ਮਜੀਠਾ, 31 ਜੁਲਾਈ (ਪੰਜਾਬ ਪੋਸਟ ਬਿਊਰੋ)- ਮਾਲ ਤੇ ਲੋਕ ਸੰਪਰਕ ਮੰਤਰੀ ਸ. ਬਿਕਰਮ ਸਿੰਘ ਮਜੀਠੀਆ ਨੇ ਪੰਜਾਬ ਸਰਕਾਰ ਵੱਲੋਂ ਸੂਬੇ ਦੇ ਵਸਨੀਕਾਂ ਨੂੰ ਉਨ੍ਹਾਂ ਦੀਆਂ ਬਰੂਹਾਂ ਤੇ ਪ੍ਰਸ਼ਾਸਨਿਕ ਸੇਵਾਵਾਂ ਮੁਹੱਈਆ ਕਰਵਾਉਣ ਲਈ ਆਜ਼ਾਦੀ ਸੰਗਰਾਮ ਦੇ ਮਹਾਨ ਸ਼ਹੀਦ ਸ: ਊਧਮ ਸਿੰਘ ਜੀ ਦੇ ਸ਼ਹੀਦੀ ਦਿਹਾੜੇ ਮੌਕੇ ਅੰਮ੍ਰਿਤਸਰ ਜ਼ਿਲ੍ਹੇ ਦੇ ਸਬ ਤਹਿਸੀਲ ਮਜੀਠਾ ਦਾ ਦਰਜਾ ਵਧਾਉਂਦਿਆਂ ਸਬ ਡਿਵੀਜ਼ਨ ਬਣਾਉਣ ਦੇ ਲਏ ਗਏ ਫੈਸਲੇ ਲਈ ਮੁੱਖ ਮੰਤਰੀ ਸ. ਪ੍ਰਕਾਸ਼ ਸਿੰਘ ਬਾਦਲ ਅਤੇ ਉਪ ਮੁੱਖ ਮੰਤਰੀ ਸ. ਸੁਖਬੀਰ ਸਿੰਘ ਬਾਦਲ ਦਾ ਤਹਿ ਦਿਲੋਂ ਧੰਨਵਾਦ ਕੀਤਾ ਹੈ।
ਮਜੀਠੀਆ ਜੋ ਕਿ ਹਲਕਾ ਮਜੀਠਾ ਦੇ ਵਿਧਾਇਕ ਵੀ ਹਨ ਨੇ ਪ੍ਰੈੱਸ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਮਜੀਠਾ ਨੂੰ ਸਬ ਡਿਵੀਜ਼ਨ ਦਾ ਦਰਜਾ ਮਿਲਣ ਨਾਲ ਇਲਾਕੇ ਦੇ ਲੋਕਾਂ ਦੀ 50 ਸਾਲ ਪੁਰਾਣੀ ਉਹ ਚਿਰੋਕਣੀ ਮੰਗ ਪੂਰੀ ਹੋਈ ਹੈ, ਜਿਸ ਨੂੰ ਪਿਛਲੀਆਂ ਸਰਕਾਰਾਂ ਠੁਕਰਾਉਂਦੀਆਂ ਰਹੀਆਂ ਸਨ। ਉਹਨਾਂ ਕਿਹਾ ਕਿ ਲੋਕਾਂ ਦੀਆਂ ਮੁਸ਼ਕਲਾਂ ਅਤੇ ਖੁਵਾਇਸ਼ਾਂ ਨੂੰ ਮੱਦੇ ਨਜ਼ਰ ਰੱਖਦੇ ਹੋਏ ਮਜੀਠਾ ਨੂੰ ਸਬ ਡਿਵੀਜ਼ਨ ਦਾ ਦਰਜਾ ਦਿਵਾਉਣਾ ਮੇਰੀ ਲੰਮੇ ਸਮੇਂ ਤੋਂ ਦਿਲੀ ਇੱਛਾ ਸੀ, ਜੋ ਅੱਜ ਪੂਰੀ ਹੋਈ ਹੈ। ਉਹਨਾਂ ਦੱਸਿਆ ਕਿ ਸਬ ਡਿਵੀਜ਼ਨ ਬਣ ਜਾਣ ਨਾਲ ਮਜੀਠਾ ਨੂੰ ਐਸੇ ਡੀ ਐਮ. ਅਤੇ ਤਹਿਸੀਲਦਾਰ ਸਮੇਤ ਸਬ ਡਿਵੀਜ਼ਨ ਪੱਧਰ ਹੋਰ ਵਿਭਾਗਾਂ ਦੀਆਂ ਪੱਕੀਆਂ ਪੋਸਟਾਂ ਮਿਲ ਜਾਣਗੀਆਂ ਜਿਸ ਨਾਲ ਇਲਾਕੇ ਦੇ ਤਿੰਨ ਕਾਨੂੰਗੋ ਸਰਕਲ ਮਜੀਠਾ, ਕੱਥੂਨੰਗਲ ਅਤੇ ਪਾਖਰ ਪੁਰਾ ਜਿਸ ਵਿੱਚ 31 ਪਟਵਾਰ ਸਰਕਲ ਦੇ 93 ਪਿੰਡਾਂ ਲੋਕਾਂ ਨੂੰ ਵੱਡੀਆਂ ਸਹੂਲਤਾਂ ਮਿਲਣਗੀਆਂ ਤੇ ਪ੍ਰਸ਼ਾਸਨਿਕ ਕੰਮਾਂ ਵਿੱਚ ਸੁਧਾਰ ਅਤੇ ਤੇਜੀ ਆਵੇਗੀ।ਇਸ ਨਾਲ ਮਜੀਠਾ ਇਲਾਕੇ ਦੇ ਦੂਰ ਦੁਰਾਡੇ ਪਿੰਡਾਂ ਦੇ ਲੋਕਾਂ ਨੂੰ ਆਪਣੇ ਬਹੁਤੇ ਕੰਮ ਕਰਵਾਉਣ ਲਈ 20 – 45 ਕਿੱਲੋ ਮੀਟਰ ਦਾ ਸਫ਼ਰ ਕਰ ਕੇ ਅੰਮ੍ਰਿਤਸਰ ਜਾਣਾ ਨਹੀਂ ਪਵੇਗਾ।ਉਹਨਾਂ ਕਿਹਾ ਕਿ ਉਕਤ ਪ੍ਰਾਪਤੀ ਨਾਲ ਮਜੀਠਾ ਇਲਾਕੇ ਦੇ ਨੌਜਵਾਨਾਂ ਲਈ ਰੁਜ਼ਗਾਰ ਦੇ ਕਈ ਮੌਕੇ ਪੈਦਾ ਹੋਣਗੇ ਅਤੇ ਮਜੀਠਾ ਕਸਬੇ ਦੇ ਦੁਕਾਨਦਾਰਾਂ ਅਤੇ ਵਪਾਰੀਆਂ ਨੂੰ ਵੀ ਵੱਡਾ ਲਾਹਾ ਮਿਲੇਗਾ।ਇਸ ਨਾਲ ਨਮੂਨੇ ਦਾ ਸ਼ਹਿਰ ਬਣ ਚੁੱਕਿਆ ਮਜੀਠਾ ਵਿਕਾਸ ਅਤੇ ਖੁਸ਼ਹਾਲੀ ਦੀਆਂ ਹੋਰ ਬੁਲੰਦੀਆਂ ਨੂੰ ਛੂਹੇਗਾ।ਉਹਨਾਂ ਦੱਸਿਆ ਕਿ 2007 ਤੋਂ ਪਹਿਲਾਂ ਲੋਕ ਮਜੀਠਾ ਤੋਂ ਪਰਵਾਸ ਕਰਕੇ ਸ਼ਹਿਰ ਜਾ ਰਹੇ ਸਨ ਪਰ ਅਕਾਲੀ-ਭਾਜਪਾ ਸਰਕਾਰ ਵੱਲੋਂ ਕੀਤੇ ਗਏ ਵਿਕਾਸ ਕੰਮਾਂ ਸਦਕਾ ਹੁਣ ਲੋਕ ਮਜੀਠੇ ਵਿੱਚ ਵਸਣ ਅਤੇ ਕਾਰੋਬਾਰ ਕਰਨ ਨੂੰ ਤਰਜੀਹ ਦੇ ਰਹੇ ਹਨ।ਉਹਨਾਂ ਦੱਸਿਆ ਕਿ 2007 ਤੋਂ ਜਦ ਤੋਂ ਉਹ ਹਲਕੇ ਦੀ ਨੁਮਾਇੰਦਗੀ ਕਰ ਰਹੇ ਹਨ ਉਹਨਾਂ ਮਜੀਠਾ ਦੇ ਬੁਨਿਆਦੀ ਢਾਂਚੇ ਨੂੰ ਵਿਕਸਤ ਕਰਨ ਵਲ ਵਧੇਰੇ ਧਿਆਨ ਦਿੱਤਾ ਹੈ। ਹੁਣ ਮਜੀਠਾ ਵਿਖੇ 3 ਕਰੋੜ ਦੀ ਲਾਗਤ ਨਾਲ ਬਣਾਏ ਜਾ ਰਹੇ ਅਤਿ ਆਧੁਨਿਕ ਤਹਿਸੀਲ ਕੰਪਲੈਕਸ ਦੀ ਉੱਸਾਰੀ ਦਾ ਕੰਮ ਜੰਗੀ ਪੱਧਰ ‘ਤੇ ਚਲ ਰਿਹਾ ਹੈ ਤੇ ਛੇਤੀ ਹੀ ਲੋਕਾਂ ਦੀ ਸਹੂਲਤ ਲਈ ਉਹਨਾਂ ਨੂੰ ਸੌਂਪ ਦਿੱਤਾ ਜਾਵੇਗਾ।
