Thursday, March 19, 2026

ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਪਹਿਲੇ ਪ੍ਰਕਾਸ਼ ਪੁਰਬ ਸਬੰਧੀ ਦੋ-ਦਿਨਾ ਸਮਾਗਮ 1 ਤੇ 2 ਸਤੰਬਰ ਨੂੰ

Rana-Paramjit-Singhਨਵੀਂ ਦਿੱਲੀ, 29 ਅਗਸਤ (ਪੰਜਾਬ ਪੋਸਟ ਬਿਊਰੋ) – ਦਸਾਂ ਪਾਤਸ਼ਾਹੀਆਂ ਦੀ ਆਤਮਿਕ ਜੋਤਿ ਜੁਗੋ ਜੁਗ ਅਟਲ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸ੍ਰੀ ਹਰਿਮੰਦਿਰ ਸਾਹਿਬ ਵਿਖੇ ਹੋਏ ਪਹਿਲੇ ਪ੍ਰਕਾਸ਼ ਦੀ ਯਾਦ ਵਿੱਚ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਪਹਿਲਾ ਪ੍ਰਕਾਸ਼ ਪੁਰਬ ਮਨਾਉਣ ਲਈ ਦੋ-ਦਿਨਾ (1 ਅਤੇ 2 ਸਤੰਬਰ) ਵਿਸ਼ੇਸ਼ ਗੁਰਮਤਿ ਸਮਾਗਮਾਂ ਦਾ ਆਯੋਜਨ ਕੀਤਾ ਜਾ ਰਿਹਾ ਹੈ।ਇਹ ਜਾਣਕਾਰੀ ਦਿੰਦਿਆਂ ਰਾਣਾ ਪਰਮਜੀਤ ਸਿੰਘ, ਚੇਅਰਮੈਨ ਧਰਮ ਪ੍ਰਚਾਰ ਕਮੇਟੀ (ਦਿ. ਸਿ. ਗੁ. ਪ੍ਰਬੰਧਕ ਕਮੇਟੀ) ਨੇ ਦਸਿਆ ਕਿ ਪਹਿਲਾ ਗੁਰਮਤਿ ਸਮਾਗਮ ਗੁਰਦੁਆਰਾ ਬੰਗਲਾ ਸਾਹਿਬ ਵਿਖੇ ਵੀਰਵਾਰ 1 ਸਤੰਬਰ ਸ਼ਾਮ 6 ਵਜੇ ਅਰੰਭ ਹੋਵੇਗਾ। ਇਸ ਮੌਕੇ ਤੇ ਗੁ. ਸੀਸਗੰਜ ਸਾਹਿਬ ਦੇ ਹਜ਼ੂਰੀ ਰਾਗੀ ਭਾਈ ਰਣਜੀਤ ਸਿੰਘ ਖਾਲਸਾ ਦੇ ਕੀਰਤਨ ਉਪਰੰਤ ਰਹਰਾਸਿ ਸਾਹਿਬ ਦਾ ਪਾਠ ਹੋਵੇਗਾ ਅਤੇ ਪਾਠ ਤੋਂ ਬਾਅਦ ਗੁ. ਸੀਸਗੰਜ ਸਾਹਿਬ ਦੇ ਹਜ਼ੂਰੀ ਰਾਗੀ ਭਾਈ ਹਰਜੀਤ ਸਿੰਘ ਗੁਰਦੀਪ ਸਿੰਘ. ਭਾਈ ਕੁਲਵੰਤ ਸਿੰਘ ਪ੍ਰਭਾਤ ਤੇ ਭਾਈ ਸੁਰਜੀਤ ਸਿੰਘ ਰਸੀਲਾ ਦੇ ਕੀਰਤਨੀ ਜੱਥੇ ਗੁਰਬਾਣੀ ਦੇ ਮਨੋਹਰ ਕੀਰਤਨ ਰਾਹੀਂ ਸੰਗਤਾਂ ਨੂੰ ਨਿਹਾਲ ਕਰਨਗੇ ਤੇ ਭਾਈ ਰਣਜੀਤ ਸਿੰਘ (ਹੈੱਡ ਗ੍ਰੰਥੀ ਗੁ. ਬੰਗਲਾ ਸਾਹਿਬ) ਗੁਰ ਸ਼ਬਦ ਦੀ ਕਥਾ ਰਾਹੀਂ ਸੰਗਤਾਂ ਨੂੰ ਗੁਰੂ ਚਰਨਾਂ ਨਾਲ ਜੋੜਨਗੇ।
