ਅੰਮ੍ਰਿਤਸਰ, 5 ਅਗਸਤ (ਗੁਰਪ੍ਰੀਤ ਸਿੰਘ)- ਜਥੇਦਾਰ ਅਵਤਾਰ ਸਿੰਘ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਸਿਕਲੀਗਰ ਸਿੱਖਾਂ ਵੱਲੋਂ ਦਿੱਤੇ ਬਿਆਨ ਕਿ ਸ਼੍ਰੋਮਣੀ ਕਮੇਟੀ ਨੇ ਉਨ੍ਹਾਂ ਦੀ ਕਦੇ ਬਾਂਹ ਨਹੀਂ ਫੜੀ ਨੂੰ ਸਰਾਸਰ ਗਲਤ ਕਰਾਰ ਦਿੱਤਾ ਹੈ। ਇਥੋਂ ਜਾਰੀ ਪ੍ਰੈਸ ਬਿਆਨ ਵਿੱਚ ਸ਼੍ਰੋਮਣੀ ਕਮੇਟੀ ਦੇ ਬੁਲਾਰੇ ਤੇ ਵਧੀਕ ਸਕੱਤਰ ਸ: ਦਿਲਜੀਤ ਸਿੰਘ ਬੇਦੀ ਨੇ ਜਥੇਦਾਰ ਅਵਤਾਰ ਸਿੰਘ ਦੇ ਹਵਾਲੇ ਨਾਲ ਕਿਹਾ ਕਿ ਸਿੱਖਾਂ ਦੀ ਸਿਰਮੌਰ ਸੰਸਥਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸਮੇਂ-ਸਮੇਂ ਤੇ ਬਿਨਾਂ ਕਿਸੇ ਭੇਦ ਭਾਵ ਦੇ ਹਰ ਤਰ੍ਹਾਂ ਦੀ ਮਾਲੀ ਸਹਾਇਤਾ ਕਰਦੀ ਆ ਰਹੀ ਹੈ।ਉਨ੍ਹਾਂ ਕਿਹਾ ਕਿ ਸ਼੍ਰੋਮਣੀ ਕਮੇਟੀ ਵੱਲੋਂ ਸਿਕਲੀਗਰ ਸਿੱਖਾਂ ਨੂੰ ਸਹਾਇਤਾ ਵਜੋਂ ਸਾਲ 2011-12 ਵਿੱਚ 10 ਲੱਖ 25 ਹਜ਼ਾਰ ਰੁਪਏ, ਸਾਲ 2013-14 ਵਿੱਚ 32 ਲੱਖ 70 ਹਜ਼ਾਰ ਰੁਪਏ, ਸਾਲ 2014-15 ਵਿੱਚ 10 ਲੱਖ 90 ਹਜ਼ਾਰ ਰੁਪਏ, ਸਾਲ 2015-16 ਵਿੱਚ 20 ਲੱਖ 50 ਹਜ਼ਾਰ ਰੁਪਏ ਤੇ ਇਸੇ ਸਹਾਇਤਾ ਨੂੰ ਜਾਰੀ ਰੱਖਦਿਆਂ ਸਾਲ 2016-17 ਵਿੱਚ 3 ਲੱਖ 21 ਹਜ਼ਾਰ 750 ਰੁਪਏ ਦੀ ਸਹਾਇਤਾ ਪ੍ਰਦਾਨ ਕੀਤੀ ਗਈ ਹੈ।ਉਨ੍ਹਾਂ ਕਿਹਾ ਕਿ ਹੁਣ ਤੱਕ ਕੁੱਲ਼ 77 ਲੱਖ 56 ਹਜ਼ਾਰ 750 ਰੁਪਏ ਸਹਾਇਤਾ ਸਿਕਲੀਗਰ ਸਿੱਖਾਂ ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਦਿੱਤੀ ਜਾ ਚੁੱਕੀ ਹੈ।ਉਨ੍ਹਾਂ ਕਿਹਾ ਕਿ ਸ਼੍ਰੋਮਣੀ ਕਮੇਟੀ ਸਿਕਲੀਗਰ ਪ੍ਰੀਵਾਰਾਂ ਦੀ ਵੱਧ ਤੋਂ ਵੱਧ ਮਦਦ ਕਰ ਰਹੀ ਹੈ ਤੇ ਅੱਗੋਂ ਵੀ ਜਾਰੀ ਹੈ।