
ਅਜਨਾਲਾ, 10 ਅਗਸਤ (ਪੰਜਾਬ ਪੋਟਸ ਬਿਊਰੋ) – ਸੂਬੇ ਦੀ ਅਕਾਲੀ-ਭਾਜਪਾ ਸਰਕਾਰ ਭਲੇ ਹੀ ਝੂਠ ਦੇ ਪੁੱਲ ਬੰਨ੍ਹ ਕੇ ਲੋਕਾਂ ਦੀਆਂ ਅੱਖਾਂ ਵਿੱਚ ਘੱਟਾ ਪਾਉਣ ਦੀ ਕੋਸ਼ਿਸ਼ ਕਰੇ, ਲੇਕਿਨ ਹੁਣ ਲੋਕ ਜਾਗ ਚੁੱਕੇ ਹਨ ਤੇ ਸਮਾਂ ਆ ਗਿਆ ਹੈ ਕਿ ਅਕਾਲੀ ਆਪਣੇ ਇਸ ਝੂਠ ਵਿੱਚ ਹੀ ਗਰਕ ਹੋਣਗੇ । ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਕਰਦਿਆਂ ਜਿਲ੍ਹਾ ਕਾਂਗਰਸ ਦਿਹਾਤੀ ਦੇ ਪ੍ਰਧਾਨ ਸ੍ਰ: ਗੁਰਜੀਤ ਸਿੰਘ ਔਜਲਾ ਨੇ ਕਿਹਾ ਕਿ ਵੈਸੇ ਤਾਂ ਮੁਖ ਮੰਤਰੀ ਬਾਦਲ ਤੇ ਉਨ੍ਹਾ ਦੇ ਫਰਜੰਦ ਸੁਖਬੀਰ ਸਿੰਘ ਤੇ ਅਕਾਲੀ ਲਾਣਾ ਰੌਲਾ ਪਾਉਂਦੇ ਹਨ ਕਿ ਸੂਬੇ ਦੇ ਲੋਕਾਂ ਨੂੰ ਪਾਰਦਰਸ਼ੀ ਸ਼ਾਸ਼ਨ ਦਿੱਤਾ ਜਾ ਰਿਹਾ ਹੈ, ਲੇਕਿਨ ਉਨ੍ਹਾਂ ਦੇ ਚਹੇਤੇ ਵਿਧਾਇਕਾਂ ਤੇ ਜਥੇਦਾਰਾਂ ਨੇ ਸਿਆਸੀ ਵਿਰੋਧੀਆਂ ਦਾ ਜੀਣਾ ਹਰਾਮ ਕੀਤਾ ਹੋਇਆ ਹੈ।ਸ੍ਰ: ਔਜਲਾ ਨੇ ਦੱਸਿਆ ਕਿ ਥਾਣਾ ਅਜਨਾਲਾ ਅਧੀਨ ਪੈਂਦੇ ਪਿੰਡ ਬੱਲੜ੍ਹਵਾਲ ਵਿਖੇ ਰਹਿ ਰਹੇ ਕਾਂਗਰਸੀ ਵਰਕਰ ਹਰਪਾਲ ਸਿੰਘ ਬਿੱਟੂ ਖਿਲਾਫ ਅਜਨਾਲਾ ਪੁਲਿਸ ਵਲੋਂ 5 ਅਗਸਤ ਨੂੰ ਐਫ.ਆਈ.ਆਰ ਨੰਬਰ 114 ਤਹਿਤ ਇੱਕ ਨਜਾਇਜ਼ ਮਾਮਲਾ ਦਰਜ ਕੀਤਾ ਗਿਆ ਤੇ 6 ਅਗਸਤ ਵਾਲੇ ਦਿਨ ਪਿੰਡ ਦੇ ਹੀ ਵਸਨੀਕ ਤੇ ਅਕਾਲੀ ਦਲ ਨਾਲ ਸਬੰਧਤ ਬਲਾਕ ਸੰਮਤੀ ਮੈਂਬਰ ਸੀਤਲ ਸਿੰਘ ਨੇ ਹਰਪਾਲ ਸਿੰਘ ਦਾ ਘਰ ਢਾਹ ਢੇਰੀ ਕੀਤਾ ਤੇ ਉਸ ਦਾ ਸਮਾਨ ਤੇ ਖੇਤੀਬਾੜੀ ਦੇ ਔਜਾਰ ਤੀਕ ਲੁੱਟ ਲਏ ।