Wednesday, March 18, 2026

’ਖਾਲਸਾ ਯੂਨੀਵਰਸਿਟੀ’ ਦੀ ਸਥਾਪਨਾ ਸਬੰਧੀ ਸੂਬਾ ਸਰਕਾਰ ਵੱਲੋਂ ਨੋਟੀਫ਼ਿਕੇਸ਼ਨ ਜਾਰੀ

S. Satyajit Singh Majithiaਅੰਮ੍ਰਿਤਸਰ, 19 ਅਗਸਤ (ਸੁਖਬੀਰ ਸਿੰਘ ਖੁਰਮਣੀਆ)-‘ਖ਼ਾਲਸਾ ਯੂਨੀਵਰਸਿਟੀ’ ਦੀ ਸਥਾਪਨਾ ਸਬੰਧੀ ਲੋੜੀਂਦੀ ਨੋਟੀਫ਼ਿਕੇਸ਼ਨ ਅੱਜ ਗਵਰਨਰ ਪੰਜਾਬ ਵੱਲੋਂ ਜਾਰੀ ਕਰ ਦਿੱਤਾ ਗਿਆ। ਇਸਦੇ ਨਾਲ ਹੀ ਪ੍ਰੋਫੈਸ਼ਨਲ ਅਤੇ ਖੋਜ਼ ਅਧਾਰਿਤ ਕੋਰਸਾਂ ਨੂੰ ਉਤਸ਼ਾਹਿਤ ਕਰਨ ਵਾਲੀ ‘ਖ਼ਾਲਸਾ ਯੂਨੀਵਰਸਿਟੀ, ਅੰਮ੍ਰਿਤਸਰ’ ਦੀ ਮੈਨੇਜ਼ਮੈਂਟ ਵੱਲੋਂ ਚੋਣਵੇਂ ਵਿਸ਼ਿਆਂ ਵਿੱਚ ਦਾਖਲੇ ਦੀ ਸ਼ੁਰੂਆਤ ਕਰ ਦਿੱਤੀ ਗਈ। ਵਰਨਣਯੋਗ ਹੈ ਕਿ ਪੰਜਾਬ ਕੈਬਨਿਟ ਇਸ ਯੂਨੀਵਰਸਿਟੀ ਸਬੰਧੀ ਆਪਣੀ ਪ੍ਰਵਾਨਗੀ ਕਰੀਬ ਇਕ ਮਹੀਨਾ ਪਹਿਲਾਂ ਦਿੱਤੀ ਸੀ, ਜਿਸ ਉਪਰੰਤ ਵੱਖ-ਵੱਖ ਸੰਸਥਾਵਾਂ, ਬੁੱਧੀਜੀਵੀਆਂ ਅਤੇ ਸੰਗਠਨਾਂ ਨੇ ਇਸ ਯੂਨੀਵਰਸਿਟੀ ਦਾ ਭਰਪੂਰ ਸਵਾਗਤ ਕੀਤਾ ਸੀ।
ਗਵਰਨਰ ਪੰਜਾਬ ਵੱਲੋਂ ਫੈਸਲੇ ‘ਤੇ ਲਾਈ ਮੋਹਰ ਉਪਰੰਤ ਇਤਿਹਾਸਕ ਖ਼ਾਲਸਾ ਕਾਲਜ ਗਵਰਨਿੰਗ ਕੌਂਸਲ ਦੇ ਪ੍ਰਧਾਨ ਸ: ਸੱਤਿਆਜੀਤ ਸਿੰਘ ਮਜੀਠੀਆ ਅਤੇ ਆਨਰੇਰੀ ਸਕੱਤਰ ਸ: ਰਜਿੰਦਰ ਮੋਹਨ ਸਿੰਘ ਛੀਨਾ ਨੇ ਪੰਜਾਬ ਸਰਕਾਰ ਦਾ ਧੰਨਵਾਦ ਕਰਦਿਆਂ ਯਕੀਨ ਦਿਵਾਇਆ ਕਿ ਇਹ ਯੂਨੀਵਰਸਿਟੀ ਇਸ ਸਰਹੱਦੀ ਖੇਤਰ ਵਿੱਚ ਹੀ ਨਹੀਂ, ਸਗੋਂ ਪੂਰੇ ਪੰਜਾਬ ਲਈ ਖੋਜ ਅਤੇ ਪੜ੍ਹਾਈ ਲਈ ਵਿਦਿਆਰਥੀਆਂ ਲਈ ਵਰਦਾਨ ਸਾਬਿਤ ਹੋਵੇਗੀ।
ਸ: ਮਜੀਠੀਆ ਨੇ ਪੰਜਾਬ ਦੇ ਮੁੱਖ ਮੰਤਰੀ ਸ: ਪ੍ਰਕਾਸ਼ ਸਿੰਘ ਬਾਦਲ ਅਤੇ ਉੱਪ ਮੁੱਖ ਮੰਤਰੀ ਸ: ਸੁਖਬੀਰ ਸਿੰਘ ਬਾਦਲ ਦਾ ਇਸ ਯੂਨੀਵਰਸਿਟੀ ਨੂੰ ਸਥਾਪਿਤ ਕਰਨ ਲਈ ਧੰਨਵਾਦ ਕਰਦਿਆਂ ਕਿਹਾ ਕਿ ਇਹ ਇਕ ਮਲਟੀ-ਫੈਕਲਟੀ ਪ੍ਰੋਫੈਸ਼ਨਲ ਯੂਨੀਵਰਸਿਟੀ ਹੋਵੇਗੀ, ਜਿਸਦਾ ਮੁੱਖ ਉਪਦੇਸ਼ ਖੋਜ਼ ਭਰਪੂਰ ਗਿਆਨ ਦਾ ਪ੍ਰਸਾਰ ਅਤੇ ਭਵਿੱਖ ਨੂੰ ਧਿਆਨ ਵਿੱਚ ਰੱਖਦਿਆਂ ਵਿਦਿਆਰਥੀਆਂ ਨੂੰ ਰਵਾਇਤੀ ਵਿੱਦਿਆ ਪ੍ਰਦਾਨ ਕਰਨਾ ਹੋਵੇਗਾ। ਉਨ੍ਹਾਂ ਕਿਹਾ ਕਿ ਬਹੁਤ ਜਲਦ ਇਹ ਇਕ ਵਰਲਡ ਕਲਾਸ ਯੂਨੀਵਰਸਿਟੀ ਬਣੇਗੀ। ਜਿਸ ਲਈ ਉਹ ਵਿਸ਼ਵ ਦੀਆਂ ਪ੍ਰਸਿੱਧ ਯੂਨੀਵਰਸਿਟੀਆਂ ਨਾਲ ਰਾਬਤਾ ਕਾਇਮ ਕਰਕੇ ਸਮੇਂ ਦੀ ਮੰਗ ਅਨੁਸਾਰ ਕੋਰਸਾਂ ਦੀ ਸ਼ੁਰੂਆਤ ਕਰਨਗੇ।
ਸ: ਛੀਨਾ ਨੇ ਇਸ ਮੌਕੇ ਪੰਜਾਬ ਸਰਕਾਰ ਦੇ ਫੈਸਲੇ ਦਾ ਪੁਰਜ਼ੋਰ ਸਵਾਗਤ ਕਰਦਿਆਂ ਕਿਹਾ ਕਿ ਪੀ. ਐੱਚ. ਡੀ. ਦੇ ਲਗਭਗ ਸਾਰੇ ਹੀ ਪ੍ਰੋਗਰਾਮਾਂ ਅਤੇ ਵਿਸ਼ਿਆਂ ਨੂੰ ਇਸ ਵਿੱਦਿਅਕ ਸ਼ੈਸ਼ਨ ਤੋਂ ਸ਼ੁਰੂ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਇਸ ਤੋਂ ਇਲਾਵਾ ਐੱਮ. ਫ਼ਿਲ ਅਤੇ ਮਾਸਟਰ ਪੱਧਰ ਦੇ ਹੋਰ ਕੋਰਸਾਂ ਦਾ ਅਗਾਜ਼ ਵੀ ਇਸੇ ਸ਼ੈਸ਼ਨ ਤੋਂ ਕਰਨ ਦੀ ਯੋਜਨਾ ਹੈ ਅਤੇ ਰਹਿੰਦੇ ਕੋਰਸਾਂ ਦੀ ਸ਼ੁਰੂਆਤ ਅਗਲੇ ਸ਼ੈਸ਼ਨ ਤੋਂ ਆਰੰਭੀ ਜਾਵੇਗੀ। ਉਨ੍ਹਾਂ ਕਿਹਾ ਕਿ ਜਿਨ੍ਹਾਂ ਕੋਰਸਾਂ ਵਿੱਚ ਪੀ. ਐੱਚ. ਡੀ. ਸ਼ੁਰੂ ਕੀਤੀ ਜਾ ਰਹੀ ਹੈ, ਉਨ੍ਹਾਂ ਵਿੱਚ ਐਗਰੀਕਲਚਰ, ਇੰਜੀਨੀਅਰਿੰਗ, ਸਾਇੰਸਸ, ਐਜ਼ੂਕੇਸ਼ਨ, ਫ਼ਿਜੀਕਲ ਐਜ਼ੂਕੇਸ਼ਨ, ਪੰਜਾਬੀ, ਹਿੰਦੀ, ਇੰਗਲਿਸ਼, ਜਰਨਲਿਜ਼ਮ ਐਂਡ ਮਾਸ ਕਮਨੀਕੇਸ਼ਨ, ਲਾਅ, ਲਾਇਬ੍ਰੇਰੀ ਸਾਇੰਸ, ਮੈਡੀਕਲ ਲੈਬ, ਟੈਕਨਾਲੋਜੀ, ਫਾਰਮੇਸੀ ਐਂਡ ਨਰਸਿੰਗ ਸ਼ਾਮਿਲ ਹਨ।
ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਗੁਰਬਚਨ ਸਿੰਘ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਅਵਤਾਰ ਸਿੰਘ ਮੱਕੜ, ਵੱਖ-ਵੱਖ ਸਟੂਡੈਂਟਸ ਫੈਡਰੇਸ਼ਨ, ਵਿੱਦਿਅਕ ਸੰਸਥਾਵਾਂ, ਮਾਹਿਰਾਂ ਅਤੇ ਵਿਦੇਸ਼ੀ ਸਿੱਖਾਂ ਨੇ  ‘ਯੂਨੀਵਰਸਿਟੀ’ ਸਥਾਪਨਾ ਕਰਨ ਦਾ ਭਰਪੂਰ ਸਵਾਗਤ ਕੀਤਾ ਹੈ।
