Tuesday, August 11, 2026

ਮਜੀਠੀਆ ਨੇ ਅੱਪਰ ਬਾਰੀ ਦੁਆਬ ਨਹਿਰ ਦੇ ਨਵੀਨੀਕਰਨ ਲਈ ਮੰਗੀ ਗਰਾਂਟ-ਵਿੱਤ ਮੰਤਰੀ ਅਰੁਣ ਜੇਤਲੀ ਨਾਲ ਕੀਤੀ ਮੁਲਾਕਾਤ

PPN2308201613
ਅੰਮ੍ਰਿਤਸਰ, 23 ਅਗਸਤ (ਜਗਦੀਪ ਸਿੰਘ ਸੱਗੂ) – ਪੰਜਾਬ ਦੇ ਮਾਲ, ਮੁੜ ਵਸੇਬਾ ਅਤੇ ਲੋਕ ਸੰਪਰਕ ਮੰਤਰੀ ਸ. ਬਿਕਰਮ ਸਿੰਘ ਮਜੀਠੀਆ ਨੇ ਕੇਂਦਰੀ ਖਜ਼ਾਨਾ ਮੰਤਰੀ ਸ੍ਰੀ ਅਰੁਣ ਜੇਤਲੀ ਨਾਲ ਮੁਲਾਕਾਤ ਕਰਦਿਆਂ ਅੱਪਰ ਬਾਰੀ ਦੁਆਬ ਨਹਿਰ ਦੇ ਨਵੀਨੀਕਰਨ ਅਤੇ ਆਧੁਨਿਕੀਕਰਨ ਕਰਨ ਹਿਤ 1386.79 ਕਰੋੜ ਰੁਪਏ ਦੀ ਵਿਸ਼ੇਸ਼ ਗਰਾਂਟ ਜਲਦ ਜਾਰੀ ਕਰਨ ਲਈ ਮੰਗ ਕੀਤੀ ਹੈ।
ਸ: ਮਜੀਠੀਆ ਦੀ ਅਗਵਾਈ ਵਿੱਚ ਮਾਝੇ ਦੇ ਅਕਾਲੀ ਆਗੂਆਂ, ਵਿਧਾਇਕਾਂ ਅਤੇ ਜ਼ਿਲ੍ਹਾ ਪ੍ਰਧਾਨਾਂ ਦੀ ਇੱਕ ਵਫ਼ਦ ਵੱਲੋਂ ਬੀਤੇ ਸ਼ਾਮ ਕੇਂਦਰੀ ਖਜ਼ਾਨਾ ਮੰਤਰੀ ਸ੍ਰੀ ਅਰੁਣ ਜੇਤਲੀ ਨਾਲ ਉਨ੍ਹਾਂ ਦੀ ਰਿਹਾਇਸ਼ ‘ਤੇ ਮੁਲਾਕਾਤ ਦੌਰਾਨ ਉਕਤ ਸੰਬੰਧੀ ਵਿਸ਼ੇਸ਼ ਗਰਾਂਟ ਜਲਦ ਜਾਰੀ ਕਰਨ ਲਈ ਮੰਗ ਪੱਤਰ ਸੌਂਪਿਆ ਗਿਆ। ਸ. ਮਜੀਠੀਆ ਨੇ ਸ੍ਰੀ ਅਰੁਣ ਜੇਤਲੀ ਦੇ ਧਿਆਨ ਵਿੱਚ ਲਿਆਂਦਾ ਕਿ ਇਸ ਮਾਮਲੇ ‘ਤੇ ਮੁੱਖ ਮੰਤਰੀ ਪੰਜਾਬ ਸ. ਪਰਕਾਸ਼ ਸਿੰਘ ਬਾਦਲ ਦੀਆਂ ਹਦਾਇਤਾਂ ਨਾਲ ਪੰਜਾਬ ਸਰਕਾਰ ਵੱਲੋਂ ਇਸ ਸਬੰਧੀ ਕੇਂਦਰੀ ਵਿੱਤ ਅਤੇ ਪਾਣੀਆਂ ਬਾਰੇ ਮੰਤਰਾਲੇ ਨੂੰ ਅਗਸਤ 2015 ਵਿੱਚ ਇੱਕ ਪ੍ਰਸਤਾਵ ਬਣਾ ਕੇ ਭੇਜਿਆ ਜਾ ਚੁੱਕਿਆ ਹੈ । ਅਤੇ ਕੇਂਦਰ ਵਿੱਤ ਮੰਤਰਾਲੇ ਅਤੇ ਪਾਣੀਆਂ ਬਾਰੇ ਕੇਂਦਰੀ ਕਮਿਸ਼ਨ ਵੱਲੋਂ ਇਸ ਨੂੰ ਤਕਨੀਕੀ ਪ੍ਰਵਾਨਗੀ ਵੀ ਦਿੱਤੀ ਜਾ ਚੁੱਕੀ ਹੈ ਅਤੇ ਹੁਣ ਪਾਣੀਆਂ ਬਾਰੇ ਮੰਤਰਾਲੇ ਦੀ ਤਕਨੀਕੀ ਕਮੇਟੀ ਦੀ ਅਗਲੀ ਮੀਟਿੰਗ ਵਿੱਚ ਇਸ ਨੂੰ ਪ੍ਰਵਾਨਗੀ ਹਿਤ ਪੇਸ਼ ਕੀਤਾ ਜਾਣਾ ਹੈ।
