Thursday, March 19, 2026

ਚਿੱਟੀ ਮੱਖੀ ਦੇ ਟਾਕਰੇ ਦੀ ਮੁਹਿੰਮ ਦੀ ਪੀ.ਏ.ਯੂ ਕਰ ਰਹੀ ਹੈ ਅਗਵਾਈ

PPN2107201606

ਬਠਿੰਡਾ, 21 ਜੁਲਾਈ (ਜਸਵਿੰਦਰ ਸਿੰਘ ਜੱਸੀ, ਅਵਤਾਰ ਸਿੰਘ ਕੈਂਥ)  -ਪੰਜਾਬ ਖੇਤੀਬਾੜੀ ਯੂਨੀਵਰਸਿਟੀ ਅਤੇ ਖੇਤੀਬਾੜੀ ਵਿਭਾਗ ਵੱਲੋਂ ਚਿੱਟੀ ਮੱਖੀ ਨੂੰ ਇਸ ਵਰ੍ਹੇ ਕਾਬੂ ਕਰਨ ਦੇ ਹਰ ਸੰਭਵ ਯਤਨ ਕੀਤੇ ਜਾ ਰਹੇ ਹਨ । ਪੰਜਾਬ ਅਤੇ ਹਰਿਆਣਾ ਵਿੱਚ ਚਿੱਟੀ ਮੱਖੀ ਨੂੰ ਕਾਬੂ ਕਰਨ ਲਈ ਇਹ ਮੁਹਿੰਮ ਬੀਤੇ ਸਾਲ ਉਦੋਂ ਸ਼ੁਰੂ ਹੋਈ ਜਦੋਂ ਹਰਿਆਣਾ ਸਰਕਾਰ ਨੇ ਮਾਹਰਾਂ ਦੀ ਇੱਕ ਕਮੇਟੀ ਗਠਿਤ ਕੀਤੀ ਅਤੇ ਪੀ ਏ ਯੂ ਦੇ ਵਾਈਸ ਚਾਂਸਲਰ ਡਾ. ਬਲਦੇਵ ਸਿੰਘ ਢਿੱਲੋਂ ਨੂੰ ਇਸ ਦਾ ਸਰਪ੍ਰਸਤ ਬਣਾਇਆ । ਕਮੇਟੀ ਵੱਲੋਂ ਤਿਆਰ ਕੀਤੀ ਵਿਸ਼ੇਸ਼ ਯੋਜਨਾ ਅਧੀਨ ਫਰਵਰੀ ਮਹੀਨੇ ਦੌਰਾਨ ਚਿੱਟੀ ਮੱਖੀ ਦੇ ਬਦਲਵੇਂ ਪੌਦਿਆਂ (ਨਦੀਨਾਂ) ਨੂੰ ਖਤਮ ਕੀਤਾ ਗਿਆ, ਨਰਮੇ ਦੀ ਫ਼ਸਲ ਵਿੱਚ ਸ਼ੁਰੂਆਤੀ ਦੌਰ ਦੌਰਾਨ ਨਿੰਮ ਅਧਾਰਿਤ ਸਪਰੇਆਂ ਵਰਤਣ ਲਈ ਕਿਹਾ ਅਤੇ ਉਸ ਤੋਂ ਬਾਅਦ ਜੇਕਰ ਹਮਲਾ ਵੱਧ ਹੋਵੇ ਤਾਂ ਰਸਾਇਣਿਕ ਸਪਰੇਆਂ ਦੀ ਵਰਤੋਂ ਕਰਨ ਦੀ ਸਿਫ਼ਾਰਿਸ਼ ਕੀਤੀ ਗਈ ।
