Monday, October 5, 2026

ਬਿਜਲੀ ਵਿਭਾਗ ਦਾ ਜੇ.ਈ 8000 ਰੁਪਏ ਰਿਸ਼ਵਤ ਲੈਂਦਾ ਰੰਗੇ ਹੱਥੀਂ ਗ੍ਰਿਫ਼ਤਾਰ

ਅੰਮ੍ਰਿਤਸਰ, 27 ਜੁਲਾਈ (ਜਗਦੀਪ ਸਿੰਘ ਸੱਗੂ) – ਵਿਜੀਲੈਂਸ ਬਿਊਰੋ ਦੇ ਅੰਮ੍ਰਿਤਸਰ ਯੂਨਿਟ ਨੇ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ ਉੱਪ ਮੰਡਲ ਪੱਛਮੀ ਡਵੀਜ਼ਨ ਈਸਟ ਸਰਕਲ ਸਬ ਅਰਬਨ ਅੰਮ੍ਰਿਤਸਰ ਦੇ ਜੇ ਈ ਨੂੰ 8000 ਰੁਪਏ ਰਿਸ਼ਵਤ ਹਾਸਲ ਕਰਦਿਆਂ ਰੰਗੇ ਹੱਥੀਂ ਗ੍ਰਿਫਤਾਰ ਕੀਤਾ ਹੈ। ਇਹ ਜਾਣਕਾਰੀ ਦਿੰਦਿਆਂ ਸੀਨੀਅਰ ਕਪਤਾਨ ਪੁਲਿਸ ਵਿਜੀਲੈਂਸ ਬਿਊਰੋ ਰੇਂਜ ਅੰਮ੍ਰਿਤਸਰ ਡਾ. ਕੇਤਨ ਬਾਲੀਰਾਮ ਪਾਟਿਲ ਨੇ ਦੱਸਿਆ ਕਿ ਇਹ ਕਾਰਵਾਈ ਰਾਜ ਕੁਮਾਰ ਪੁੱਤਰ ਮਦਨ ਲਾਲ ਵਾਸੀ ਰਾਮ ਤੀਰਥ ਰੋਡ, ਗਵਾਲ ਮੰਡੀ ਅੰਮ੍ਰਿਤਸਰ, ਜੋ ਕਿ ਖੰਡਵਾਲਾ, ਛੇਹਰਟਾ ਵਿਖੇ ਸਤਿਗੁਰੂ ਜਿਊਲਰ ਨਾਂਅ ਦੀ ਸੁਨਿਆਰੇ ਦੀ ਦੁਕਾਨ ਕਰਦਾ ਹੈ, ਦੀ ਸ਼ਿਕਾਇਤ ਦੇ ਆਧਾਰ ‘ਤੇ ਕੀਤੀ ਗਈ। ਉਨ੍ਹਾਂ ਦੱਸਿਆ ਕਿ ਇਹ ਦੁਕਾਨ ਉਸ ਨੇ ਹਰਦੀਪ ਸਿੰਘ ਪੁੱਤਰ ਗੁਰਬਖਸ਼ ਸਿੰਘ ਵਾਸੀ ਪਿਸ਼ੌਰੀ ਨਗਰ ਖੰਡਵਾਲਾ ਅੰਮ੍ਰਿਤਸਰ ਪਾਸੋਂ ਖ਼ਰੀਦੀ ਕੀਤੀ ਸੀ।
