
ਅੰਮ੍ਰਿਤਸਰ, 29 ਅਗਸਤ (ਸੁਖਬੀਰ ਸਿੰਘ ਖੂਰਮਣੀਆ) – ਗੁਰੂ ਨਾਨਕ ਦੇਵ ਯੂਨੀਵਰਸਿਟੀ, ਅੰਮ੍ਰਿਤਸਰ ਦੇ ਯੁਵਕ ਭਲਾਈ ਵਿਭਾਗ ਦੁਆਰਾ ਮਿਤੀ 29-08-2016 ਨੂੰ ਯੂਥ ਫੈਸਟੀਵਲਾਂ ਤੋਂ ਪਹਿਲਾਂ ਡਾਂਸ, ਗਿੱਧਾ, ਭੰਗੜਾ ਦੀ ਵਰਕਸ਼ਾਪ ਆਯੋਜਿਤ ਕੀਤੀ ਗਈ। ਇਹ ਵਰਕਸ਼ਾਪ ਡਾਇਰੈਕਟਰ ਯੂਥ ਵੈਲਫੇਅਰ ਡਾ. ਜਗਜੀਤ ਕੌਰ ਦੀ ਅਗਵਾਈ ਵਿਚ ਕਰਾਈ ਗਈ। ਇਸ ਵਰਕਸ਼ਾਪ ਦਾ ਮੰਤਵ ਡਾਂਸ, ਗਿੱਧੇ ਅਤੇ ਭੰਗੜੇ ਦੇ ਤਕਨੀਕੀ ਨੁਕਤਿਆਂ ਨਾਲ ਵਿਦਿਆਰਥੀਆਂ ਨੂੰ ਜਾਣੂ ਕਰਾਉਣਾ ਹੈ। ਡਾ. ਜਗਜੀਤ ਕੌਰ ਦੀ ਅਗਵਾਈ ਹੇਠ ਇਹ ਉਪਰਾਲਾ ਸਾਲ 2011 ਤੋਂ ਲਗਾਤਾਰ ਕੀਤਾ ਜਾ ਰਿਹਾ ਤਾਂ ਕਿ ਯੂਥ ਫੈਸਟੀਵਲਾਂ ਵਿਚ ਹਿੱਸਾ ਲੈ ਰਹੇ ਵਿਦਿਆਰਥੀਆਂ ਨੂੰ ਅਹਿਮ ਜਾਣਕਾਰੀ ਮਿਲ ਸਕੇ, ਉਹਨਾਂ ਦੇ ਮਨਾਂ ਦੇ ਸ਼ੰਕੇ ਦੂਰ ਹੋ ਸਕਣ, ਉਹ ਆਪਣੀਆਂ ਪੇਸ਼ਕਾਰੀਆਂ ਹੋਰ ਵਧੀਆ ਢੰਗ ਨਾਲ ਦੇ ਸਕਣ ਅਤੇ ਪੁਜ਼ੀਸ਼ਨਾਂ ਹਾਂਸਲ ਕਰ ਸਕਣ।
ਡਾ. ਜਗਜੀਤ ਕੌਰ ਨੇ ਆਏ ਹੋਏ ਖੇਤਰੀ ਮਾਹਿਰਾਂ ਡਾ. ਸ਼ਾਇਨਾ ਪਰਮਾਰ, ਪ੍ਰੋ. ਇਕਬਾਲ ਸਿੰਘ ਗੋਦਾਰਾ, ਸ. ਅਮਰਿੰਦਰ ਸਿੰਘ ਸੰਧੂ ਅਤੇ ਸ. ਜੁਝਾਰ ਸਿੰਘ ਦਾ ਬੁੱਕੇ ਦੇ ਕੇ ਸਵਾਗਤ ਕੀਤਾ। ਵਰਕਸ਼ਾਪ ਵਿਚ ਯੂਨੀਵਰਸਿਟੀ ਕੈਂਪਸ ਅਤੇ ਯੂਨਂੀਵਰਸਿਟੀ ਨਾਲ ਸਬੰਧਿਤ ਵੱਖ-ਵੱਖ ਕਾਲਜਾਂ ਦੇ ਵਿਦਿਆਰਥੀਆਂ, ਅਧਿਆਪਕਾਂ ਅਤੇ ਟੀਮ ਡਾਇਰੈਕਟਰਾਂ ਨੇ ਭਾਗ ਲਿਆ। ਆਏ ਹੋਏ ਖੇਤਰੀ ਮਾਹਿਰਾਂ ਨੇ ਆਪ ਸਟੇਜ ‘ਤੇ ਜਾ ਕੇ ਢੋਲ ਦੀ ਤਾਲ ‘ਤੇ ਲੁੱਡੀ, ਝੂੰਮਰ, ਭੰਗੜਾ, ਧਮਾਲ ਆਦਿ ਪਾ ਕੇ ਨਵੇਂ ਪੁਰਾਣੇ ਐਕਸ਼ਨਾਂ ਤੋਂ ਜਾਣੂ ਕਰਵਾਇਆ ਅਤੇ ਬੋਲੀਆਂ ਦੀ ਅਹਿਮੀਅਤ ਬਾਰੇ ਦੱਸਿਆ। ਇਸ ਤੋਂ ਇਲਾਵਾ ਉਹਨਾਂ ਨੇ ਸਮੁੱਚੇ ਭਾਰਤ ਦੇ ਖੇਤਰੀ ਡਾਂਸਾਂ ਬਾਰੇ ਬਾਰੀਕੀ ਨਾਲ ਨੁਕਤੇ ਸਾਂਝੇ ਕੀਤੇ। ਮੈਡਮ ਡਾ. ਸ਼ਾਇਨਾ ਪਰਮਾਰ ਨੇ ਵਿਦਿਆਰਥਣਾਂ ਨਾਲ ਮਿਲ ਕੇ ਗਿੱਧਾ ਪਾ ਕੇ ਦੱਸਦਿਆਂ ਗਿੱਧੇ ਦੀ ਸਹੀ ਚਾਲ-ਕਦਮੀ ਨੂੂੰ ਸਹੀ ਤਰੀਕੇ ਨਾਲ ਅਪਨਾਉਣ ਲਈ ਸੁਝਾਅ ਦਿੱਤਾ। ਆਪਣੇ ਵਿਰਸੇ ਨੂੰ ਸੰਭਾਲਣ ਦੀ ਹਦਾਇਤ ਕਰਦਿਆਂ ਮੈਡਮ ਡਾ. ਸ਼ਾਇਨਾਂ ਪਰਮਾਰ ਨੇ ਕਿਹਾ ਕਿ ਅੱਜ ਕੱਲ ਦੇ ਲੋਕ ਗਾਇਕਾਂ ਨਾਲ ਨੱਚ ਰਹੇ ਕਲਾਕਾਰਾਂ ਦੇ ਤਰੀਕੇ ਨੂੰ ਅਪਨਾਉਣ ਤੋਂ ਗੁਰੇਜ਼ ਕੀਤਾ ਜਾਵੇ। ਉਹਨਾਂ ਵਿਦਿਆਰਥਣਾਂ ਨੂੰ ਗਿੱਧੇ ਵਿਚ ਰਿਵਾਇਤੀ ਨਾਚ ਨੂੰ ਸਹਿਜਭਾਵ ਨਾਲ ਅਪਨਾਉਣ ਦੀ ਨਸੀਹਤ ਦਿੱਤੀ।
ਵਰਕਸ਼ਾਪ ਦੇ ਅੰਤ ਵਿਚ ਡਾ. ਜਗਜੀਤ ਕੌਰ ਨੇ ਵੱਖ-ਵੱਖ ਕਾਲਜਾਂ ਤੋਂ ਆਏ ਹੋਏ ਅਧਿਆਪਕਾਂ, ਟੀਮ ਡਾਇਰੈਕਟਰਾਂ ਅਤੇ ਵਿਦਿਆਰਥੀਆਂ ਨੂੰ ਸੁੁਝਾਅ ਦਿੰਦੇ ਹੋਏ ਕਿਹਾ ਕਿ ਇਹਨਾਂ ਵਰਕਸ਼ਾਪਾਂ ਵਿਚ ਦੱਸੇ ਗਏ ਤਕਨੀਕੀ ਨੁਕਤਿਆਂ ਨੂੰ ਮੁੱਖ ਰੱਖ ਕੇ ਟੀਮਾਂ ਦੀ ਤਿਆਰੀ ਕੀਤੀ ਜਾਵੇ ਤਾਂ ਜੋ ਉਹ ਯੂਥ ਫੈਸਟੀਵਲਾਂ ਵਿਚ ਪੁਜ਼ੀਸ਼ਨਾਂ ਹਾਂਸਲ ਕਰਕੇ ਅੰਤਰ-ਯੂਨੀਵਰਸਿਟੀ ਯੂਥ ਫੈਸਟੀਵਲਾਂ ਵਿਚ ਭਾਗ ਲੈ ਕੇ ਯੂਨੀਵਰਸਿਟੀ ਦਾ ਨਾਮ ਹੋਰ ਉਚਾਈਆਂ ਤੱਕ ਲੈ ਜਾ ਸਕਣ। ਡਾ. ਜਗਜੀਤ ਕੌਰ ਨੇ ਆਏ ਹੋਏ ਖੇਤਰੀ ਮਾਹਿਰਾਂ ਦਾ ਧੰਨਵਾਦ ਕਰਦੇ ਹੋਏ ਕਿਹਾ ਕਿ ਉਹਨਾਂ ਦਆਰਾ ਦੱਸੇ ਤਕਨੀਕੀ ਨੁਕਤਿਆਂ ਦਾ ਵਿਦਿਆਰਥੀ ਕਲਾਕਾਰ ਜ਼ਰੂਰ ਲਾਭ ਉਠਾਣਗੇ। ਉਹਨਾਂ ਨੇ ਆਏ ਹੋਏ ਵਿਦਿਆਰਥੀਆਂ, ਅਧਿਆਪਕਾਂ ਅਤੇ ਟੀਮ ਡਾਇਰੈਕਟਰਾਂ ਦਾ ਧੰਨਵਾਦ ਕਰਦੇ ਹੋਏ ਯੂਥ ਫੈਸਟੀਵਲਾਂ ਵਿਚ ਭਾਗ ਲੈ ਰਹੇ ਕਾਲਜਾਂ ਦੇ ਵਿਦਿਆਰਥੀਆਂ ਨੂੰ ਸ਼ੁਭ ਕਾਮਨਾਵਾਂ ਦਿੱਤੀਆਂ।
Check Also
ਖਾਲਸਾ ਕਾਲਜ ਗਵਰਨਿੰਗ ਕੌਂਸਲ ਨੇ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਦਾ ਪ੍ਰਕਾਸ਼ ਪੁਰਬ ਮਨਾਇਆ
ਅੰਮ੍ਰਿਤਸਰ, 9 ਅਗਸਤ (ਸੁਖਬੀਰ ਸਿੰਘ ਖੁਰਮਣੀਆਂ)¸- ਖਾਲਸਾ ਕਾਲਜ ਗਵਰਨਿੰਗ ਕੌਂਸਲ ਵੱਲੋਂ ਅੱਜ ਅੱਠਵੀਂ ਪਾਤਸ਼ਾਹੀ ਸਾਹਿਬ …
Punjab Post Daily Online Newspaper & Print Media