ਉਨ੍ਹਾਂ ਕਿਹਾ ਕਿ ਜਿਹੜਾ ਪ੍ਰੀਵਾਰ ਦਰਖਾਸਤ ਦੇ ਨਾਲ ਠੋਸ ਸਬੂਤ ਲਗਾਉਂਦਾ ਹੈ ਉਸ ਦੀ ਦਰਖਾਸਤ ‘ਤੇ ਵਿਚਾਰ ਕਰਕੇ ਸਹਾਇਤਾ ਦਿੱਤੀ ਜਾਂਦੀ ਹੈ।
ਸ. ਬੇਦੀ ਨੇ ਦੱਸਿਆ ਕਿ ਜਥੇਦਾਰ ਅਵਤਾਰ ਸਿੰਘ ਨੇ ਕਿਹਾ ਕਿ ਸਿੱਖ ਗੁਰੂ ਸਾਹਿਬਾਨ ਨੇ ਆਪਣੇ ਸਿੱਖ ਨੂੰ ਹਰ ਤਰ੍ਹਾਂ ਦੇ ਹਾਲਾਤਾਂ ਵਿੱਚ ਆਪਣੇ ਧਰਮ ਵਿੱਚ ਪਰਪੱਕ ਹੋਣ ਲਈ ਪ੍ਰੇਰਿਆ ਹੈ। ਉਨ੍ਹਾਂ ਕਿਹਾ ਕਿ ਜੋ ਲੋਕ ਧਰਮ ਤਬਦੀਲੀ ਦੀ ਗੱਲ ਕਰਦੇ ਹਨ ਉਹ ਦਸਮ ਪਾਤਸ਼ਾਹ ਦੇ ਚਾਰੇ ਲਾਲਾਂ ਤੇ ਸ਼ਹੀਦਾਂ ਦੀਆਂ ਕੁਰਬਾਨੀਆਂ ਨੂੰ ਯਾਦ ਕਰਦੇ ਹੋਏ ਉਨ੍ਹਾਂ ਤੋਂ ਸਬਕ ਲੈਣ, ਜਿਨ੍ਹਾਂ ਧਰਮ ਨਹੀਂ ਹਾਰਿਆ ਤੇ ਸਿੱਖੀ ਕੇਸਾਂ ਸਵਾਸਾਂ ਸੰਗ ਨਿਭਾ ਕੇ ਆਪਾ ਕੁਰਬਾਨ ਕਰ ਗਏ।ਉਨ੍ਹਾਂ ਕਿਹਾ ਕਿ ਲਾਲਚ ਵੱਸ ਧਰਮ ਤਬਦੀਲ ਕਰਨਾ ਕੋਈ ਸਿਆਣਪ ਵਾਲੀ ਗੱਲ ਨਹੀਂ।ਉਨ੍ਹਾਂ ਕਿਹਾ ਕਿ ਕੁਝ ਲੋਕ ਸਿੱਖਾਂ ਦੀ ਇਸ ਸੰਸਥਾ ਨੂੰ ਬਦਨਾਮ ਕਰਨ ਤੇ ਆਪਣੀ ਝੂਠੀ ਸ਼ੋਹਰਤ ਖਾਤਿਰ ਗਲਤ ਬਿਆਨ ਲਗਵਾ ਰਹੇ ਹਨ ਜੋ ਸਰਾਸਰ ਗਲਤ ਹੈ।ਉਨ੍ਹਾਂ ਕਿਹਾ ਕਿ ਜੇਕਰ ਕੋਈ ਰਹਿ ਗਿਆ ਹੈ ਤਾਂ ਉਹ ਪੂਰੇ ਸਬੂਤਾਂ ਸਹਿਤ ਮੇਰੇ ਨਾਲ ਜਾਂ ਦਫ਼ਤਰ ਸ਼੍ਰੋਮਣੀ ਕਮੇਟੀ ਵਿੱਚ ਸੰਪਰਕ ਕਰ ਸਕਦਾ ਹੈ।
Check Also
ਖ਼ਾਲਸਾ ਕਾਲਜ ਵਿਖੇ ਇੰਸਟਾਲੇਸ਼ਨ ਸੈਰੇਮਨੀ ਕਰਵਾਈ ਗਈ
ਅੰਮ੍ਰਿਤਸਰ, 12 ਅਗਸਤ (ਸੁਖਬੀਰ ਸਿੰਘ ਖੂਰਮਣੀਆਂ) ¸- ਖਾਲਸਾ ਕਾਲਜ ਦੇ ਰੋਟਾਰੈਕਟ ਕਲੱਬ ਵੱਲੋਂ ਸੈਸ਼ਨ 2026-27 …
Punjab Post Daily Online Newspaper & Print Media