ਅੰਮ੍ਰਿਤਸਰ, 27 ਜੁਲਾਈ (ਸੁਖਬੀਰ ਸਿੰਘ ਖੁਰਮਣੀਆ) – ਸਥਾਨਕ ਖਾਲਸਾ ਕਾਲਜ ਫ਼ਾਰ ਵੂਮੈਨ ਦੇ ਵਿਹੜੇ ਵਿੱਚ ਅੱਜ ਤੀਆਂ ਦਾ ਤਿਉਹਾਰ ਬੜੀ ਧੂਮਧਾਮ ਨਾਲ ਮਨਾਇਆ ਗਿਆ।ਕਾਲੀਆਂ ਘਟਾਵਾਂ ਅਤੇ ਨਿੱਕੀਆਂ-ਨਿੱਕੀਆਂ ਕਣੀਆਂ ਨੂੰ ਵੇਖ ਕੇ ਸਟਾਫ਼ ਅਤੇ ਵਿਦਿਆਰਥਣਾਂ ਨੇ ਕਾਲਜ ਦੇ ਵਿਹੜੇ ਵਿੱਚ ‘ਸਾਉਣ ਮਹੀਨਾ ਦਿਨ ਤੀਆਂ ਦੇ ਸਭੇ ਸਹੇਲੀਆਂ ਆਈਆਂ, ਸੰਤੋ ਬੰਤੋ ਹੋਈਆਂ ਇਕੱਠੀਆਂ ਵੱਡਿਆਂ ਘਰਾਂ ਦੀਆਂ ਜਾਈਆਂ, ਗਿੱਧਾ ਪਾ ਰਹੀਆਂ ਨਣਦਾ ਤੇ ਭਰਜਾਈਆਂ’ ਆਦਿ ਬੋਲਾਂ ‘ਤੇ ਵਿਦਿਆਰਥਣਾਂ ਨੇ ਗਿੱਧਾ ਪਾਇਆ। ਇਸ ਮੌਕੇ ਕਾਲਜ ਵਿਦਿਆਰਥਣਾਂ ਨੇ ਪੰਜਾਬ ਦੀ ਸੱਭਿਅਤਾ ਦੇ ਰੀਤੀ-ਰਿਵਾਜਾਂ ਨੂੰ ਜਿਉਂਦਿਆਂ ਰੱਖਿਆਂ ਹੋਇਆ ਆਏ ਸਰੋਤਿਆਂ ਨੂੰ ਪੁਰਾਤਨ ਵਿਰਸੇ ਦੇ ਖਿਆਲਾਂ ਵਿੱਚ ਮਘਨ ਹੋਣ ਲਈ ਮਜ਼ਬੂਰ ਕਰ ਦਿੱਤਾ। ਕਾਲਜ ਦੀਆਂ ਵਿਦਿਆਰਥਣਾਂ ਨੇ ਸਾਉਣ ਦੇ ਮਹੀਨੇ ਵਿੱਚ ਮਨਾਏ ਜਾਂਦੇ ਇਸ ਤਿਉਹਾਰ ‘ਤੇ ਪੀਂਘਾਂ ਝੂਟਣ, ਇਕ ਦੂਜੇ ‘ਤੇ ਹਾਸਰਸ ਵਿਅੰਗ ਕੱਸਣ, ਝਰਖਾ ਕੱਤਣ, ਫੁਲਕਾਰੀ ਕੱਢਦੀਆਂ ਮੁਟਿਆਰਾਂ, ਪੰਜਾਬੀ ਗਾਇਕੀ, ਗਿੱਧਾ-ਬੋਲੀਆਂ ਨਾਲ ਮਾਹੌਲ ਨੂੰ ਖੁਸ਼ਗਵਾਰ ਬਣਾ ਦਿੱਤਾ।
ਪ੍ਰੋਗਰਾਮ ਦਾ ਅਗਾਜ ਕਾਲਜ ਦੀਆਂ ਵਿਦਿਆਰਥਣਾਂ ਵੱਲੋਂ ‘ਪੀਂਘਾਂ ਝੂਟਦੀਆਂ ਸਾਵਨ ਵਿੱਚ ਮੁਟਿਆਰਾਂ’ ਦੇ ਗਾਇਨ ਨਾਲ ਹੋਇਆ, ਜਿਸਦੀ ਕਾਫ਼ੀ ਸ਼ਲਾਘਾ ਕੀਤੀ ਗਈ। ਕਾਲਜ ਪ੍ਰਿੰਸੀਪਲ ਡਾ. ਸੁਖਬੀਰ ਕੌਰ ਮਾਹਲ ਨੇ ਕਿਹਾ ਕਿ ਤੀਆਂ ਦਾ ਤਿਉਹਾਰ ਸਾਉਣ ਮਹੀਨਾ, ਦੇਸੀ 12 ਮਹੀਨਿਆਂ ਵਿੱਚੋਂ ਵੱਖਰੀ ਪਛਾਣ ਰੱਖਦਾ ਹੈ। ਇਸ ਤਿਓਹਾਰ ‘ਤੇ ਮੁਟਿਆਰਾਂ ਆਪਣੇ ਦਿਲ ਦੇ ਚਾਅ ਤੇ ਉਮੰਗਾਂ ਨੂੰ ਉਜਾਗਰ ਕਰਦੀਆਂ ਹਨ ਅਤੇ ਇਕੱਠੀਆਂ ਗਿੱਧਾ ਅਤੇ ਪੀਂਘਾਂ ਝੂਟ ਕੇ ਮੌਜ਼ਾਂ ਮਾਣਦੀਆਂ ਸਨ।
ਪ੍ਰਿੰ: ਮਾਹਲ ਕਿਹਾ ਕਿ ਕਿ ਅੱਜ ਦੀਆਂ ਮੁਟਿਆਰਾਂ ਪੰਜਾਬੀ ਸੱਭਿਆਚਾਰ ਤੋਂ ਬੁਰੀ ਤਰ੍ਹਾਂ ਭਟਕ ਕੇ ਉਸ ਨਾਲੋਂ ਟੁੱਟ ਚੁੱਕੀਆਂ ਹਨ, ਜੋ ਬੜੀ ਹੀ ਚਿੰਤਾ ਦਾ ਵਿਸ਼ਾ ਹੈ। ਉਨ੍ਹਾਂ ਇਸ ਗੱਲ ‘ਤੇ ਵੀ ਅਫ਼ਸੋਸ ਜਾਹਿਰ ਕੀਤੀ ਕਿ ਜਿੱਥੇ ਸ਼ੌਹਰਤ ਆਦਿ ਹਾਸਲ ਕਰਨ ਦੀ ਲਾਲਸਾ ਕਰਕੇ ਅੱਜ ਦੀ ਪੀੜ੍ਹੀ ਆਪਣੇ ਸੱਭਿਆਚਾਰ, ਰੀਤੀ-ਰਿਵਾਜ ਤੇ ਵਿਰਸੇ ਨੂੰ ਭੁਲਦੀ ਜਾ ਰਹੀ ਹੈ, ਉੱਥੇ ਵੱਧਦੀ ਮਹਿੰਗਾਈ ਨੇ ਵੀ ਤਿਉਹਾਰਾਂ ‘ਤੇ ਲੱਗਦੀਆਂ ਰੌਣਕਾਂ ਨੂੰ ਘਟਾਉਣ ਵਿੱਚ ਕੋਈ ਕਸਰ ਨਹੀਂ ਛੱਡੀ। ਪਰ ਫਿਰ ਵੀ ਪੰਜਾਬੀ ਵਿਰਸੇ ਨੂੰ ਪਿਆਰ ਕਰਨ ਵਾਲੇ ਸਮਾਜ ਸੇਵਕ ਸੰਸਥਾਵਾਂ, ਕਾਲਜ ਅਤੇ ਸਕੂਲ ਆਦਿ ਸਮੇਂ-ਸਮੇਂ ‘ਤੇ ਇਹੋ ਜਿਹੇ ਉਪਰਾਲੇ ਕਰਦੇ ਹਨ ਕਿ ਸਾਡੇ ਰੀਤੀ-ਰਿਵਾਜਾਂ ਨਾਲ ਜੁੜੇ ਹੋਏ ਇਹ ਤਿਓਹਾਰ ਜਿਉਂਦੇ ਰਹਿ ਸਕਣ।
ਇਸ ਮੌਕੇ ਡਾ. ਮਨਪ੍ਰੀਤ ਕੌਰ, ਡਾ. ਅਮਰਜੀਤ ਕੌਰ, ਮਿਸਜ਼ ਨੀਲਮਜੀਤ ਕੌਰ, ਡਾ. ਜਤਿੰਦਰ ਕੌਰ, ਮਿਸਜ਼ ਰਵਿੰਦਰ ਕੌਰ, ਮਿਸਜ਼ ਮਨਬੀਰ ਕੌਰ, ਡਾ. ਚੰਚਲ ਬਾਲਾ, ਡਾ. ਸੁਮਨ ਨਈਅਰ, ਮਿਸਜ਼ ਪ੍ਰੀਤਿਕਾ, ਮਿਸਜ਼ ਸ਼ਰੀਨਾ ਅਤੇ ਬਾਕੀ ਸਟਾਫ਼ ਮੈਂਬਰਜ਼ ਨੇ ਵੀ ਸ਼ਮੂਲੀਅਤ ਕੀਤੀ।
Check Also
ਖਾਲਸਾ ਕਾਲਜ ਨਰਸਿੰਗ ਦੇ ਵਿਦਿਆਰਥੀਆਂ ਨੇ ਫਲਾਵਰ ਸ਼ੋਅ ’ਚ ਹਾਸਲ ਕੀਤਾ ਸ਼ਾਨਦਾਰ ਸਥਾਨ
ਅੰਮ੍ਰਿਤਸਰ, 10 ਅਪ੍ਰੈਲ (ਸੁਖਬੀਰ ਸਿੰਘ ਖੁਰਮਣੀਆਂ) – ਖ਼ਾਲਸਾ ਕਾਲਜ ਆਫ਼ ਨਰਸਿੰਗ ਦੇ ਵਿਦਿਆਰਥੀਆਂ ਨੇ ਖ਼ਾਲਸਾ …
Punjab Post Daily Online Newspaper & Print Media