ਉਹਨਾਂ ਦੱਸਿਆ ਕਿ ਅੱਜ ਸ: ਬਾਦਲ ਨੇ ਨਿੱਜੀ ਤੌਰ ‘ਤੇ ਉਨ੍ਹਾਂ ਨੂੰ ਮਿਲਣ ਆਉਣਾ ਸੀ,  ਪ੍ਰੰਤੂ ਕੁੱਝ ਕਾਰਨਾਂ ਕਰਕੇ ਉਹ ਖੁਦ ਨਹੀਂ ਆ ਸਕੇ ਅਤੇ ਉਨ੍ਹਾਂ ਨੇ ਮੈਨੂੰ  ਅੱਪਰ ਬਾਰੀ ਦੁਆਬ ਨਹਿਰ ਮਾਮਲੇ ‘ਤੇ ਕੇਸ ਪੇਸ਼ ਕਰਨ ਲਈ ਭੇਜਿਆ ਹੈ।ਸ: ਮਜੀਠੀਆ ਨੇ ਵਿਤ ਮੰਤਰੀ ਨੂੰ ਦੱਸਿਆ ਕਿ ਅੱਪਰ ਬਾਰੀ ਦੁਆਬ ਨਹਿਰ ਨਾਲ 13.43 ਲੱਖ ਏਕੜ ਜ਼ਮੀਨ ਦੀ ਸਿੰਚਾਈ ਕੀਤੀ ਜਾਂਦੀ  ਹੈ ਪਰ ਮੌਜੂਦਾ ਸਮੇਂ ਇਸਦੀ ਮਾੜੀ ਹਾਲਤ ਕਾਰਨ ਇਹ ਸਿਰਫ਼ 63 ਫੀਸਦੀ ਜ਼ਮੀਨ ਨੂੰ ਹੀ ਪਾਣੀ ਮੁਹੱਈਆ ਕਰਵਾ ਰਹੀ ਹੈ।ਸ. ਮਜੀਠੀਆ ਨੇ ਕੇਂਦਰੀ ਮੰਤਰੀ ਦੇ ਧਿਆਨ ਵਿੱਚ ਲਿਆਂਦਾ ਕਿ ਪਠਾਨਕੋਟ, ਗੁਰਦਾਸਪੁਰ, ਤਰਨਤਾਰਨ ਅਤੇ ਅੰਮ੍ਰਿਤਸਰ ਜ਼ਿਲ੍ਹਿਆਂ ਦੇ ਕਿਸਾਨਾਂ ਨੂੰ ਅੱਪਰ ਬਾਰੀ ਦੁਆਬ ਨਹਿਰ ਦੇ ਨਵੀਨੀਕਰਨ ਅਤੇ ਮੁਰੰਮਤ ਨਾਲ ਬਹੁਤ ਵੱਡਾ ਲਾਭ ਹੋਵੇਗਾ ਅਤੇ ਜ਼ਮੀਨਦੋਜ਼ ਪਾਣੀ ਦੀ ਵੀ ਬਚਤ ਹੋਵੇਗੀ।
ਸ. ਮਜੀਠੀਆ ਨੇ ਕਿਹਾ ਕਿ 400 ਕਿੱਲੋਮੀਟਰ ਲੰਬੀ ਇਹ ਨਹਿਰ ਦੇਸ਼ ਦੀ ਸਭ ਤੋਂ ਪੁਰਾਣੀ ਨਹਿਰ ਹੈ, ਜਿਸ ਦਾ ਨਿਰਮਾਣ ਅੰਗਰੇਜ਼ ਸਰਕਾਰ ਨੇ 1889 ਵਿੱਚ ਕਰਵਾਇਆ ਸੀ।  ਇਸ ਨਹਿਰ ਦੀਆਂ ਸੱਤ ਮੁੱਖ ਬਰਾਂਚਾਂ ਅਤੇ 247 ਡਿਸਟੀਬਿਊਟਰੀਜ਼ ਹਨ। ਉਨ੍ਹਾਂ ਦੱਸਿਆ ਕਿ ਲਗਾਤਾਰ ਟਿਊਬਵੈੱਲਾਂ ਦੀ ਵਰਤੋਂ ਕਾਰਨ ਜ਼ਮੀਨਦੋਜ਼ ਪਾਣੀ ਦਿਨੋਂ ਦਿਨ ਘਟਦਾ ਜਾ ਰਿਹਾ ਹੈ, ਇਸ ਲਈ ਮਾਝਾ ਅਤੇ ਦੁਆਬਾ ਖੇਤਰ ਦੇ ਕਿਸਾਨਾਂ ਲਈ ਇਹ ਨਹਿਰੀ ਪਾਣੀ ਵਰਦਾਨ ਸਾਬਤ ਹੋਵੇਗਾ।