ਪੰਜਾਬ ਸਰਕਾਰ ਵੱਲੋਂ ਇਕ ਹੋਰ ਅੰਤਰਰਾਜੀ ਕਮੇਟੀ 4 ਜੂਨ, 2016 ਨੂੰ ਖੇਤੀਬਾੜੀ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਦੀ ਸਰਪ੍ਰਸਤੀ ਹੇਠ ਗਠਿਤ ਕੀਤੀ ਗਈ । ਉਦੋਂ ਤੋਂ ਡਾ. ਢਿੱਲੋਂ ਨਰਮਾ-ਕਪਾਹ ਪੱਟੀ ਵਿੱਚ ਯੂਨੀਵਰਸਿਟੀ ਦੇ ਮਾਹਰਾਂ, ਖੇਤੀਬਾੜੀ ਵਿਭਾਗ ਦੇ ਅਫ਼ਸਰਾਂ, ਹਰਿਆਣਾ ਖੇਤੀਬਾੜੀ ਯੂਨੀਵਰਸਿਟੀ ਦੇ ਵਿਗਿਆਨੀਆਂ, ਕਪਾਹ ਖੋਜ ਕੇਂਦਰ ਸਰਸਾ ਅਤੇ ਰਾਜਸਥਾਨ ਐਗਰੀਕਲਚਰਲ ਯੂਨਵਿਰਸਿਟੀ ਦੇ ਵਿਗਿਆਨੀਆਂ ਨਾਲ ਲਗਾਤਾਰ ਹਰ ਹਫ਼ਤੇ ਮੀਟਿੰਗਾਂ ਕਰ ਰਹੇ ਹਨ । ਕਾਰਜਾਂ ਦੀ ਸਮੀਖਿਆ ਉਪਰੰਤ ਅਗਲੇ ਹਫ਼ਤੇ ਦੀਆਂ ਯੋਜਨਾਵਾਂ ਤਿਆਰ ਕੀਤੀਆਂ ਜਾਂਦੀਆਂ ਹਨ । ਫਾਜ਼ਿਲਕਾ ਜ਼ਿਲ੍ਹੇ ਤੇ ਵਿਸ਼ੇਸ਼ ਧਿਆਨ ਦਿੱਤਾ ਗਿਆ ਜਿਥੇ ਚਿੱਟੀ ਮੱਖੀ ਦਾ ਹਮਲਾ ਜ਼ਿਆਦਾ ਵੇਖਿਆ ਗਿਆ ।
ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਵਾਈਸ ਚਾਂਸਲਰ, ਖੇਤੀਬਾੜੀ ਵਿਭਾਗ ਦੇ ਨਿਰਦੇਸ਼ਕ ਅਤੇ ਹੋਰ ਅਧਿਕਾਰੀ ਅਤੇ ਯੂਨੀਵਰਸਿਟੀ ਦੇ ਵਿਗਿਆਨੀ ਲਗਾਤਾਰ ਖੇਤਾਂ ਦਾ ਦੌਰਾ ਕਰਦੇ ਰਹੇ ।ਖੇਤੀਬਾੜੀ ਵਿਭਾਗ ਵੱਲੋਂ ਤੈਨਾਤ ਸਕਾਊਟਾਂ ਅਤੇ ਫੀਲਡ ਸੁਪਰਵਾਈਜ਼ਰਾਂ ਦੇ ਨਾਲ ਵੀ ਡਾ. ਢਿੱਲੋਂ ਲਗਾਤਾਰ ਸੰਪਰਕ ਵਿੱਚ ਹਨ ਤਾਂ ਜੋ ਜ਼ਮੀਨੀ ਹਕੀਕਤਾਂ ਬਾਰੇ ਲਗਾਤਾਰ ਜਾਣਕਾਰੀ ਸਾਂਝੀ ਕੀਤੀ ਜਾ ਸਕੇ । ਯੂਨੀਵਰਸਿਟੀ ਵੱਲੋਂ ਨਰਮੇ ਦੀ ਫ਼ਸਲ ਦੇ ਸਰਵੇਖਣ 8 ਮਈ 2016 ਤੋਂ ਹੀ ਆਰੰਭ ਕਰ ਦਿੱਤੇ ਗਏ ਸਨ । ਯੂਨੀਵਰਸਿਟੀ ਵੱਲੋਂ 11 