Friday, March 20, 2026

12 ਸਤੰਬਰ ਨੂੰ ਪੰਜਾਬ ਭਰ ਵਿਚ ਵੰਡੀਆਂ ਜਾਣਗੀਆਂ ਖੇਡ ਕਿੱਟਾਂ ਤੇ ਜਿੰਮ-ਮਜੀਠੀਆ

ਅਮਨਦੀਪ ਕ੍ਰਿਕੇਟ ਅਕੈਡਮੀ ਵੱਲੋਂ ਖੇਡਾਂ ਲਈ ਕੀਤੇ ਜਾ ਰਹੇ ਯਤਨਾਂ ਦੀ ਸ਼ਲਾਘਾ

PPN2908201612

ਅੰਮ੍ਰਿਤਸਰ, 29 ਅਗਸਤ (ਜਗਦੀਪ ਸਿੰਘ ਸੱਗੂ) -ਅਕਾਲੀ-ਭਾਜਪਾ ਸਰਕਾਰ ਨੇ ਰਾਜ ਵਿਚ ਖੇਡ ਢਾਂਚਾ ਵਿਕਸਤ ਕਰਨ ਵਿਚ ਕੋਈ ਕਸਰ ਬਾਕੀ ਨਹੀਂ ਛੱਡੀ ਅਤੇ ਬੀਤੇ ਸਮੇਂ ਦੌਰਾਨ ਕਰੀਬ 200 ਕਰੋੜ ਰੁਪਏ ਦੀ ਲਾਗਤ ਨਾਲ 6 ਹਾਕੀ ਐਸਟੋਟਰਫ ਮੈਦਾਨ, 10 ਬਹੁ ਮੰਤਵੀ ਖੇਡ ਸਟੇਡੀਅਮ ਅਤੇ ਜਲੰਧਰ ਵਿਚ ਅੰਤਰਰਾਸ਼ਟਰੀ ਖੇਡ ਹੋਸਟਲ ਦਾ ਨਿਰਮਾਣ ਕੀਤਾ ਗਿਆ ਹੈ। ਇਸ ਵੇਲੇ ਭਾਰਤ ਵਿਚ ਮੌਜੂਦ ਤਿੰਨ ਵਿਸ਼ਵ ਪੱਧਰੀ ਹਾਕੀ ਐਸਟੋਟਰਫ ਮੈਦਾਨਾਂ ਵਿਚੋਂ 2 ਪੰਜਾਬ ਵਿਚ ਮੌਜੂਦ ਹਨ।ਉਕਤ ਸ਼ਬਦਾਂ ਦਾ ਪ੍ਰਗਟਾਵਾ ਮਾਲ ਤੇ ਲੋਕ ਸੰਪਰਕ ਮੰਤਰੀ ਸ. ਬਿਕਰਮ ਸਿੰਘ ਮਜੀਠੀਆ ਨੇ ਅੰਮ੍ਰਿਤਸਰ ਵਿਖੇ ਅਮਨਦੀਪ ਕ੍ਰਿਕੇਟ ਅਕੈਡਮੀ ਵੱਲੋਂ ਕਰਵਾਈ ਜਾ ਰਹੀ ‘ਆਲ ਇੰਡੀਆ ਅਮਨਦੀਪ ਟੀ- 20 ਕ੍ਰਿਕਟ ਚੈਪੀਂਅਨਸ਼ਿਪ’ ਵਿਚ ਬਤੌਰ ਮੁੱਖ ਮਹਿਮਾਨ ਸ਼ਿਰਕਤ ਕਰਦੇ ਹੋਏ ਖਿਡਾਰੀਆਂ ਨਾਲ ਸਾਂਝਾ ਕੀਤਾ। ਸ. ਮਜੀਠੀਆ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ 12 ਸਤੰਬਰ ਨੂੰ ਪੰਜਾਬ ਦੇ ਸਾਰੇ ਜ਼ਿਲ੍ਹਿਆਂ ਵਿਚ ਸਮਾਗਮ ਕਰਕੇ ਪੰਜਾਬ ਦੇ ਸਾਰੇ ਪਿੰਡਾਂ ਵਿਚ ਖੇਡ ਕਿੱਟਾਂ ਅਤੇ ਮਲਟੀਪਰਪਜ਼ ਜਿੰਮ ਵੰਡਣ ਦੀ ਸ਼ੁਰੂਆਤ ਕੀਤੀ ਜਾਵੇਗੀ ਅਤੇ ਮੁੱਖ ਮੰਤਰੀ ਸ. ਪਰਕਾਸ਼ ਸਿੰਘ ਬਾਦਲ ਨੇ ਇਨ੍ਹਾਂ ਸਮਾਗਮਾਂ ਲਈ ਮੰਤਰੀ ਸਾਹਿਬਾਨ ਦੀਆਂ ਡਿਊਟੀਆਂ ਲਗਾ ਦਿੱਤੀਆਂ ਹਨ। ਉਨ੍ਹਾਂ ਦੱਸਿਆ ਕਿ ਇਸ ਖੇਡ ਕਿੱਟ ਵਿਚ ਕ੍ਰਿਕੇਟ ਕਿੱਟ ਤੋਂ ਇਲਾਵਾ 22 ਹਾਕੀਆਂ, 24 ਹਾਕੀ ਗੇਂਦਾਂ, 4 ਵਾਲੀਬਾਲ, 2 ਵਾਲੀਬਾਲ ਨੈੱਟ, 4 ਫੁੱਟਬਾਲ ਅਤੇ ਹੋਰ ਖੇਡ ਸਮੱਗਰੀ ਸ਼ਾਮਿਲ ਹੈ। ਉਨ੍ਹਾਂ ਦੱਸਿਆ ਕਿ ਇਸ ਤੋਂ ਇਲਾਵਾ ਪਿੰਡਾਂ ਵਿਚ ਪੰਚਾਇਤਾਂ ਨੂੰ ਜਿੰਮ ਉਸਾਰਨ ਲਈ ਕਮਰੇ ਦੀ ਗਰਾਂਟ ਦਿੱਤੀ ਜਾ ਰਹੀ ਹੈ ਅਤੇ ਫਿਰ ਕਮਰੇ ਦੀ ਉਸਾਰੀ ਮਗਰੋਂ ਮਲਟੀਪਰਪਜ਼ ਜਿੰਮ ਦਿੱਤੇ ਜਾ ਰਹੇ ਹਨ। ਦੱਸਣਯੋਗ ਹੈ ਕਿ ਬੀਤੇ ਵਰ੍ਹੇ ਵਿਚ ਵੀ ਪੰਜਾਬ ਸਰਕਾਰ ਨੇ 6940 ਜਿੰਮ ਅਤੇ 25553 ਖੇਡ ਕਿੱਟਾਂ ਵੱਖ-ਵੱਖ ਪਿੰਡਾਂ ਵਿਚ ਤਕਸੀਮ ਕੀਤੀਆਂ ਸਨ।
ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਨੇ ਖੇਡ ਢਾਂਚੇ ਦੀ ਉਸਾਰੀ ਦੇ ਨਾਲ-ਨਾਲ ਖਿਡਾਰੀਆਂ ਨੂੰ ਸਰਕਾਰੀ ਨੌਕਰੀਆਂ ਤੇ ਸਿੱਖਿਆ ਅਦਾਰਿਆਂ ਵਿਚ 3 ਫੀਸਦੀ ਰਾਖਵਾਂਕਰਨ ਦੇ ਕੇ ਖਿਡਾਰੀਆਂ ਨੂੰ ਉਤਸ਼ਾਹਿਤ ਕੀਤਾ ਹੈ ਅਤੇ ਚੰਗਾ ਖੇਡ ਪ੍ਰਦਰਸ਼ਨ ਕਰਨ ਵਾਲੇ ਖਿਡਾਰੀਆਂ ਨੂੰ ਪੁਲਿਸ ਅਤੇ ਹੋਰ ਵਿਭਾਗਾਂ ਵਿਚ ਗਰੁੱਪ ਏ ਦੀਆਂ ਨੌਕਰੀਆਂ ਦਿੱਤੀਆਂ ਹਨ।ਉਨ੍ਹਾਂ ਦੱਸਿਆ ਕਿ ਇਸ ਸਾਲ ਨਵੰਬਰ ਮਹੀਨੇ ਵਿਸ਼ਵ ਕਬੱਡੀ ਕੱਪ ਕਰਵਾਇਆ ਜਾ ਰਿਹਾ ਹੈ, ਜਿਸ ਵਿਚ ਕਰੋੜਾਂ ਰੁਪਏ ਦੇ ਇਨਾਮ ਖਿਡਾਰੀਆਂ ਨੂੰ ਦਿੱਤੇ ਜਾਣਗੇ।