ਸ. ਰਾਣਾ ਨੇ ਦਸਿਆ ਕਿ ਇਸਤੋਂ ਅਗਲੇ ਦਿਨ, ਸ਼ੁਕਰਵਾਰ 2 ਸਤੰਬਰ ਨੂੰ ਸਵੇਰੇ ਗੁਰਦੁਆਰਾ ਮੋਤੀ ਬਾਗ ਸਾਹਿਬ ਵਿਖੇ ਵਿਸ਼ੇਸ਼ ਗੁਰਮਤਿ ਸਮਾਗਮ ਹੋਵੇਗਾ। ਜਿਸ ਦੀ ਅਰੰਭਤਾ ਅੰਮ੍ਰਿਤ ਵੇਲੇ ਸੁਖਮਨੀ ਸਾਹਿਬ ਅਤੇ ਨਿਤਨੇਮ ਦੇ ਪਾਠ ਨਾਲ ਹੋਵੇਗੀ। ਉਪਰੰਤ ਭਾਈ ਰਵਿੰਦਰ ਸਿੰਘ (ਦਿੱਲੀ) ਦਾ ਕੀਰਤਨੀ ਜੱਥਾ ਆਸਾ ਦੀ ਵਾਰ ਦਾ ਕੀਰਤਨ ਕਰੇਗਾ ਅਤੇ ਗੁਰਦੁਆਰਾ ਸਾਹਿਬ ਦੇ ਹੈੱਡ ਗ੍ਰੰਥੀ ਭਾਈ ਸੁਖਦਰਸ਼ਨ ਸਿੰਘ ਗੁਰ ਸ਼ਬਦ ਦੀ ਕੱਥਾ ਰਾਹੀਂ ਜੀਵਨ ਵਿੱੱਚ ਬਾਣੀ ਦੀ ਮਹਤੱਤਾ ਬਾਰੇ ਵਿਸਥਾਰ ਨਾਲ ਜਾਣਕਾਰੀ ਦੇਣਗੇ। ਉਪਰੰਤ ਭਾਈ ਦਲੀਪ ਸਿੰਘ ਫੱਕੜ, ਭਾਈ ਤੇਜਿੰਦਰ ਸਿੰਘ (ਖੰਨਾ), ਭਾਈ ਜਸਬੀਰ ਸਿੰਘ (ਪਾਉਂਟਾ ਸਾਹਿਬ), ਭਾਈ ਸਤਿੰਦਰ ਸਿੰਘ (ਜਗਾਧਰੀ) ਅਤੇ ਭਾਈ ਨਰਿੰਦਰ ਸਿੰਘ ਬਨਾਰਸੀ (ਸ੍ਰੀ ਅੰਮ੍ਰਿਤਸਰ) ਦੇ ਜੱਥੇ ਗਰਬਾਣੀ ਦੇ ਰਸਭਿੰਨੇ ਕੀਰਤਨ ਰਾਹੀਂ ਸੰਗਤਾਂ ਨੂੰ ਨਿਹਾਲ ਕਰਨਗੇ ਅਤੇ ਸੇਵਾ ਪੰਥੀ ਬਾਬਾ ਬਚਨ ਸਿੰਘ (ਕਾਰਸੇਵਾ) ਸੰਗਤਾਂ ਨੂੰ ਨਾਮ ਸਿਮਰਨ ਕਰਵਾ ਗੁਰੂ ਚਰਨਾਂ ਨਾਲ ਜੋੜਨਗੇ। ਇਸ ਮੌਕੇ ਹੋ ਰਹੇ ਕਵੀ ਦਰਬਾਰ ਵਿੱਚ ਪੰਜਾਬੀ ਦੇ ਪ੍ਰਮੁੱਖ ਕਵੀ ਆਪਣੀਆਂ ਸਜਰੀਆਂ ਕਾਵਿ ਰਚਨਾਵਾਂ ਰਾਹੀਂ ਅਤੇ ਢਾਡੀ ਜੱਥਾ ਭਾਈ ਹਰਭਜਨ ਸਿੰਘ ਖਾਲਸਾ ਢਾਡੀ ਪ੍ਰਸੰਗ ਰਾਹੀਂ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਸੰਪਾਦਨਾ ਅਤੇ ਪਹਿਲੇ ਪ੍ਰਕਾਸ਼ ਦੀ ਇਤਿਹਾਸਕਤਾ ਤੋਂ ਜਾਣੂ ਕਰਵਾਣਗੇ। ਸ. ਰਾਣਾ ਨੇ ਹੋਰ ਦਸਿਆ ਕਿ ਇਸ ਮੌਕੇ ਪੰਥਕ ਆਗੂ ਵੀ ਗੁਰੂ ਦਰਬਾਰ ਵਿੱਚ ਹਾਜ਼ਰੀਆਂ ਭਰ ਸੰਗਤਾਂ ਦੇ ਦਰਸ਼ਨ ਕਰ ਉਨ੍ਹਾਂ ਨਾਲ ਆਪਣੇ ਵਿਚਾਰ ਸਾਂਝੇ ਕਰਨਗੇ।

Check Also

ਦੁਬਈ ਦੇ ਵੱਡੇ ਦਿਲ ਵਾਲੇ ਸਰਦਾਰ ਨੇ ਜਾਰਜੀਆ ਹਾਦਸੇ `ਚ ਮਰਨ ਵਾਲਿਆਂ ਦੇ ਪਰਿਵਾਰਾਂ ਦੀ ਫ਼ੜੀ ਬਾਂਹ

ਅੰਮ੍ਰਿਤਸਰ, 23 ਦਸੰਬਰ (ਜਗਦੀਪ ਸਿੰਘ) – ਦੁਬਈ ਦੇ ਉੱਘੇ ਕਾਰੋਬਾਰੀ ਤੇ ਸਰਬਤ ਦਾ ਭਲਾ ਚੈਰੀਟੇਬਲ …

Leave a Reply