ਇਸ ਤੋਂ ਪਹਿਲਾਂ ਮਜੀਠਾ ਦੇ ਬਿਜਲੀ ਦੀ ਮੰਗ ਪੂਰੀ ਕਰਨ ਲਈ ਮਜੀਠਾ ਵਿਖੇ 220 ਕੇ ਵੀ ਦਾ ਗਰਿਡ ਅਪਗਰੇਡ ਕਰਾਇਆ, ਦਾਣਾ ਮੰਡੀ ਨੂੰ ਨਵੀਂ ਨੁਹਾਰ ਦਿੱਤੀ ਗਈ, ਬਾਜ਼ਾਰਾਂ ਅਤੇ ਗਲੀਆਂ ਨੂੰ ਕੰਕਰੀਟ ਦੀਆਂ ਬਣਾ ਕੇ ਸਟਰੀਟ ਲਾਈਟਾਂ ਲਗਵਾਈਆਂ, ਸਕੂਲ ਅਪਗਰੇਡ ਕੀਤੇ ਗਏ, ਸਾਫ਼ ਪੀਣ ਯੋਗ ਪਾਣੀ ਲਈ ਆਰ ਓ ਸਿਸਟਮ ਲਗਾਏ ਗਏ, ਸ਼ਹਿਰ ਵਿੱਚ ਆਧੁਨਿਕ ਬਸ ਅੱਡੇ ਤੋਂ ਇਲਾਵਾ ਮਜੀਠੇ ਨੂੰ ਪਿੰਡਾਂ ਨਾਲ ਜੋੜਦੀਆਂ ਸੰਪਰਕ ਸੜਕਾਂ ਅਤੇ ਮਜੀਠਾ ਅੰਮ੍ਰਿਤਸਰ ਲਈ ਚੌਹ ਮਾਰਗੀ ਸੜਕ ਦਾ ਨਿਰਮਾਣ ਕਰਾਇਆ ਗਿਆ। ਇੱਥੇ ਇਹ ਦੱਸਣਯੋਗ ਹੈ ਕਿ ਸ: ਮਜੀਠੀਆ ਦੀਆਂ ਕੋਸ਼ਿਸ਼ਾਂ ਸਦਕਾ ਪੰਜਾਬ ਕੈਬਨਿਟ ਦੀ ਮੀਟਿੰਗ ਦੌਰਾਨ ਇਸ ਸੰਬੰਧੀ ਮੋਹਰ ਲਗਵਾਉਣ ਦਿਆਂ ਮਜੀਠਾ ਸਬ ਡਿਵੀਜ਼ਨ ਹੋਂਦ ਵਿੱਚ ਲਿਆਉਣ ਨਾਲ ਸ: ਮਜੀਠੀਆ ਦਾ ਸਿਆਸੀ ਕੱਦ ਹੋਰ ਉੱਚਾ ਹੋਇਆ ਹੈ।
Check Also
ਪੀ.ਐਮ.ਆਈ.ਡੀ.ਸੀ ਦੀ ਸੀ.ਈ.ਓ ਦੀਪਤੀ ਉਪਲ ਨੇ ਵਿਕਾਸ ਕਾਰਜ਼ਾਂ ਦੀ ਸਮੀਖਿਆ ਕੀਤੀ
ਅੰਮ੍ਰਿਤਸਰ, 25 ਜੁਲਾਈ (ਸੁਖਬੀਰ ਸਿੰਘ) – ਪੰਜਾਬ ਮਿਊਂਸਪਲ ਇਨਫਰਾਸਟਰੱਕਚਰ ਡਿਵੈਲਪਮੈਂਟ ਕੰਪਨੀ ਦੀ ਮੁੱਖ ਕਾਰਜ਼ਕਾਰੀ ਅਧਿਕਾਰੀ …
Punjab Post Daily Online Newspaper & Print Media