ਡਾ. ਪਾਟਿਲ ਨੇ ਦੱਸਿਆ ਕਿ ਜਦੋਂ ਬੀਤੇ ਦਿਨੀਂ ਉਹ ਸਵੇਰੇ ਦੁਕਾਨ ਖੋਲ੍ਹਣ ਲੱਗਾ ਤਾਂ ਉਸ ਨੇ ਵੇਖਿਆ ਕਿ ਬਿਜਲੀ ਦੇ ਮੀਟਰ ਦੀਆਂ ਤਾਰਾਂ ਕਿਸੇ ਸ਼ਰਾਰਤੀ ਅਨਸਰ ਨੇ ਖਿੱਚੀਆਂ ਹੋਈਆਂ ਸਨ ਅਤੇ ਬਿਜਲੀ ਦੀ ਸਪਲਾਈ ਨਹੀਂ ਆ ਰਹੀ ਸੀ। ਇਸ ਦੀ ਸ਼ਿਕਾਇਤ ਉਸ ਨੇ ਟੋਲ ਫਰੀ ਨੰਬਰ 1912 ‘ਤੇ ਕੀਤੀ। ਇਸ ‘ਤੇ ਬਿਜਲੀ ਵਿਭਾਗ ਦੇ ਜੇ. ਈ ਜਸਬੀਰ ਸਿੰਘ ਅਤੇ ਪ੍ਰੀਤਮ ਸਿੰਘ ਸਹਾਇਕ ਲਾਈਨਮੈਨ ਉੱਪ ਮੰਡਲ ਪੱਛਮੀ ਡਵੀਜ਼ਨ, ਈਸਟ ਸਰਕਲ ਸਬ ਅਰਬਨ ਅੰਮ੍ਰਿਤਸਰ ਉਸ ਦੀ ਦੁਕਾਨ ‘ਤੇ ਆਏ। ਜੇ. ਈ ਜਸਬੀਰ ਸਿੰਘ ਨੇ ਉਸ ਦੀ ਦੁਕਾਨ ਦੇ ਬਾਹਰ ਲੱਗੇ ਮੀਟਰ ਨੂੰ ਦੇਖ ਕੇ ਕਿਹਾ ਕਿ ਉਸ ਨੇ ਮੀਟਰ ਵਿਚ ਕੋਈ ਖ਼ਰਾਬੀ ਕੀਤੀ ਹੈ, ਇਸ ਕਰਕੇ ਮੀਟਰ ਉਤਾਰ ਕੇ ਐਮ. ਈ ਵਿਚ ਚੈੱਕ ਕਰਵਾਉਣ ਲਈ ਭੇਜਣਾ ਪੈਣਾ ਹੈ। ਜੇ. ਈ ਦੇ ਕਹਿਣ ‘ਤੇ ਪ੍ਰੀਤਮ ਸਿੰਘ ਸਹਾਇਕ ਲਾਇਨਮੈਨ ਨੇ ਉਸ ਦੀ ਦੁਕਾਨ ਦੇ ਬਾਹਰ ਲੱਗਾ ਮੀਟਰ ਉਤਾਰ ਕੇ ਉਸ ਉੱਤੇ ਕਾਗਜ਼ ਦੀ ਚਿਟ ਚਿਪਕਾ ਦਿੱਤੀ ਅਤੇ ਜੇ. ਈ ਨੇ ਉਸ ਨੂੰ ਉਸ ਉੱਤੇ ਦਸਤਖ਼ਤ ਕਰਨ ਲਈ ਕਿਹਾ। ਉਸ ਨੇ ਚਿਟ ‘ਤੇ ਦਸਤਖ਼ਤ ਕਰ ਦਿੱਤੇ ਅਤੇ ਨਾਲ ਹੀ ਕਿਹਾ ਕਿ ਉਸ ਨੇ ਮੀਟਰ ਨਾਲ ਕਦੇ ਕੋਈ ਛੇੜਛਾੜ ਨਹੀਂ ਕੀਤੀ। ਜੇ. ਈ ਜਸਬੀਰ ਸਿੰਘ ਨੇ ਕਿਹਾ ਕਿ ਜੇਕਰ ਉਹ 12000 ਰੁਪਏ ਰਿਸ਼ਵਤ ਦੇ ਦੇਵੇ ਤਾਂ ਉਸ ਦਾ ਮੀਟਰ ਐਮ. ਈ ਵਿਖੇ ਚੈੱਕ ਕਰਨ ਲਈ ਨਹੀਂ ਭੇਜਿਆ ਜਾਵੇਗਾ। ਉਸ ਨੇ ਦੱਸਿਆ ਕਿ ਗੱਲ 8000 ਰੁਪਏ ਵਿਚ ਮੁੱਕੀ ਅਤੇ ਪੈਸੇ ਦੇਣ ਲਈ ਸਮਾਂ ਲੈ ਲਿਆ।