ਜੁਲਾਈ 2016 ਤੱਕ 11 ਸਿਖਲਾਈ ਕੈਂਪ ਲਗਾਏ ਗਏ ਜਿਨ੍ਹਾਂ ਵਿੱਚ 500 ਸਕਾਊਟਾਂ ਨੂੰ ਚਿੱਟੀ ਮੱਖੀ ਦੇ ਟਾਕਰੇ ਲਈ ਲੋੜੀਂਦੀ ਸਿਖਲਾਈ ਪ੍ਰਦਾਨ ਕੀਤੀ ਗਈ । ਇਸੇ ਤਰ੍ਹਾਂ 13 ਅਜਿਹੇ ਸਿਖਲਾਈ ਕੈਂਪ ਲਗਾਏ ਗਏ ਜਿਨ੍ਹਾਂ ਵਿੱਚ 1917 ਕੀਟਨਾਸ਼ਕ ਡੀਲਰਾਂ ਨੂੰ ਕੀਟਨਾਸ਼ਕਾਂ ਦੀ ਸੰਕੋਚਵੀਂ ਵਰਤੋਂ ਲਈ ਜਾਣੂ ਕਰਵਾਇਆ ਗਿਆ । ਇਸ ਤੋਂ ਇਲਾਵਾ ਯੂਨੀਵਰਸਿਟੀ ਦੇ ਵਿਗਿਆਨੀਆਂ ਵੱਲੋਂ ਨਰਮਾ-ਕਪਾਹ ਪੱਟੀ ਦੇ 408 ਪਿੰਡਾਂ ਵਿੱਚ 119 ਸਿਖਲਾਈ ਕੈਂਪ ਆਯੋਜਿਤ ਕੀਤੇ ਗਏ । ਪੰਜਾਬ ਖੇਤੀਬਾੜੀ ਯੂਨੀਵਰਸਿਟੀ, ਖੇਤੀਬਾੜੀ ਵਿਭਾਗ, ਨਰਮਾ ਉਤਪਾਦਕ ਸੰਸਥਾ ਦੇ ਸਹਿਯੋਗ ਨਾਲ ਚਿੱਟੀ ਮੱਖੀ ਦੇ ਹਮਲੇ ਨੂੰ ਸ਼ੁਰੂਆਤੀ ਦੌਰ ਵਿੱਚ ਨਿੰਮ ਅਧਾਰਿਤ ਸਪਰੇਆਂ ਅਤੇ ਬਾਅਦ ਵਿੱਚ ਲੋੜ ਅਨੁਸਾਰ ਸਪਰੇਆਂ ਨਾਲ ਹੁਣ ਤੱਕ ਕਾਬੂ ਰੱਖਣ ਵਿੱਚ ਸਮਰੱਥ ਹੋ ਸਕੀ ਹੈ । ਪੰਜਾਬ ਖੇਤੀਬਾੜੀ ਯੂਨੀਵਰਸਿਟੀ ਨੂੰ ਇਸ ਸਾਲ ਚੰਗੀ ਨਰਮੇ ਦੀ ਫ਼ਸਲ ਹੋਣ ਦੀ ਉਮੀਦ ਹੈ ।

Check Also

ਅਧਿਆਪਕਾਂ ਦੀ ਇਕ ਰੋਜ਼ਾ ਬਲਾਕ ਪੱਧਰੀ ਜਾਦੂਈ ਪਿਟਾਰਾ ਅਤੇ ਐਚ.ਪੀ.ਸੀ ਵਰਕਸ਼ਾਪ ਆਯੋਜਿਤ

ਅੰਮ੍ਰਿਤਸਰ, 18 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਸਕੂੂਲ ਸਿੱਖਿਆ ਵਿਭਾਗ ਪੰਜਾਬ ਵਲੋਂ ਰਾਜ ਵਿਦਿਅਕ ਖੋਜ਼ …

Leave a Reply