ਅੰਮ੍ਰਿਤਸਰ, 19 ਅਗਸਤ (ਸੁਖਬੀਰ ਸਿੰਘ ਖੁਰਮਣੀਆ)- ਇਤਿਹਾਸਕ ਖ਼ਾਲਸਾ ਕਾਲਜ ਵਿਖੇ ਬੀਤੀ ਸ਼ਾਮ ਪਾਕਿਸਤਾਨ ਦੇ ਮਸ਼ਹੂਰ ਗਾਇਕ ਸਾਈਂ ਖ਼ਾਦਿਮ ਹੁਸੈਨ ਵਾਰਸੀ ਨੇ ‘ਸੁਲਤਾਨ ਬਾਹੂ’ ਦੇ ਕਲਾਮ ਪੇਸ਼ ਕਰਦਿਆਂ ਜਦੋਂ ‘ਮੱਕੇ ਗਿਆ ਗੱਲ ਮੁਕਣੀ ਨਾਹੀਂ, ਭਾਵੇਂ ਸੌ-ਸੌ ਜੁਮੇ ਪੜ੍ਹ ਆਈਏ’ ਤਾਂ ਹਾਜ਼ਰ ਸਰੋਤੇ ਤਾੜੀਆਂ ਮਾਰਨ ਤੋਂ ਆਪਣੇ ਹੱਥਾਂ ਨੂੰ ਨਾ ਰੋ ਸਕੇ। ਕਰੀਬ 2 ਘੰਟੇ ਦੇ ਪ੍ਰੋਗਰਾਮ ਦੌਰਾਨ ਆਪਣੀ ਬੁਲੰਦ ਅਵਾਜ਼ ਵਿੱਚ ਗਾਇਕੀ ਨਾਲ ਸ: ਸੁੰਦਰ ਸਿੰਘ ਮਜੀਠੀਆ ਹਾਲ ਵਿਖੇ ਉਨ੍ਹਾਂ ਦਰਸ਼ਕਾਂ ਬੈਠਣ ਲਈ ਮਜ਼ਬੂਰ ਕਰ ਦਿੱਤਾ। ਵਾਰਸੀ ਦੁਆਰਾ ਪੇਸ਼ ਕੀਤੇ ਗਏ ਦਿਲ-ਖਿੱਚਵੇਂ ਸੁਲਤਾਨ ਬਾਹੂ ਦੀਆਂ ਰੁਬਾਈਆਂ ਦੇ ਕਲਾਮ, ਬੰਦ ਅਤੇ ਕਾਫੀ ਨੇ ਦਰਸ਼ਕਾਂ ਨੂੰ ਮਦਹੋਸ਼ ਕਰ ਦਿੱਤਾ। ਇਸ ਤੋਂ ਇਲਾਵਾ ਰੱਬ ਉਨ੍ਹਾਂ ਨੂੰ ਮਿਲਦਾ ਨੀਤ ਜਿੰਨ੍ਹਾਂ ਦੀ ਸੱਚੀ, ਹੀਰ ਆਖਦੀ ਕਾਜੀਆ-ਬਾਜੀਆਂ ਵੇ ਧੱਕੇ ਜ਼ੋਰ ਦਾ ਕਰੇ ਨਿਕਾਹ ਮੇਰਾ ਆਦਿ ਗੀਤਾਂ ਦਾ ਦਰਸ਼ਕਾਂ ਨੇ ਖੜ੍ਹੇ ਹੋ ਕੇ ਤਾੜੀਆਂ ਮਾਰਕੇ ਸਵਾਗਤ ਕੀਤਾ।
ਕਾਲਜ ਦੇ ਪੰਜਾਬੀ ਵਿਭਾਗ ਵੱਲੋਂ ਆਯੋਜਿਤ ਇਸ ਪ੍ਰੋਗਰਾਮ ਵਿੱਚ ਮੁੱਖ ਮਹਿਮਾਨ ਦੇ ਤੌਰ ‘ਤੇ ਪਹੁੰਚੇ ਖ਼ਾਲਸਾ ਕਾਲਜ ਗਵਰਨਿੰਗ ਕੌਂਸਲ ਦੇ ਆਨਰੇਰੀ ਸਕੱਤਰ ਸ: ਰਜਿੰਦਰ ਮੋਹਨ ਸਿੰਘ ਛੀਨਾ ਨੇ ਵਾਰਸੀ ਦੀ ਗਾਇਕੀ ਨੂੰ ਰੱਬ ਤੇ ਰੂਹ ਦੀ ਅਵਾਜ ਦੱਸਿਆ। ਉਨ੍ਹਾਂ ਕਿਹਾ ਕਿ ਇਨ੍ਹਾਂ ਦੀ ਗਾਇਕੀ ਵਿੱਚ ਅਜਿਹੀ ਡੂੰਘਾਈ ਹੈ ਜਿਸ ਨਾਲ ਇਨਸਾਨ ਦੀ ਸੁਰਤ ਪ੍ਰਮਾਤਮਾ ਨਾਲ ਟਿਕ ਜਾਂਦੀ ਹੈ। ਉਨ੍ਹਾਂ ਨੇ ਪ੍ਰਿੰਸੀਪਲ ਡਾ. ਮਹਿਲ ਸਿੰਘ ਨਾਲ ਮਿਲਕੇ ਵਾਰਸੀ ਨੂੰ ਫੁੱਲਾਂ ਦੇ ਗੁਲਦਸਤੇ ਅਤੇ ਕਾਲਜ ਦੀ ਤਸਵੀਰ ਭੇਟ ਕਰਨ ਤੋਂ ਇਲਾਵਾ ਉਨ੍ਹਾਂ ਨਾਲ ਪਾਕਿ ਤੋਂ ਆਏ ਸ਼ਾਹਿਦ ਨੂੰ ਵੀ ਸਨਮਾਨਿਤ ਕੀਤਾ। ਇਸ ਮੌਕੇ ਕਾਲਜ ਦੀ ਹਰਲੀਨ ਕੌਰ ਨੇ ਬੰਦ ਸੁਣਾਕੇ ਦਰਸ਼ਕਾਂ ਨੂੰ ਮੰਤਰ ਮੁਗਧ ਕੀਤਾ।
ਇਸ ਮੌਕੇ ਉਚੇਚੇ ਤੌਰ ‘ਤੇ ਪੁੱਜੇ ਏ. ਡੀ. ਸੀ. ਸ: ਤੇਜਿੰਦਰਪਾਲ ਸਿੰਘ ਸੰਧੂ ਨੇ ਆਪਣੇ ਸੰਬੋਧਨ ਕਰਦਿਆਂ ਵਾਰਸੀ ਦੁਆਰਾ ਪੇਸ਼ ਕੀਤੀ ਗਾਇਕ ਨੂੰ ਸਲਾਹਉਂਦਿਆ ਕਿਹਾ ਕਿ ਸੂਫ਼ੀ ਗਾਇਕੀ ਹਿੰਦ-ਪਾਕਿ ਦੀਆਂ ਤੰਦਾਂ ਨੂੰ ਮਜ਼ਬੂਤ ਕਰਦੀਆਂ ਹਨ। ਇਸ ਮੌਕੇ ਕੌਂਸਲ ਦੇ ਵਧੀਕ ਜੁਆਇੰਟ ਸਕੱਤਰ ਸ: ਸਵਿੰਦਰ ਸਿੰਘ ਕੱਥੂਨੰਗਲ, ਸ: ਰਾਜਬੀਰ ਸਿੰਘ, ਐੱਸ. ਐੱਸ. ਮੰਨਨ, ਮੈਂਬਰ ਪ੍ਰਿੰ: ਜਗਦੀਸ਼ ਸਿੰਘ, ਜਤਿੰਦਰ ਬਰਾੜ, ਇੰਡੀਅਨ ਅਕੈਡਮੀ ਆਫ਼ ਫ਼ਾਈਨ ਆਰਟਸ ਦੇ ਫ਼ਾਇਨਾਂਸ ਸਕੱਤਰ ਸ: ਅਰਵਿੰਦਰ ਸਿੰਘ ਚਮਕ, ਕਾਲਜ ਰਜਿਸਟਰਾਰ ਪ੍ਰੋ: ਦਵਿੰਦਰ ਸਿੰਘ, ਅੰਡਰ ਸੈਕਟਰੀ ਡੀ. ਐੱਸ. ਰਟੌਲ, ਪ੍ਰੋ: ਸਤਨਾਮ ਸਿੰਘ, ਪ੍ਰੋ: ਦਲਜੀਤ ਸਿੰਘ, ਪ੍ਰੋ: ਆਤਮ ਰੰਧਾਵਾ ਅਤੇ ਕਾਲਜਾਂ ਤੋਂ ਆਏ ਅਧਿਆਪਕ ਮੌਜ਼ੂਦ ਸਨ।
Check Also
ਨਗਰ ਨਿਗਮ ਵੱਲੋਂ ਵਿਸ਼ਾਲ ਐਂਟੀ-ਇਨਕਰੋਚਮੈਂਟ ਵਿਸ਼ੇਸ਼ ਮੁਹਿੰਮ ਚਲਾਈ ਗਈ
ਅੰਮ੍ਰਿਤਸਰ, 7 ਜੁਲਾਈ (ਸੁਖਬੀਰ ਸਿੰਘ) – ਨਗਰ ਨਿਗਮ ਅੰਮ੍ਰਿਤਸਰ ਵੱਲੋਂ ਗੋਲ ਬਾਗ (ਰੇਲਵੇ ਸਟੇਸ਼ਨ ਦੇ …
Punjab Post Daily Online Newspaper & Print Media