ਮੈਨੇਜ਼ਮੈਂਟ ਨੇ ਕਿਹਾ ਕਿ ਇਤਿਹਾਸਕ ਖ਼ਾਲਸਾ ਕਾਲਜ ਨੂੰ ਯੂਨੀਵਰਸਿਟੀ ਅਲੱਗ ਰੱਖਿਆ ਗਿਆ ਹੈ ਅਤੇ ਇਹ ਕਾਲਜ ਗੁਰੂ ਨਾਨਕ ਦੇਵ ਯੂਨੀਵਰਸਿਟੀ ਅਧੀਨ ਖੁਦਮੁਖਤਿਆਰ ਕਾਲਜ ਦੇ ਤੌਰ ‘ਤੇ ਵਿੱਦਿਆ ਦੇ ਪ੍ਰਸਾਰ ਲਈ ਵਚਨਬੱਧ ਹੈ। ਉਨ੍ਹਾਂ ਕਿਹਾ ਕਿ 125 ਸਾਲਾਂ ਵਿਰਾਸਤੀ ਇਮਾਰਤ ‘ਖ਼ਾਲਸਾ ਕਾਲਜ’ ਦੇ ਨਾਲ-ਨਾਲ ਵੱਡ-ਵਡੇਰਿਆਂ ਨੇ ਸੁਪਨਾ ਸਜੋਇਆ ਸੀ ਕਿ ‘ਖ਼ਾਲਸਾ ਯੂਨੀਵਰਸਿਟੀ’ ਦੀ ਵੀ ਇਕ ਦਿਨ ਸਥਾਪਨਾ ਕੀਤੀ ਜਾਵੇਗੀ ਜੋ ਕਿ ਸਕਾਰ ਹੋਇਆ ਹੈ।
ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਕੱਤਰ ਮਨਜਿੰਦਰ ਸਿੰਘ ਸਿਰਸਾ, ਸਾਬਕਾ ਚੇਅਰਮੈਨ, ਨੈਸ਼ਨਲ ਮਿਓਨਿਟੀ ਕਮਿਸ਼ਨ ਤਰਲੋਚਨ ਸਿੰਘ, ਅਮਰੀਕਨ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਕੋਆਰਡੀਨੇਟਰ ਪ੍ਰਿਤਪਾਲ ਸਿੰਘ, ਗੁਰੂ ਨਾਨਕ ਦੇਵ ਯੂਨੀਵਰਸਿਟੀ ਉੱਪ ਕੁਲਪਤੀ ਅਜਾਇਬ ਸਿੰਘ ਬਰਾੜ, ਚੀਫ਼ ਖ਼ਾਲਸਾ ਦੀਵਾਨ ਦੇ ਪ੍ਰਧਾਨ ਚਰਨਜੀਤ ਸਿੰਘ ਚੱਢਾ, ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਸਾਬਕਾ ਉੱਪ ਕੁਲਪਤੀ ਡਾ. ਐਸ.ਪੀ ਸਿੰਘ ਅਤੇ ਡਾ. ਹਰਭਜਨ ਸਿੰਘ ਸੋਚ, ਸਰਬੱਤ ਦਾ ਭਲਾ ਦੇ ਮੁੱਖੀ ਡਾ. ਐੱਸ.ਪੀ ਸਿੰਘ ਓਬਰਾਏ, ਚੰਡੀਗੜ੍ਹ ਯੂਨੀਵਰਸਿਟੀ ਦੇ ਉੱਪ ਕੁਲਪਤੀ ਡਾ. ਆਰ. ਐਸ ਬਾਵਾ ਨੇ ਆਪਣੇ ਸੰਦੇਸ਼ਾਂ ਰਾਹੀਂ ਯੂਨੀਵਰਸਿਟੀ ਸਥਾਪਨਾ ਦਾ ਭਰਪੂਰ ਸਵਾਗਤ ਕੀਤਾ।

Check Also

ਅਧਿਆਪਕਾਂ ਦੀ ਇਕ ਰੋਜ਼ਾ ਬਲਾਕ ਪੱਧਰੀ ਜਾਦੂਈ ਪਿਟਾਰਾ ਅਤੇ ਐਚ.ਪੀ.ਸੀ ਵਰਕਸ਼ਾਪ ਆਯੋਜਿਤ

ਅੰਮ੍ਰਿਤਸਰ, 18 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਸਕੂੂਲ ਸਿੱਖਿਆ ਵਿਭਾਗ ਪੰਜਾਬ ਵਲੋਂ ਰਾਜ ਵਿਦਿਅਕ ਖੋਜ਼ …

Leave a Reply