ਸ੍ਰ: ਔਜਲਾ ਨੇ ਦੱਸਿਆ ਕਿ ਇਸੇ ਪਿੰਡ ਦੇ ਸੇਵਾ ਸਿੰਘ ਖਿਲਾਫ ਅਜਨਾਲਾ ਪੁਲਿਸ ਨੇ ਐਫ.ਆਈ.ਆਰ ਨੰਬਰ 115 ਦੇ ਮਾਧਿਅਮ ਬਲਾਤਕਾਰ ਦਾ ਝੂਠਾ ਮਾਮਲਾ ਦਰਜ ਕਰ ਦਿੱਤਾ ਤੇ ਇਹ ਸਭ ਉਸ ਵਕਤ ਹੋਇਆ ਜਦੋਂ ਸੀਤਲ ਸਿੰਘ ਆਪਣੇ ਘਰ ਪ੍ਰੀਵਾਰ ਵਿੱਚ ਮੌਜੂਦ ਸੀ ।ਉਨ੍ਹਾਂ ਦੱਸਿਆ ਕਿ ਪਿੰਡ ਮੋਹਨ ਭੰਡਾਰੀਆਂ ਦੇ ਇੱਕ ਕਾਂਗਰਸੀ ਦੀ ਦੁਕਾਨ ਦੀ ਭੰਨ੍ਹ ਤੋੜ ਕਰਨ ਦੀ ਘਟਨਾ ਅਤੇ ਇੱਕ ਔਰਤ ਦੀ ਉਸ ਦੇ ਪਿੰਡ ਦੇ ਹੀ ਇੱਕ ਵਿਅਕਤੀ ਵਲੋਂ ਇੱਜਤ ਨੂੰ ਹੱਥ ਪਾਣ ਦੀ ਸ਼ਰਮਨਾਕ ਘਟਨਾ ਦੀ ਜਾਣਕਾਰੀ ਪੁਲਿਸ ਪਾਸ ਪੁੱਜੀ ਨੂੰ ਕਈ ਮਹੀਨੇ ਬੀਤ ਚੁੱਕੇ ਹਨ, ਲੇਕਿਨ ਕੋਈ ਕਾਰਵਾਈ ਨਹੀ ਕੀਤੀ ਗਈ।ਸ੍ਰ: ਔਜਲਾ ਨੇ ਦੱਸਿਆ ਕਿ ਧੱਕੇਸ਼ਾਹੀ ਦੀਆਂ ਇਹ ਘਟਨਾਵਾਂ ਹਲਕੇ ਦੇ ਅਕਾਲੀ ਵਿਧਾਇਕ ਦੇ ਇਸ਼ਾਰੇ ‘ਤੇ ਅੰਜ਼ਾਮ ਦਿੱਤੀਆਂ ਜਾ ਰਹੀਆਂ ਹਨ ਤੇ ਪੁਲਿਸ ਅਕਾਲੀ ਤੰਤਰ ਦਾ ਹੱਥ ਠੋਕਾ ਬਣੀ ਹੋਈ ਹੈ ।ਸ੍ਰ: ਔਜਲਾ ਨੇ ਦੱਸਿਆ ਕਿ ਉਹ ਅੱਜ ਇੱਕ ਵਾਰ ਫਿਰ ਪੁਲਿਸ ਮੁੱਖੀ ਦਿਹਾਤੀ ਨੂੰ ਮੰਗ ਪੱਤਰ ਦੇ ਰਹੇ ਹਨ, ਲੇਕਿਨ ਜੇ ਫਿਰ ਵੀ ਇਨਸਾਫ ਨਾ ਮਿਲਿਆ ਤਾਂ ਤਿੱਖਾ ਸੰਘਰਸ਼ ਵਿੱਢਿਆ ਜਾਵੇਗਾ।
Check Also
ਖ਼ਾਲਸਾ ਕਾਲਜ ਵਿਖੇ ਐਗਰੀ ਫੈਸਟ-2026 ਕਰਵਾਇਆ ਗਿਆ
ਅੰਮ੍ਰਿਤਸਰ, 25 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਖ਼ਾਲਸਾ ਕਾਲਜ ਦੇ ਖੇਤੀਬਾੜੀ ਵਿਭਾਗ ਅਤੇ ਖੇਤੀਬਾੜੀ ਸੁਸਾਇਟੀ …
Punjab Post Daily Online Newspaper & Print Media