Sunday, August 9, 2026

ਲੜਕੀਆਂ ਨੂੰ ਸਾਈਕਲ ਵੰਡਣੇ ਬਾਦਲ ਦੀ ਨੇਕ ਸੋਚ ਦਾ ਨਤੀਜਾ – ਅਜੀਤ ਸਿੰਘ ਕੋਹਾੜ

PPN0408201605ਅੰਮ੍ਰਿਤਸਰ, 4 ਅਗਸਤ (ਜਗਦੀਪ ਸਿੰਘ ਸੱਗੂ)- ਜ਼ਿਲ੍ਹਾ ਪੱਧਰੀ ਸਾਈਕਲ ਵੰਡ ਸਮਾਗਮ ਵਿਚ ਟਰਾਂਸਪੋਰਟ ਮੰਤਰੀ ਸ. ਅਜੀਤ ਸਿੰਘ ਕੋਹਾੜ ਨੇ ਅੱਜ ਸਵੇਰੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਸ਼ਿਵਾਲਾ ਭਾਈਆਂ ਅੰਮ੍ਰਿਤਸਰ ਵਿਖੇ ਲੜਕੀਆਂ ਨੂੰ ਪੰਜਾਬ ਸਰਕਾਰ ਦੀ ਤਰਫੋਂ ਮਾਈ ਭਾਗੋ ਵਿੱਦਿਆ ਸਕੀਮ ਤਹਿਤ ਮੁਫ਼ਤ ਸਾਈਕਲ ਵੰਡਣ ਦੀ ਸ਼ੁਰੂਆਤ ਕੀਤੀ। ਇਸ ਮੌਕੇ ਸੰਬੋਧਨ ਕਰਦਿਆਂ ਸ. ਕੋਹਾੜ ਨੇ ਕਿਹਾ ਕਿ ਭਾਵੇਂ ਸਾਈਕਲ ਕੋਈ ਵੱਡੀ ਚੀਜ਼ ਨਹੀਂ, ਪਰ ਇਹ ਸ. ਬਾਦਲ ਦੀ ਨੇਕ ਸੋਚ ਦਾ ਨਤੀਜਾ ਹੈ, ਜਿਨ੍ਹਾਂ ਨੇ ਲੜਕੀਆਂ ਦੀ ਸਿੱਖਿਆ ਨੂੰ ਮੁੱਖ ਰੱਖਦੇ ਹੋਏ ਪੰਜਾਬ ਭਰ ਵਿਚ ਇਹ ਸਕੀਮ ਸ਼ੁਰੂ ਕਰਵਾਈ। ਉਨ੍ਹਾਂ ਦੱਸਿਆ ਕਿ ਸਾਲ 2011 ਤੋਂ ਸ਼ੁਰੂ ਕੀਤੀ ਗਈ ਇਸ ਸਕੀਮ ਤਹਿਤ ਹੁਣ ਤੱਕ 4 ਲੱਖ ਤੋਂ ਵੱਧ ਸਾਈਕਲ ਵੰਡੇ ਜਾ ਚੁੱਕੇ ਹਨ ਅਤੇ ਇਸ ਵਿੱਤੀ ਵਰ੍ਹੇ ਵਿਚ ਗਿਆਰਵੀਂ ਜਮਾਤ ਵਿਚ ਪੜ੍ਹਦੀਆਂ ਲੜਕੀਆਂ ਨੂੰ 75 ਹਜ਼ਾਰ ਸਾਈਕਲ ਵੰਡੇ ਜਾ ਰਹੇ ਹਨ, ਜਿਸ ਦੀ ਸ਼ੁਰੂਆਤ ਅੱਜ ਹਰੇਕ ਜ਼ਿਲ੍ਹੇ ਵਿਚ ਕਰ ਦਿੱਤੀ ਗਈ ਹੈ।
