
ਅੰਮ੍ਰਿਤਸਰ 19 ਜੂਨ (ਗੁਰਪ੍ਰੀਤ ਸਿੰਘ ਸੱਗੂ) – ਦਸਮ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ 350ਵੇਂ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸ੍ਰੀ ਪਾਉਂਟਾ ਸਾਹਿਬ ਵਿਖੇ ਕਰਵਾਏ ਜਾਣ ਵਾਲੇ ਸੰਮੇਲਨ ਦੀਆਂ ਤਿਆਰੀਆਂ ਸਬੰਧੀ ਸਬ-ਕਮੇਟੀ ਦੀ ਇੱਕ ਵਿਸ਼ੇਸ਼ ਇਕੱਤਰਤਾ ਸ੍ਰੀ ਗੁਰੂ ਗ੍ਰੰਥ ਸਾਹਿਬ ਵਿਸ਼ਵ ਯੂਨੀਵਰਸਿਟੀ, ਸ੍ਰੀ ਫਤਹਿਗੜ੍ਹ ਸਾਹਿਬ ਵਿਖੇ ਹੋਈ।ਮੀਟਿੰਗ ਵਿਚ ਸ਼੍ਰੋਮਣੀ ਕਮੇਟੀ ਦੇ ਅੰਤ੍ਰਿੰਗ ਮੈਂਬਰ ਰਜਿੰਦਰ ਸਿੰਘ ਮਹਿਤਾ, ਸਕੱਤਰ ਡਾ. ਰੂਪ ਸਿੰਘ, ਵਧੀਕ ਸਕੱਤਰ ਦਿਲਜੀਤ ਸਿੰਘ ‘ਬੇਦੀ’ ਤੇ ਸ. ਸੁਖਦੇਵ ਸਿੰਘ ਭੂਰਾ ਕੋਹਨਾ, ਡਾ. ਧਰਮਿੰਦਰ ਸਿੰਘ ਉੱਭਾ ਡਾਇਰੈਕਟਰ ਸਿੱਖਿਆ ਅਤੇ ਸ. ਸੁਰਜੀਤ ਸਿੰਘ ਪਾਤਰ ਸ਼ਾਮਲ ਹੋਏ।
ਮੀਟਿੰਗ ਵਿਚ ਲੰਮੀ ਵਿਚਾਰ-ਚਰਚਾ ਦੌਰਾਨ ਸੰਮੇਲਨ ਦੀ ਰੂਪ ਰੇਖਾ ਨੂੰ ਉਲੀਕਿਆ ਗਿਆ ਅਤੇ ਸ਼ਾਮਲ ਹੋਣ ਵਾਲੇ ਕਵੀਆਂ ਦੀਆਂ ਕਵਿਤਾਵਾਂ ‘ਤੇ ਨਜ਼ਰਸਾਨੀ ਕੀਤੀ ਗਈ। ਇਹ ਵੀ ਫੈਸਲਾ ਕੀਤਾ ਗਿਆ ਕਿ ਕਵੀ ਸੰਮੇਲਨ ਵਿਚ ਸ਼ਾਮਲ ਹੋਣ ਵਾਲੇ ਕਵੀਆਂ ਪਾਸੋਂ ਉਨ੍ਹਾਂ ਦੀਆਂ ਕਵਿਤਾਵਾਂ ਦੀ ਮੌਲਿਕਤਾ ਦੀ ਤਸਦੀਕ ਕਰਵਾਈ ਜਾਵੇਗੀ ਅਤੇ ਪਹਿਲਾਂ ਛਪ ਚੁੱਕੀਆਂ ਕਵਿਤਾਵਾਂ ਨੂੰ ਸ਼ਾਮਿਲ ਨਹੀਂ ਕੀਤਾ ਜਾਵੇਗਾ। ਕਵਿਤਾਵਾਂ ਦੀ ਇਤਿਹਾਸਕਤਾ ਵਾਚਣ ਲਈ ਸਿੱਖ ਚਿੰਤਕ ਡਾ. ਰੂਪ ਸਿੰਘ ਤੇ ਸ. ਦਿਲਜੀਤ ਸਿੰਘ ਬੇਦੀ ਨੂੰ ਜ਼ਿੰਮੇਵਾਰੀ ਦਿੱਤੀ ਗਈ ਅਤੇ ਕਾਵਿ ਪੱਖ ਵਿਚਾਰਨ ਲਈ ਡਾ. ਧਰਮਿੰਦਰ ਸਿੰਘ ਉੱਭਾ ਅਤੇ ਡਾ. ਸੁਰਜੀਤ ਸਿੰਘ ਪਾਤਰ ਨੂੰ ਕਾਰਜ ਦਿੱਤਾ ਗਿਆ। ਮੁਕੰਮਲ ਰੂਪ ਵਿਚ ਕਵਿਤਾਵਾਂ ਵਿਚਾਰਨ ਤੋਂ ਬਾਅਦ ਅਗਲੀ ਮੀਟਿੰਗ ਵਿਚ ਅੰਤਿਮ ਰੂਪ ਦੇਣ ਦਾ ਫੈਸਲਾ ਕੀਤਾ ਗਿਆ, ਜੋ ਮਿਤੀ 27 ਜੁਲਾਈ ਨੂੰ ਖਾਲਸਾ ਕਾਲਜ, ਪਟਿਆਲਾ ਵਿਖੇ ਹੋਵੇਗੀ। ਜ਼ਿਕਰਯੋਗ ਹੈ ਦਸਮ ਪਾਤਸ਼ਾਹ ਜੀ ਦੇ 350ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਇਹ ਕਵੀਂ ਸੰਮੇਲਨ 18 ਅਗਸਤ 2016 ਨੂੰ ਗੁ:ਸ੍ਰੀ ਪਾਉਂਟਾ ਸਾਹਿਬ ਵਿਖੇ ਕਰਵਾਇਆ ਜਾਵੇਗਾ, ਜਿਸ ਵਿਚ ਸ਼ਾਮਲ ਕਵੀਆਂ ਨੂੰ ਵਿਸ਼ੇਸ਼ ਸਨਮਾਨ ਦਿੱਤਾ ਜਾਵੇਗਾ ਅਤੇ ਇਨ੍ਹਾਂ ਕਵਿਤਾਵਾਂ ਨੂੰ ਕਿਤਾਬੀ ਰੂਪ ਵਿਚ ਵੀ ਪ੍ਰਕਾਸ਼ਿਤ ਕੀਤਾ ਜਾਵੇਗਾ।
ਇਸ ਮੌਕੇ ਤਬੀਰ ਸਿੰਘ ਸਾਬਕਾ ਸਕੱਤਰ, ਜਗਜੀਤ ਸਿੰਘ ਮੀਤ ਸਕੱਤਰ, ਮਨਜੀਤ ਸਿੰਘ ਇੰਚਾਰਜ, ਹਰਭਜਨ ਸਿੰਘ ਵਕਤਾ ਤੇ ਬਿਕਰਮਜੀਤ ਸਿੰਘ ਆਦਿ ਹਾਜ਼ਰ ਸਨ।
Check Also
ਭਗਤ ਰਵਿਦਾਸ ਜੀ ਦੀ 650 ਸਾਲਾ ਜਨਮ ਸ਼ਤਾਬਦੀ ਸਬੰਧੀ 18 ਫ਼ਰਵਰੀ ਨੂੰ ਅੰਮ੍ਰਿਤਸਰ ਅਤੇ 19-20 ਨੂੰ ਹੋਣਗੇ ਸ੍ਰੀ ਅਨੰਦਪੁਰ ਸਾਹਿਬ ਵਿਖੇ ਸਮਾਗਮ
ਅੰਮ੍ਰਿਤਸਰ, 30 ਅਕਤੂਬਰ (ਜਗਦੀਪ ਸਿੰਘ) – ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਭਗਤ ਰਵਿਦਾਸ ਜੀ ਦੀ …
Punjab Post Daily Online Newspaper & Print Media