤੇ ਸਰਵਿਸ ਤਹਿਤ ਕੁੱਲ ਪ੍ਰਗਤੀ ਦਾ 70 ਪ੍ਰਤੀਸ਼ਤ ਟੀਚਾ ਪੂਰਾ ਕਰ ਲਿਆ ਗਿਆ ਹੈ। ਉਨ੍ਹਾਂ ਦੱਸਿਆ ਕਿ ਸੀ.ਡੀ.ਪੀ. ਸਕੀਮ ਅਧੀਨ ਹੁਣ ਤੱਕ ਮੱਕੀ ਦੀਆਂ ਕੁੱਲ 240  ਪ੍ਰਦਰਸ਼ਨੀਆਂ ਲਗਾਈਆਂ ਗਈਆਂ ਹਨ। ਜਿਸ ਵਿੱਚ ਮੱਕੀ ਦਾ ਬੀਜ 1680 ਰੁਪਏ ਪ੍ਰਤੀ ਹੈਕਟੇਅਰ (84 ਰੁਪਏ ਪ੍ਰਤੀ ਕਿਲੋ ) ਦੇ ਹਿਸਾਬ ਨਾਲ ਦਿੱਤਾ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਇਸ ਦੇ ਨਾਲ ਹੀ ਨਦੀਨ ਨਾਸ਼ਕ 500 ਰੁਪਏ ਪ੍ਰਤੀ ਹੈਕਟੇਅਰ, ਕੀਟਨਾਸਕ 500 ਰੁਪਏ ਪ੍ਰਤੀ ਹੈਕਟੇਅਰ ਸਬਸਿਡੀ ਤੇ ਦਿੱਤਾ ਜਾ ਰਿਹਾ ਹੈ।
ਪੰੰਜਾਬ ਸਰਕਾਰ ਵੱਲੋਂ ਕਿਸਾਨਾਂ ਦੀ ਭਲਾਈ ਲਈ ਚਲਾਈਆਂ ਜਾ ਰਹੀਆਂ ਸਕੀਮਾਂ ਬਾਰੇ ਜਾਣਕਾਰੀ ਦਿੰਦਿਆਂ ਸ਼੍ਰੀ ਬੈਂਸ ਨੇ ਦੱਸਿਆ ਕਿ ਕਿਸਾਨਾਂ ਨੂੰ ਖੇਤੀਬਾੜੀ ਦੀਆਂ ਆਧੁਨਿਕ ਤਕਨੀਕਾਂ ਬਾਰੇ ਜਾਣਕਾਰੀ ਦੇਣ ਲਈ ਜਿਲ੍ਹਾ ਪੱਧਰ ਦਾ ਇਕ, ਬਲਾਕ ਪੱਧਰ ਦੇ 4 ਅਤੇ ਪਿੰਡ ਪੱਧਰ ਦੇ 54 ਕੈਂਪ ਲਗਾ ਕੇ 3226 ਕਿਸਾਨਾਂ ਨੂੰ ਸਿਖਲਾਈ ਦਿੱਤੀ ਗਈ। ਉਨ੍ਹਾਂ ਦੱਸਿਆ ਕਿ ਪਿਛਲੇ ਮਹੀਨਿਆਂ ਦੌਰਾਨ ਭੌ-ਪਰਖ ਕਰਨ ਲਈ ਮਿੱਟੀ ਦੇ 719 ਸੈਂਪਲ ਲਏ ਗਏ ਅਤੇ ਇਨ੍ਹਾ ਸਾਰੇ ਸੈਂਪਲਾਂ ਦਾ ਭੌ-ਪਰਖ ਲਬ੍ਰਾਰਟਰੀ ਰਾਹੀ ਪ੍ਰੀਖਣ ਕੀਤਾ ਗਿਆ। ਮੀਟਿੰਗ ਵਿੱਚ ਹਾਜਰ ਖੇਤੀਬਾੜੀ ਨਾਲ ਸਬੰਧਤ ਵਿਭਾਗਾਂ ਦੇ  ਅਧਿਕਾਰੀਆਂ ਨੇ ਉਨ੍ਹਾਂ ਵੱਲੋਂ ਪਿਛਲੇ ਮਹੀਨੇ ਦੌਰਾਨ ਕੀਤੀ ਗਈ ਪ੍ਰਗਤੀ ਬਾਰੇ ਵਿਸਥਾਰਪੂਰਵਕ ਜਾਣਕਾਰੀ ਦਿੱਤੀ।

Check Also

ਦਿੱਲੀ ਦੇ ਉਪ ਰਾਜਪਾਲ ਤਰਨਜੀਤ ਸਿੰਘ ਸੰਧੂ ਨੇ ਗੁ. ਟਾਹਲਾ ਸਾਹਿਬ ਵਿਖੇ ਕੀਤਾ ਸ਼ੁਕਰਾਨਾ

ਅੰਮ੍ਰਿਤਸਰ, 16 ਮਾਰਚ (ਸੁਖਬੀਰ ਸਿੰਘ) – ਦਿੱਲੀ ਦੇ ਉਪ ਰਾਜਪਾਲ ਨਿਯੁੱਕਤ ਹੋਣ ਤੋਂ ਬਾਅਦ ਪਹਿਲੀ …

Leave a Reply