ਇਸ ਸਬੰਧੀ ਜਦ ਉਸ ਨੇ ਕ੍ਰਿਸ਼ਨ ਕੋਟ ਇਸਲਾਮਾਬਾਦ ਅੰਮ੍ਰਿਤਸਰ ਰਹਿੰਦੇ ਆਪਣੇ ਦੋਸਤ ਸ਼ਬੀਰ ਕੁਮਾਰ ਪੁੱਤਰ ਮੁਕੇਸ਼ ਕੁਮਾਰ ਨਾਲ ਗੱਲ ਕੀਤੀ ਤਾਂ ਉਸ ਨੇ ਕਿਹਾ ਕਿ ਅਜਿਹੇ ਭ੍ਰਿਸ਼ਟ ਕਰਮਚਾਰੀਆਂ ਨੂੰ ਵਿਜੀਲੈਂਸ ਕੋਲ ਫੜਾਉਣਾ ਚਾਹੀਦਾ ਹੈ। ਇਸ ‘ਤੇ ਉਸ ਨੇ ਦਫ਼ਤਰ ਵਿਜੀਲੈਂਸ ਅੰਮ੍ਰਿਤਸਰ ਵਿਖੇ ਹਾਜ਼ਰ ਹੋ ਕੇ ਸੂਚਨਾ ਦਿੱਤੀ। ਰਾਜਕੁਮਾਰ ਦੇ ਬਿਆਨ ‘ਤੇ ਥਾਣਾ ਵਿਜੀਲੈਂਸ ਬਿਊਰੋ, ਰੇਂਜ ਅੰਮ੍ਰਿਤਸਰ ਵਿਖੇ ਮੁਕੱਦਮਾ ਦਰਜ਼ ਕਰਕੇ ਡੀ. ਐਸ. ਪੀ ਵਿਜੀਲੈਂਸ ਬਿਊਰੋ ਯੂਨਿਟ ਅੰਮ੍ਰਿਤਸਰ ਨਵਜੋਤ ਸਿੰਘ ਨੇ ਆਪਣੀ ਟੀਮ ਸਮੇਤ ਰੇਡ ਕਰਕੇ ਜੇ. ਈ ਜਸਬੀਰ ਸਿੰਘ ਨੂੰ 8000 ਰੁਪਏ ਬਤੌਰ ਰਿਸ਼ਵਤ ਹਾਸਲ ਕਰਦਿਆਂ ਸਰਕਾਰੀ ਗਵਾਹਾਂ ਏ. ਈ ਸਿੰਚਾਈ ਵਿਭਾਗ ਅੰਮ੍ਰਿਤਸਰ ਰਾਜੀਵ ਕੁਮਾਰ ਅਤੇ ਸੰਦੀਪ ਗਰੋਵਰ ਦੀ ਹਾਜ਼ਰੀ ਵਿਚ ਰੰਗੇ ਹੱਥੀਂ ਗ੍ਰਿਫ਼ਤਾਰ ਕਰ ਲਿਆ।

Check Also

ਖੇਡਾਂ ਵਤਨ ਪੰਜਾਬ ਦੀਆਂ 2026- ਜਿਲ੍ਹਾ ਪੱਧਰੀ ਜੁਡੋ ਮੁਕਾਬਲਿਆਂ ਦੀ ਸ਼ੁਰੂਆਤ

ਅੰਮ੍ਰਿਤਸਰ, 02 ਅਕਤੂਬਰ (ਜਗਦੀਪ ਸਿੰਘ) – ਪੰਜਾਬ ਸਰਕਾਰ ਦੇ ਖੇਡ ਵਿਭਾਗ ਵੱਲੋਂ ਕਰਵਾਈਆਂ ਜਾ ਰਹੀਆਂ …

Leave a Reply