ਅਮਨਦੀਪ ਕ੍ਰਿਕੇਟ ਅਕੈਡਮੀ ਵੱਲੋਂ ਇਲਾਕੇ ਵਿਚ ਖੇਡਾਂ ਦਾ ਮਾਹੌਲ ਸਿਰਜਣ ਲਈ ਕੀਤੇ ਜਾ ਰਹੇ ਯਤਨਾਂ ਦੀ ਸਰਾਹਨਾ ਕਰਦੇ ਸ. ਮਜੀਠੀਆ ਨੇ ਕਿਹਾ ਕਿ ਪੰਜਾਬ ਸਰਕਾਰ ਅਜਿਹੀਆਂ ਸੰਸਥਾਵਾਂ ਦੀ ਹਰ ਤਰਾਂ ਦੀ ਮਦਦ ਕਰੇਗੀ। ਸ. ਮਜੀਠੀਆ ਇਸ ਮੌਕੇ ਕ੍ਰਿਕਟ ਖਿਡਾਰੀਆਂ ਨੂੰ ਮਿਲੇ ਅਤੇ ਉਨਾਂ ਨੂੰ ਅਸ਼ੀਰਵਾਦ ਦਿੱਤਾਟੂਰਨਾਮੈਂਟ ਦੇ ਫਾਈਨਲ ਮੈਚ ਵਿਚ ਫਰੈਂਡਜ਼ ਕ੍ਰਿਕਟ ਕਲੱਬ ਨੇ ਫੂਡ ਕਾਰਪੋਰੇਸ਼ਨ ਆਫ ਇੰਡੀਆ ਦੀ ਟੀਮ ਨੂੰ ਹਰਾ ਕੇ ਇਹ ਵੱਕਾਰੀ ਜਿੱਤ ਪ੍ਰਾਪਤ ਕੀਤੀ। ਜੇਤੂ ਟੀਮਾਂ ਨੂੰ ਤਿੰਨ ਲੱਖ ਰੁਪਏ ਦਾ ਇਨਾਮ ਅਮਨਦੀਪ ਅਕੈਡਮੀ ਵੱਲੋਂ ਦਿੱਤਾ ਗਿਆ। ਇਸ ਮੌਕੇ ਹੋਰਨਾਂ ਤੋਂ ਇਲਾਵਾ ਡਾ. ਅਵਤਾਰ ਸਿੰਘ, ਮਨਪ੍ਰੀਤ ਸੰਧੂ, ਬੀ. ਕੇ ਮਹਿਤਾ, ਉਮੇਸ਼ ਚੰਦਰਾ ਅਤੇ ਹੋਰ ਸ਼ਖਸੀਅਤਾਂ ਹਾਜ਼ਰ ਸਨ।

Check Also

ਅਧਿਆਪਕਾਂ ਦੀ ਇਕ ਰੋਜ਼ਾ ਬਲਾਕ ਪੱਧਰੀ ਜਾਦੂਈ ਪਿਟਾਰਾ ਅਤੇ ਐਚ.ਪੀ.ਸੀ ਵਰਕਸ਼ਾਪ ਆਯੋਜਿਤ

ਅੰਮ੍ਰਿਤਸਰ, 18 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਸਕੂੂਲ ਸਿੱਖਿਆ ਵਿਭਾਗ ਪੰਜਾਬ ਵਲੋਂ ਰਾਜ ਵਿਦਿਅਕ ਖੋਜ਼ …

Leave a Reply