ਇਸ ਮੌਕੇ ਸ. ਮਜੀਠੀਆ ਨੇ ਇਸ ਸਰਹੱਦੀ ਖੇਤਰ ਵਿੱਚ ਸਨਅਤ ਦੇ ਵਿਕਾਸ ਲਈ ਵਿਸ਼ੇਸ਼ ਸਹੂਲਤਾਂ ਦੇਣ ਅਤੇ ਅੰਮ੍ਰਿਤਸਰ ਹਵਾਈ ਅੱਡੇ ਤੋਂ ਵਿਦੇਸ਼ਾਂ ਲਈ ਹੋਰ ਉਡਾਣਾਂ ਸ਼ੁਰੂ ਕਰਨ ਦਾ ਮੁੱਦਾ ਵੀ ਵਿਤ ਮੰਤਰੀ ਕੋਲ ਉਠਾਇਆ।  ਸ. ਮਜੀਠੀਆ ਨੇ ਕਿਹਾ ਕਿ ਸ੍ਰੀ ਅਰੁਣ ਜੇਤਲੀ ਵੱਲੋਂ ਭਰੋਸਾ ਦੁਆਇਆ ਗਿਆ ਕਿ ਇਸ ਮਾਮਲੇ ਦਾ ਜਲਦ ਹੀ ਹਾਂ ਪੱਖੀ ਨਿਪਟਾਰਾ ਕੀਤਾ ਜਾਵੇਗਾ ।
ਇਸ ਵਫ਼ਦ ਵਿੱਚ ਸ. ਮਜੀਠੀਆ ਤੋਂ ਇਲਾਵਾ ਜ਼ਿਲ੍ਹਾ ਅੰਮ੍ਰਿਤਸਰ ਅਕਾਲੀ ਦਲ ਦੇ ਪ੍ਰਧਾਨ ਸ. ਵੀਰ ਸਿੰਘ ਲੋਪੋਕੇ, ਜ਼ਿਲ੍ਹਾ ਗੁਰਦਾਸਪੁਰ ਤੋਂ ਅਕਾਲੀ ਦਲ ਦੇ ਪ੍ਰਧਾਨ ਸ. ਸੁੱਚਾ ਸਿੰਘ ਲੰਗਾਹ, ਜ਼ਿਲ੍ਹਾ ਪਠਾਨਕੋਟ ਦੇ ਪਾਰਟੀ ਪ੍ਰਧਾਨ ਸ. ਹਰਦੀਪ ਸਿੰਘ ਲਮੀਣੀ, ਜ਼ਿਲ੍ਹਾ ਤਰਨਤਾਰਨ ਦੇ ਪ੍ਰਧਾਨ ਵਿਰਸਾ ਸਿੰਘ ਵਲਟੋਹਾ, ਵਿਧਾਇਕ ਅਮਰਪਾਲ ਸਿੰਘ ਬੋਨੀ, ਵਿਧਾਇਕ ਰਵਿੰਦਰ ਸਿੰਘ ਬ੍ਰਹਮਪੁਰਾ, ਵਿਧਾਇਕ ਹਰਮੀਤ ਸਿੰਘ ਸੰਧੂ, ਵਿਧਾਇਕ ਵਿਰਸਾ ਸਿੰਘ ਵਲਟੋਹਾ ਅਤੇ ਹੋਰ ਅਕਾਲੀ ਆਗੂ ਹਾਜ਼ਰ ਸਨ।

Check Also

ਤੇਲ ਬੀਜ਼ ਫ਼ਸਲਾਂ ਨੂੰ ਉਤਸ਼ਾਹਿਤ ਕਰਨ ਲਈ ਆਇਲ ਐਕਸਟਰੈਕਸ਼ਨ ਯੂਨਿਟਾਂ ‘ਤੇ 33 ਫ਼ੀਸਦੀ ਸਬਸਿਡੀ – ਡਾ. ਦੋਸਾਂਝ

ਅੰਮ੍ਰਿਤਸਰ, 10 ਅਗਸਤ (ਸੁਖਬੀਰ ਸਿੰਘ) – ਮੁੱਖ ਖੇਤੀਬਾੜੀ ਅਫ਼ਸਰ ਅੰਮ੍ਰਿਤਸਰ ਡਾ. ਅਮਰਜੀਤ ਸਿੰਘ ਦੋਸਾਂਝ ਨੇ …

Leave a Reply