ਸ. ਕੋਹਾੜ ਨੇ ਕਿਹਾ ਕਿ ਕੋਈ ਵੀ ਸੂਬਾ ਓਨੀ ਦੇਰ ਤਰੱਕੀ ਨਹੀਂ ਕਰ ਸਕਦਾ, ਜਦ ਤੱਕ ਉਥੋਂ ਦੇ ਬਾਸ਼ਿੰਦੇ ਸਿਹਤਮੰਦ ਅਤੇ ਪੜ੍ਹੇ-ਲਿਖੇ ਨਹੀਂ। ਉਨ੍ਹਾਂ ਕਿਹਾ ਕਿ ਸ. ਬਾਦਲ ਨੇ ਇਸ ਸੋਚ ਨੂੰ ਅਪਣਾਉਂਦੇ ਹੋਏ ਰਾਜ ਵਿਚ ਦੋਵਾਂ ਸੇਵਾਵਾਂ ਦਾ ਪਸਾਰ ਕਰਨ ਲਈ ਯਤਨ ਕੀਤੇ ਹਨ, ਜਿਸ ਦਾ ਨਤੀਜਾ ਹੈ ਕਿ ਅੱਜ ਹਰੇਕ ਲੋੜਵੰਦ ਵਿਅਕਤੀ ਮੁਫ਼ਤ ਸਿਹਤ ਸਹੂਲਤਾਂ ਲੈਣ ਲਈ ਰਜਿਸਟਰਡ ਹੋ ਚੁੱਕਾ ਹੈ ਅਤੇ ਉਸ ਨੂੰ ਚੰਗੀ ਖੁਰਾਕ ਦੇਣ ਲਈ ਸਰਕਾਰ ਦੀ ਤਰਫੋਂ ਸਸਤੇ ਮੁੱਲ ਵਿਚ ਆਟਾ-ਦਾਲ ਮਿਲ ਰਹੀ ਹੈ। ਸ. ਕੋਹਾੜ ਨੇ ਕਿਹਾ ਕਿ ਸਿੱਖਿਆ ਦੇ ਖੇਤਰ ਵਿਚ ਜਿਥੇ ਸਰਕਾਰ ਨੇ ਸਰਕਾਰੀ ਸਕੂਲਾਂ ਦੀ ਦਸ਼ਾ ਸੁਧਾਰੀ ਹੈ, ਉਥੇ ਮੁਫ਼ਤ ਕੋਚਿੰਗ ਲਈ ਮੈਰੀਟੋਰੀਅਸ ਸਕੂਲ ਖੋਲ੍ਹ ਦਿੱਤੇ ਹਨ ਅਤੇ ਅੱਜ ਸਰਕਾਰੀ ਸਕੂਲਾਂ ਦੇ ਬੱਚੇ ਮੁਕਾਬਲੇ ਦੀ ਪ੍ਰੀਖਿਆਵਾਂ ਵਿਚ ਵੀ ਮੱਲ੍ਹਾਂ ਮਾਰ ਰਹੇ ਹਨ। ਉਨਾਂ ਦੱਸਿਆ ਕਿ ਇਸੇ ਸੋਚ ਵਿਚੋਂ ਉਪਜੀ ਹੈ ਮਾਈ ਭਾਗੋ ਵਿੱਦਿਆ ਸਕੀਮ, ਜਿਸ ਤਹਿਤ ਦਸਵੀਂ ਤੋਂ ਅੱਗੇ  ਲੜਕੀਆਂ ਨੂੰ ਪੜ੍ਹਾਉਣ ਲਈ ਉਤਸ਼ਾਹਿਤ ਕਰਨ ਵਾਸਤੇ ਮੁਫ਼ਤ ਸਾਈਕਲ ਵੰਡੇ ਜਾ ਰਹੇ ਹਨ।
ਜ਼ਿਲ੍ਹਾ ਯੋਜਨਾ ਬੋਰਡ ਦੇ ਚੇਅਰਮੈਨ ਸ.  ਵੀਰ ਸਿੰਘ ਲੋਪੋਕੇ ਨੇ ਇਸ ਮੌਕੇ ਕਿਹਾ ਕਿ ਮੁੱਖ ਮੰਤਰੀ ਸ. ਪਰਕਾਸ਼ ਸਿੰਘ ਬਾਦਲ ਦੀ ਸੋਚ ਸਦਕਾ ਅੱਜ ਪੰਜਾਬ ਦਾ ਹਰ ਵਰਗ ਤਰੱਕੀ ਕਰ ਰਿਹਾ ਹੈ ਅਤੇ ਉਹ ਇਕ ਪਰਿਵਾਰ ਦੀ ਤਰ੍ਹਾਂ ਸਮਾਜ ਦੇ ਹਰੇਕ ਤਬਕੇ ਨੂੰ ਨਾਲ ਲੈ ਕੇ ਚੱਲ ਰਹੇ ਹਨ। ਉਨ੍ਹਾਂ ਕਿਹਾ ਕਿ ਬਤੌਰ ਮੁੱਖ ਮੰਤਰੀ ਗਰੀਬ ਅਤੇ ਲੋੜਵੰਦਾਂ ਦੀ ਸਹਾਇਤਾ ਕਰਨੀ ਕੇਵਲ ਤੇ ਕੇਵਲ ਸ. ਬਾਦਲ ਦੇ ਹਿੱਸੇ ਆਈ ਹੈ।
ਇਸ ਮੌਕੇ ਸੰਬੋਧਨ ਕਰਦਿਆਂ ਵਧੀਕ ਡਿਪਟੀ ਕਮਿਸ਼ਨਰ ਸ. ਤਜਿੰਦਰ ਪਾਲ ਸਿੰਘ ਸੰਧੂ ਨੇ ਮੁੱਖ ਮਹਿਮਾਨ ਨੂੰ ਜੀ ਆਇਆਂ ਕਹਿੰਦੇ ਪੰਜਾਬ ਸਰਕਾਰ ਵੱਲੋਂ ਚਲਾਈਆਂ ਜਾ ਰਹੀ ਕਲਿਆਣਕਾਰੀ ਯੋਜਨਾਵਾਂ ਦੀ ਰਜਵੀਂ ਤਾਰੀਫ਼ ਵੀ ਕੀਤੀ। ਡੀ. ਈ. ਓ ਸਤਿੰਦਰਬੀਰ ਸਿੰਘ ਨੇ ਇਸ ਮੌਕੇ ਦੱਸਿਆ ਕਿ ਜ਼ਿਲ੍ਹਾ ਅੰਮ੍ਰਿਤਸਰ ਵਿਚ ਕਰੀਬ 5 ਹਜ਼ਾਰ ਸਾਈਕਲ ਇਸ ਵਰ੍ਹੇ ਦਿੱਤੇ ਜਾ ਰਹੇ ਹਨ। ਇਸ ਮੌਕੇ ਸਕੂਲ ਦੀਆਂ ਵਿਦਿਆਰਥਣਾਂ ਨੇ ਸ਼ਬਦ ਗਾਇਨ ਕਰਕੇ ਸਮਾਗਮ ਦੀ ਅਰੰਭਤਾ ਕੀਤੀ। ਹੋਰਨਾਂ ਤੋਂ ਇਲਾਵਾ ਇਸ ਮੌਕੇ ਸ਼ਹਿਰੀ ਪ੍ਰਧਾਨ ਸ. ਗੁਰਪ੍ਰਤਾਪ ਸਿੰਘ ਟਿੱਕਾ, ਸੀਨੀਅਰ ਡਿਪਟੀ ਮੇਅਰ ਸ. ਅਵਤਾਰ ਸਿੰਘ ਟਰੱਕਾਂ ਵਾਲਾ, ਜ਼ਿਲ੍ਹਾ ਪ੍ਰੀਸ਼ਦ ਦੇ ਚੇਅਰਮੈਨ ਸ. ਜ਼ੈਲ ਸਿੰਘ ਗੋਪਾਲਪੁਰਾ, ਐਸ. ਡੀ. ਐਮ ਰਾਜੇਸ਼ ਸ਼ਰਮਾ, ਏ. ਸੀ. ਪੀ ਸ੍ਰੀ ਪੀ. ਐਸ ਵਿਰਕ, ਤਹਿਸਲੀਦਾਰ ਗੁਰਮਿੰਦਰ ਸਿੰਘ, ਡਿਪਟੀ ਡੀ. ਈ. ਓ ਸ੍ਰੀਮਤੀ ਨਵਤੇਜ ਕੌਰ ਅਤੇ ਹੋਰ ਅਧਿਕਾਰੀ ਅਤੇ ਅਧਿਆਪਕ ਹਾਜ਼ਰ ਸਨ।

Check Also

ਵਿਧਾਇਕ ਡਾ. ਗੁਪਤਾ ਨੇ ਵਿਧਾਨ ਸਭਾ ਵਿੱਚ ਸੀਵਰੇਜ਼ ਅਤੇ ਪਾਰਕਿੰਗ ਸਟੈਂਡ ਪ੍ਰੋਜੈਕਟ ਸਬੰਧੀ ਮੁੱਦੇ ਉਠਾਏ

ਅੰਮ੍ਰਿਤਸਰ, 8 ਅਗਸਤ (ਸੁਖਬੀਰ ਸਿੰਘ) – ਪੰਜਾਬ ਵਿਧਾਨ ਸਭਾ ਦੇ ਚੱਲ ਰਹੇ ਸੈਸ਼ਨ ਦੌਰਾਨ ਕੇਂਦਰੀ …

Leave a Reply